ਦੁਬਈ : ਈਰਾਨ ਨੇ ਐਤਵਾਰ ਸਵੇਰੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਦੇਸ਼ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖ਼ਾਮਨੇਈ ਇਜ਼ਰਾਈਲ ਅਤੇ ਅਮਰੀਕਾ ਦੁਆਰਾ ਕੀਤੇ ਗਏ ਇੱਕ ਵੱਡੇ ਹਵਾਈ ਹਮਲੇ ਵਿੱਚ ਮਾਰੇ ਗਏ ਹਨ। 86 ਸਾਲਾ ਖ਼ਾਮਨੇਈ ’ਤੇ ਇਹ ਹਮਲਾ ਤਹਿਰਾਨ ਸਥਿਤ ਉਨ੍ਹਾ ਦੇ ਦਫ਼ਤਰ ਅਤੇ ਰਿਹਾਇਸ਼ੀ ਕੰਪਲੈਕਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ, ਜਿਸ ਦੀਆਂ ਤਸਵੀਰਾਂ ਸੈਟੇਲਾਈਟ ਰਾਹੀਂ ਵੀ ਸਾਹਮਣੇ ਆਈਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਕਾਰਵਾਈ ਨੂੰ ਈਰਾਨੀ ਲੋਕਾਂ ਲਈ ਆਪਣਾ ਦੇਸ਼ ਵਾਪਸ ਲੈਣ ਦਾ ‘ਸਭ ਤੋਂ ਵੱਡਾ ਮੌਕਾ’ ਦੱਸਿਆ ਹੈ। ਇਸ ਹਮਲੇ ਵਿੱਚ ਈਰਾਨੀ ਰੈਵੋਲਿਊਸ਼ਨਰੀ ਗਾਰਡ ਦੇ ਕਮਾਂਡਰ ਅਤੇ ਰੱਖਿਆ ਮੰਤਰੀ ਸਮੇਤ ਕਈ ਉੱਚ ਅਧਿਕਾਰੀ ਵੀ ਮਾਰੇ ਗਏ, ਜਿਸ ਕਾਰਨ ਈਰਾਨੀ ਹਕੂਮਤ ਵਿੱਚ ਇੱਕ ਵੱਡਾ ਲੀਡਰਸ਼ਿਪ ਸੰਕਟ ਪੈਦਾ ਹੋ ਗਿਆ ਹੈ। ਹਮਲੇ ਵਿੱਚ ਖ਼ਾਮਨੇਈ ਦੇ ਧੀ-ਜਵਾਈ , ਨੂੰਹ ਤੇ ਪੋਤੀ ਦੀ ਵੀ ਮੌਤ ਹੋ ਗਈ। ਦੂਜੇ ਪਾਸੇ ਈਰਾਨ ਨੇ ਇਸ ‘ਵੱਡੇ ਅਪਰਾਧ’ ਦਾ ਬਦਲਾ ਲੈਣ ਦੀ ਸਹੁੰ ਖਾਧੀ ਹੈ ਅਤੇ ਜਵਾਬੀ ਕਾਰਵਾਈ ਕਰਦਿਆਂ ਇਜ਼ਰਾਈਲ ਅਤੇ ਖੇਤਰ ਵਿੱਚ ਸਥਿਤ ਅਮਰੀਕੀ ਫੌਜੀ ਅੱਡਿਆਂ ’ਤੇ ਸੈਂਕੜੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ ਹੈ।
ਤਹਿਰਾਨ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਜਿੱਥੇ ਕੁਝ ਲੋਕਾਂ ਨੇ ਇਸ ਖ਼ਬਰ ’ਤੇ ਜਸ਼ਨ ਮਨਾਇਆ, ਉੱਥੇ ਹਵਾਈ ਹਮਲਿਆਂ ਕਾਰਨ ਭਾਰੀ ਜਾਨੀ ਨੁਕਸਾਨ ਵੀ ਹੋਇਆ, ਜਿਸ ਵਿੱਚ ਦੱਖਣੀ ਈਰਾਨ ਦੇ ਇੱਕ ਸਕੂਲ ’ਤੇ ਹੋਈ ਬੰਬਾਰੀ ਵੀ ਸ਼ਾਮਲ ਹੈ। ਅਮਰੀਕਾ ਨੇ ਸਪੱਸ਼ਟ ਕੀਤਾ ਹੈ ਕਿ ਇਹ ਹਮਲੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਨਸ਼ਟ ਕਰਨ ਲਈ ਜ਼ਰੂਰੀ ਸਨ। ਫਿਲਹਾਲ ਪੂਰੇ ਖੇਤਰ ਵਿੱਚ ਤਣਾਅ ਹੈ ਅਤੇ ਇੱਕ ਵੱਡੀ ਖੇਤਰੀ ਜੰਗ ਛਿੜਨ ਦਾ ਖ਼ਤਰਾ ਬਣਿਆ ਹੋਇਆ ਹੈ।
ਇਸੇ ਦੌਰਾਨ 66 ਸਾਲਾ ਧਾਰਮਿਕ ਆਗੂ ਆਇਤੁੱਲਾ ਅਲੀਰੇਜ਼ਾ ਅਰਾਫੀ ਨੂੰ ਈਰਾਨ ਦੀ 3 ਮੈਂਬਰੀ ਕੌਂਸਲ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਕੌਂਸਲ ਦੇਸ਼ ਦੀ ਅਗਵਾਈ ਕਰੇਗੀ। ਇਹ 3 ਮੈਂਬਰੀ ਲੀਡਰਸ਼ਿਪ ਕੌਂਸਲ ਸੁਪਰੀਮ ਨੇਤਾ ਦੀ ਚੋਣ ਤੱਕ ਉਸ ਦੀਆਂ ਜ਼ਿੰਮੇਵਾਰੀਆਂ ਨਿਭਾਵੇਗੀ। ਇਸ ਆਰਜ਼ੀ ਕੌਂਸਲ ਦੇ ਬਾਕੀ ਦੋ ਮੈਂਬਰਾਂ ਵਿੱਚ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਆਨ ਤੇ ਚੀਫ ਜਸਟਿਸ ਗੁਲਾਮ ਹੁਸੈਨ ਮੋਹਸੇਨੀ ਈਜੇਈ ਸ਼ਾਮਲ ਹਨ।





