ਮਾਨ ਨੇ ਤੀਰਥ ਯਾਤਰਾ ਦਾ ਸੁਫਨਾ ਪੂਰਾ ਕੀਤਾ

0
245

ਧੂਰੀ (ਰਾਜੇਸ਼ਵਰ ਪਿੰਟੂ, ਬਿੰਨੀ ਗਰਗ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿੱਚ ਦੇਸ਼ ਭਰ ਦੇ ਪਵਿੱਤਰ ਸਥਾਨਾਂ ਉਤੇ ਲੋਕਾਂ ਨੂੰ ਲੈ ਕੇ ਜਾਣ ਲਈ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਦੀ ਸ਼ੁਰੂਆਤ ਕੀਤੀ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਦੀ ਸ਼ੁਰੂਆਤ ਮਗਰੋਂ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਕੀਮ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਫਲਸਫ਼ੇ ਮੁਤਾਬਕ ਹੈ, ਜਿਨ੍ਹਾਂ ਲੋਕਾਈ ਨੂੰ ਭਾਈਚਾਰੇ ਤੇ ਅਮਨ ਦਾ ਸੰਦੇਸ਼ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਅੰਮਿ੍ਰਤਸਰ ਤੋਂ 300 ਸ਼ਰਧਾਲੂ, ਜਲੰਧਰ ਤੋਂ 220 ਅਤੇ ਧੂਰੀ ਤੋਂ 500 ਤੋਂ ਵੱਧ ਸ਼ਰਧਾਲੂ ਇਸ ਰੇਲ ਗੱਡੀ ਰਾਹੀਂ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਹਨ। ਉਨ੍ਹਾ ਕਿਹਾ ਕਿ ਅਗਾਮੀ ਤਿੰਨ ਮਹੀਨਿਆਂ ਵਿੱਚ 50 ਹਜ਼ਾਰ ਤੋਂ ਵੱਧ ਸ਼ਰਧਾਲੂ ਇਹ ਸਹੂਲਤ ਹਾਸਲ ਕਰਨਗੇ। ਇਨ੍ਹਾਂ ਵਿੱਚੋਂ 13 ਹਜ਼ਾਰ ਸ਼ਰਧਾਲੂ ਰੇਲ ਗੱਡੀਆਂ ਰਾਹੀਂ ਜਾਣਗੇ ਅਤੇ ਹਰੇਕ ਅੱਠ ਦਿਨਾਂ ਬਾਅਦ ਚੱਲਣ ਵਾਲੀਆਂ ਇਨ੍ਹਾਂ 13 ਰੇਲ ਗੱਡੀਆਂ ਵਿੱਚੋਂ ਹਰੇਕ ਗੱਡੀ ਵਿੱਚ ਇਕ ਹਜ਼ਾਰ ਯਾਤਰੀ ਜਾਣਗੇ। ਉਹਨਾ ਕਿਹਾ ਕਿ ਬਾਕੀ ਸ਼ਰਧਾਲੂ ਬੱਸਾਂ ਰਾਹੀਂ ਸਫ਼ਰ ਕਰਨਗੇ ਅਤੇ ਰੋਜ਼ਾਨਾ ਦਸ ਬੱਸਾਂ ਚੱਲਣਗੀਆਂ, ਜਿਨ੍ਹਾਂ ਵਿੱਚੋਂ ਹਰੇਕ ਬੱਸ ਵਿੱਚ 43 ਯਾਤਰੀ ਸਵਾਰ ਹੋਣਗੇ। ਕਿਸੇ ਐਮਰਜੈਂਸੀ ਨਾਲ ਨਜਿੱਠਣ ਲਈ ਇਨ੍ਹਾਂ ਯਾਤਰੀਆਂ ਨਾਲ ਡਾਕਟਰਾਂ, ਵਲੰਟੀਅਰਾਂ ਤੇ ਅਧਿਕਾਰੀਆਂ ਦੀ ਇਕ ਟੀਮ ਵੀ ਸਫ਼ਰ ਕਰੇਗੀ। ਮਾਨ ਨੇ ਕਿਹਾ ਕਿ ਇਨ੍ਹਾਂ ਰੇਲ ਗੱਡੀਆਂ ਰਾਹੀਂ ਸ਼ਰਧਾਲੂ ਹਜ਼ੂਰ ਸਾਹਿਬ, ਪਟਨਾ ਸਾਹਿਬ, ਵਾਰਾਨਸੀ, ਮਥੁਰਾ, ਅਜਮੇਰ ਸ਼ਰੀਫ਼ ਤੇ ਹੋਰ ਸਥਾਨਾਂ ਦੇ ਦਰਸ਼ਨ ਕਰਨਗੇ।
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਬੱਸਾਂ ਰਾਹੀਂ ਸ਼ਰਧਾਲੂ ਅੰਮਿ੍ਰਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਤੇ ਸ੍ਰੀ ਦਮਦਮਾ ਸਾਹਿਬ, ਸ੍ਰੀ ਵੈਸ਼ਨੋ ਦੇਵੀ, ਮਾਤਾ ਚਿੰਤਪੁਰਨੀ, ਮਾਤਾ ਨੈਣਾ ਦੇਵੀ, ਮਾਤਾ ਜਵਾਲਾ, ਸਾਲਾਸਰ ਧਾਮ, ਖਾਟੂ ਸ਼ਿਆਮ ਅਤੇ ਹੋਰ ਸਥਾਨਾਂ ਦੇ ਦਰਸ਼ਨ ਕਰਨਗੇ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਇਸ ਯੋਜਨਾ ਨਾਲ ਜੁੜੇ 80 ਫੀਸਦੀ ਸ਼ਰਧਾਲੂ ਔਰਤਾਂ ਅਤੇ ਬਜ਼ੁਰਗ ਨਾਗਰਿਕ ਹਨ। ਉਨ੍ਹਾ ਉਮੀਦ ਜਤਾਈ ਕਿ ਇਹ ਸਕੀਮ ਪੰਜਾਬ ਦੇ ਬਜ਼ੁਰਗ ਨਾਗਰਿਕਾਂ ਤੇ ਔਰਤਾਂ ਨੂੰ ਤੀਰਥ ਸਥਾਨਾਂ ਦੇ ਦਰਸ਼ਨਾਂ ਦੀ ਸਹੂਲਤ ਪ੍ਰਦਾਨ ਕਰਨ ਵਿੱਚ ਅਹਿਮ ਸਾਬਤ ਹੋਵੇਗੀ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਮਾਜਰਾ, ਰਾਜ ਸਭਾ ਮੈਂਬਰ ਰਾਘਵ ਚੱਢਾ, ਸੰਦੀਪ ਪਾਠਕ, ਸਿਹਤ ਮੰਤਰੀ ਬਲਬੀਰ ਸਿੰਘ ਤੋਂ ਇਲਾਵਾ ਵੱਖ-ਵੱਖ ਵਜ਼ੀਰ, ਵਿਧਾਇਕ, ਚੇਅਰਮੈਨ ਅਤੇ ਪਾਰਟੀ ਵਰਕਰਾਂ ਤੋਂ ਇਲਾਵਾ ਧੂਰੀ ਆਪ ਆਗੂਆਂ ਵਿੱਚ ਓ ਐੱਸ ਡੀ ਉਂਕਾਰ ਸਿੰਘ ਸਿੱਧੂ, ਅੰਮਿ੍ਰਤ ਬਰਾੜ, ਮਾਰਕਿਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਸਤਿੰਦਰ ਸਿੰਘ ਚੱਠਾ, ਡਾ. ਅਨਵਰ ਭਸੌੜ, ਜੱਸੀ ਸੇਖੋਂ, ਅਮਰਦੀਪ ਸਿੰਘ ਧਾਂਦਰਾ, ਬਲਾਕ ਪ੍ਰਧਾਨ ਐਡਵੋਕੇਟ ਹੈਪੀ ਗਰਗ ਆਦਿ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here