11.3 C
Jalandhar
Sunday, December 22, 2024
spot_img

ਮਜੀਠੀਆ ਖਾਨਦਾਨ ਨੇ ਸਿੱਖਾਂ ਨੂੰ ਕਲੰਕ ਲੁਆਇਆ : ਮਾਨ

ਚੰਡੀਗੜ੍ਹ (ਗੁਰਜੀਤ ਬਿੱਲਾ)-ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਪੁਰਖਿਆਂ ਦੇ ਪੰਜਾਬ ਅਤੇ ਸਿੱਖ ਵਿਰੋਧੀ ਕਿਰਦਾਰ ਦਾ ਖ਼ੁਲਾਸਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਕਿਹਾ ਕਿ ਬਿਕਰਮ ਮਜੀਠੀਆ ਦੇ ਪੁਰਖਿਆਂ ਦੀ ਲਾਲਸਾ ਅਤੇ ਨਿੱਜਵਾਦ ਨੇ ਸਿੱਖਾਂ ਦੇ ਮੱਥੇ ਉਤੇ ਘੋੜਾ ਚੋਰ ਦਾ ਕਲੰਕ ਲਾਇਆ ਹੈ, ਜਿਸ ਕਰਕੇ ਇਹ ਮੁਆਫੀ ਦੇ ਵੀ ਲਾਇਕ ਨਹੀਂ ਹਨ |
ਇੱਥੇ ਮਿਊਾਸਿਪਲ ਭਵਨ ਵਿਖੇ ਨਿਯੁਕਤੀ ਪੱਤਰ ਵੰਡ ਸਮਾਰੋਹ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ 1957 ਵਿੱਚ ਭਾਰਤ ਵਿੱਚ ਚੋਣਾਂ ਹੋਈਆਂ ਤਾਂ ਉਸ ਮੌਕੇ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਬਣੇ | ਉਨ੍ਹਾ ਦੀ ਅਗਵਾਈ ਵਿੱਚ ਇਕ ਵਫਦ ਅਰਬ ਮੁਲਕਾਂ ਦੇ ਦੌਰੇ ਉਤੇ ਗਿਆ ਸੀ | ਇਸ ਵਫਦ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਪੁਰਖਿਆਂ ਵਿੱਚੋਂ ਤਤਕਾਲੀ ਉਪ ਰੱਖਿਆ ਮੰਤਰੀ ਸੁਰਜੀਤ ਸਿੰਘ ਮਜੀਠੀਆ ਵੀ ਸ਼ਾਮਲ ਸਨ | ਉਨ੍ਹਾ ਕਿਹਾ ਕਿ ਅਰਬ ਮੁਲਕ ਦੇ ਇਕ ਰਾਜੇ ਨੇ ਭਾਰਤੀ ਫੌਜ ਲਈ ਯਾਦ ਵਜੋਂ ਅਰਬੀ ਨਸਲ ਦੇ ਸ਼ਾਨਦਾਰ ਘੋੜੇ ਤੋਹਫ਼ੇ ਵਿੱਚ ਦਿੱਤੇ ਸਨ | ਇਹ ਘੋੜੇ ਸਿਖਲਾਈ ਲਈ ਫੌਜ ਦੇ ਸਿਖਲਾਈ ਕੇਂਦਰ ਮੇਰਠ ਭੇਜੇ ਜਾਣੇ ਸਨ, ਜਿੱਥੇ ਫੌਜ ਵਿੱਚ ਸ਼ਾਮਲ ਜਾਨਵਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ | ਦੋ ਮਹੀਨੇ ਬਾਅਦ ਅਰਬੀ ਰਾਜੇ ਨੇ ਘੋੜਿਆਂ ਦੀ ਹਾਲਤ ਬਾਰੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਉਹ ਘੋੜੇ ਮੇਰਠ ਵਿੱਚ ਪੁੱਜੇ ਹੀ ਨਹੀਂ | ਇਸ ਤੋਂ ਬਾਅਦ ਰਾਜੇ ਨੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਕੋਲ ਨਾਰਾਜ਼ਗੀ ਜ਼ਾਹਰ ਕੀਤੀ |
ਮੁੱਖ ਮੰਤਰੀ ਨੇ ਦੱਸਿਆ ਕਿ ਇਸ ਮੰਦਭਾਗੀ ਘਟਨਾ ਨੂੰ ਲੈ ਕੇ ਨਹਿਰੂ ਨੇ ਤੁਰੰਤ ਸੁਰਜੀਤ ਸਿੰਘ ਮਜੀਠੀਆ ਦਾ ਅਸਤੀਫ਼ਾ ਲੈ ਲਿਆ ਸੀ | ਮੁੱਖ ਮੰਤਰੀ ਨੇ ਕਿਹਾ—ਇਸ ਘਟਨਾ ਨੇ ਸਿੱਖਾਂ ਦੇ ਸੱਚੇ-ਸੁੱਚੇ ਕਿਰਦਾਰ ਉਤੇ ਸਵਾਲ ਖੜ੍ਹੇ ਕੀਤੇ | ਇਹ ਬਹੁਤ ਦੁੱਖ ਦੀ ਗੱਲ ਹੈ ਕਿ ਅੱਜ ਵੀ ਜਦੋਂ ਕੋਈ ਦਸਤਾਰਧਾਰੀ ਸਿੱਖ ਮੇਰਠ ਦੇ ਸਿਖਲਾਈ ਕੇਂਦਰ ਵਿੱਚ ਜਾਂਦਾ ਹੈ ਤਾਂ ਉਸ ਨੂੰ ਘੋੜਾ ਚੋਰ ਦੇ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ | ਮਾਨ ਨੇ ਕਿਹਾ ਕਿ ਬਰਤਾਨਵੀ ਹਕੂਮਤ ਦਾ ਪਾਣੀ ਭਰਨ ਵਾਲੇ ਮਜੀਠੀਆ ਖ਼ਾਨਦਾਨ ਨੂੰ ਅੰਗਰੇਜ਼ਾਂ ਨੇ ਸਰ ਦੀ ਉਪਾਧੀ ਨਾਲ ਨਿਵਾਜਿਆ ਸੀ ਅਤੇ ਇਹ ਉਪਾਧੀ ਅੰਗਰੇਜ਼ ਆਪਣੇ ਪਿੱਠੂਆਂ ਨੂੰ ਦਿੰਦੇ ਸਨ | ਮਜੀਠੀਆ ਖ਼ਾਨਦਾਨ ਨੇ 13 ਅਪ੍ਰੈਲ 1919 ਨੂੰ ਵਾਪਰੇ ਜਲਿ੍ਹਆਂ ਵਾਲਾ ਬਾਗ ਦੇ ਕਤਲੇਆਮ ਵਾਲੇ ਦਿਨ ਤੋਂ ਅਗਲੇ ਦਿਨ ਇਸ ਕਤਲੇਆਮ ਦੇ ਦੋਸ਼ੀ ਜਨਰਲ ਡਾਇਰ ਨੂੰ ਖਾਣਾ ਪਰੋਸਿਆ, ਜਿਸ ਤੋਂ ਇਨ੍ਹਾਂ ਦੀ ਘਟੀਆ ਜ਼ਹਿਨੀਅਤ ਦਾ ਪਤਾ ਲਗਦਾ ਹੈ | ਇੱਥੇ ਹੀ ਬੱਸ ਨਹੀਂ, ਜਨਰਲ ਡਾਇਰ ਨੂੰ ਸਿਰੋਪਾਓ ਵੀ ਦਿਵਾਇਆ ਗਿਆ ਅਤੇ ਮੁਆਫ਼ੀ ਵੀ ਦਿਵਾਈ | ਉਨ੍ਹਾ ਕਿਹਾ ਕਿ ਇਹ ਹੋਰ ਵੀ ਹੈਰਾਨੀ ਦੀ ਗੱਲ ਹੈ ਕਿ ਸਿਰੋਪਾਓ ਦੇਣ ਵਾਲੇ ਜਥੇਦਾਰ ਅਰੂੜ ਸਿੰਘ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਨਾਨਾ ਸਨ | ਮਾਨ ਨੇ ਕਿਹਾ—ਇਤਿਹਾਸ ਕਦੇ ਮਿਟਾਇਆ ਨਹੀਂ ਜਾ ਸਕਦਾ, ਮਜੀਠੀਆ ਦੇ ਪੁਰਖਿਆਂ ਦੇ ਕਿਰਦਾਰ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹਨ | ਸ਼੍ਰੋਮਣੀ ਅਕਾਲੀ ਦਲ ਦੀ ਤਰਸਯੋਗ ਸਥਿਤੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਪਾਰਟੀ ਦਾ ਬੇੜਾ ਹੁਣ ਡੁੱਬ ਚੁੱਕਾ ਹੈ ਅਤੇ ਹਾਲਤ ਇਹ ਬਣੀ ਹੋਈ ਹੈ ਕਿ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਹਰਸਿਮਰਤ ਬਾਦਲ ਦੀ ਸੁਰ ਵੀ ਆਪਸ ਵਿੱਚ ਨਹੀਂ ਮਿਲਦੀ | ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰੰਜਾਬ ਵਿੱਚ ਸਰਕਾਰੀ ਨੌਕਰੀਆਂ ਦੇਣ ਦੇ ਸਿਲਸਿਲੇ ਨੂੰ ਜਾਰੀ ਰੱਖਦਿਆਂ ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿੱਚ ਹੁਣ ਤੱਕ 37934 ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾ ਦਿੱਤੀਆਂ ਹਨ | ਵੱਖ-ਵੱਖ ਵਿਭਾਗਾਂ ਦੇ 251 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਰੀਆਂ 37934 ਨਿਯੁਕਤੀਆਂ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ਉਤੇ ਹੋਈਆਂ ਹਨ | ਪਾਰਦਰਸ਼ੀ ਪ੍ਰਕਿਰਿਆ ਅਪਨਾਉਣ ਤੋਂ ਬਾਅਦ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਨੌਜਵਾਨਾਂ ਨੇ ਬੇਹੱਦ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਪਾਸ ਕਰਨ ਮਗਰੋਂ ਇਹ ਨੌਕਰੀਆਂ ਹਾਸਲ ਕੀਤੀਆਂ ਹਨ | ਲੜਕੀਆਂ ਨੂੰ ਨੌਕਰੀਆਂ ਦੇ ਵਧੇਰੇ ਮੌਕੇ ਮਿਲਣ ਉਤੇ ਖੁਸ਼ੀ ਸਾਂਝੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਲੜਕੀਆਂ ਪ੍ਰਤੀ ਆਪਣੀ ਧਾਰਨਾ ਬਦਲ ਲੈਣੀ ਚਾਹੀਦੀ ਹੈ, ਕਿਉਂਕਿ ਲੜਕੀਆਂ ਹਰੇਕ ਖੇਤਰ ਵਿੱਚ ਬਾਜ਼ੀ ਮਾਰ ਰਹੀਆਂ ਹਨ | ਉਨ੍ਹਾ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਵਿੱਚ ਹੁਣ ਰਿਵਰਸ ਮਾਈਗ੍ਰੇਸ਼ਨ (ਵਤਨ ਵਾਪਸੀ) ਦਾ ਰੁਝਾਨ ਸ਼ੁਰੂ ਹੋਣ ਲੱਗਾ ਹੈ ਅਤੇ ਕਈ ਨੌਜਵਾਨਾਂ ਨੇ ਵਿਦੇਸ਼ ਛੱਡ ਕੇ ਪੰਜਾਬ ਵਿੱਚ ਸਰਕਾਰੀ ਨੌਕਰੀਆਂ ਹਾਸਲ ਕੀਤੀਆਂ ਹਨ |
ਪੰਜਾਬ ਦੇ ਖਜ਼ਾਨੇ ਨੂੰ ਖਾਲੀ ਕਹਿ ਕੇ ਲੋਕਾਂ ਦੇ ਅੱਖੀਂ-ਘੱਟਾ ਪਾਉਣ ਵਾਲੇ ਸਿਆਸੀ ਆਗੂਆਂ ਉਤੇ ਤਿੱਖਾ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ, ਸਗੋਂ ਲੀਡਰਾਂ ਦੀ ਨੀਅਤ ਖੋਟੀ ਹੁੰਦੀ ਹੈ | ਇਹ ਲੀਡਰ ਲੋਕਾਂ ਦਾ ਪੈਸਾ ਆਪਣੇ ਚਾਚੇ-ਭਤੀਜੇ, ਸਾਲੇ-ਜੀਜੇ ਨੂੰ ਦੋਵੇਂ ਹੱਥੀਂ ਲੁਟਾਉਂਦੇ ਸਨ |
ਮੁੱਖ ਮੰਤਰੀ ਨੂੰ ਲੋਕ ਸੇਵਾ ਨੂੰ ਪ੍ਰਣਾਇਆ ਰਹਿਣ ਵਾਲਾ ਅਹੁਦਾ ਦੱਸਦਿਆਂ ਮਾਨ ਨੇ ਕਿਹਾ ਕਿ ਇਹ ਕੁਰਸੀ ਆਰਾਮਪ੍ਰਸਤੀ ਲਈ ਨਹੀਂ ਹੁੰਦੀ, ਸਗੋਂ 24 ਘੰਟੇ ਲੋਕ ਸੇਵਾ ਨੂੰ ਸਮਰਪਿਤ ਹੁੰਦੀ ਹੈ | ਉਹ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਤੋਂ ਚੰਗੀ ਤਰ੍ਹਾਂ ਜਾਣੂੰ ਹਨ, ਜਿਸ ਕਰਕੇ ਉਹ ਪੰਜਾਬ ਦੇ ਹਿੱਤ ਵਿੱਚ ਤੁਰੰਤ ਫੈਸਲਾ ਲੈਂਦੇ ਹਨ | ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਵੀ ਨਸੀਹਤ ਦਿੱਤੀ ਕਿ ਜ਼ਮੀਨੀ ਸਥਿਤੀ ਨੂੰ ਸਮਝਣ ਤੋਂ ਬਿਨਾਂ ਚੰਡੀਗੜ੍ਹ ਬੈਠ ਕੇ ਫੈਸਲੇ ਨਾ ਕੀਤੇ ਜਾਣ, ਕਿਉਂਕਿ ਹਰੇਕ ਇਲਾਕੇ ਦੇ ਹਾਲਾਤ ਵੱਖ-ਵੱਖ ਹੁੰਦੇ ਹਨ |

Related Articles

LEAVE A REPLY

Please enter your comment!
Please enter your name here

Latest Articles