ਕੈਨੇਡਾ ਵਿੱਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਹੁਣ ਅਮਰੀਕਾ ਨੇ ਦੋਸ਼ ਲਾਇਆ ਹੈ ਕਿ ਭਾਰਤ ਸਰਕਾਰ ਦਾ ਇੱਕ ਅਧਿਕਾਰੀ ਅਮਰੀਕੀ ਨਾਗਰਿਕ ਖਾਲਿਸਤਾਨੀ ਗੁਰਪਤਵੰਤ ਸਿੰਘ ਪਨੂੰ ਨੂੰ ਮਾਰਨ ਦੀ ਸਾਜ਼ਿਸ਼ ਰਚ ਰਿਹਾ ਸੀ |
‘ਟੈਲੀਗਰਾਫ’ ਨੇ ਪਹਿਲੇ ਪੰਨੇ ‘ਤੇ ਇਸ ਸਾਜ਼ਿਸ਼ ਬਾਰੇ ਜੋ ਕਹਾਣੀ ਪੇਸ਼ ਕੀਤੀ ਹੈ, ਉਹ ਰੌਂਗਟੇ ਖੜ੍ਹੇ ਕਰਨ ਵਾਲੀ ਹੈ | ਇਸ ਵਿੱਚ ਦੱਸਿਆ ਗਿਆ ਹੈ ਕਿ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੇ ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪਨੂੰ ਨੂੰ ਮਾਰਨ ਦੀ ਸਾਜ਼ਿਸ਼ ਘੜਨ ਵਾਲਾ ਇੱਕੋ ਹੀ ਵਿਅਕਤੀ ਸੀ | ਇਹ ਵਿਅਕਤੀ ਦਿੱਲੀ ਵਿੱਚ ਰਹਿੰਦਾ ਹੈ ਤੇ ਭਾਰਤ ਸਰਕਾਰ ਦਾ ਇੱਕ ਉੱਚ ਅਧਿਕਾਰੀ ਹੈ | ਇਹ ਪਹਿਲਾਂ ਕੇਂਦਰੀ ਰਿਜ਼ਰਵ ਪੁਲਸ/ਫੋਰਸ ਵਿੱਚ ਤਾਇਨਾਤ ਸੀ | ਇਸ ਦੌਰਾਨ ਉਸ ਨੂੰ ਯੁੱਧ ਕਲਾ ਤੇ ਹਥਿਆਰਾਂ ਦੀ ਟਰੇਨਿੰਗ ਦੇ ਕੇ ਖੁਫ਼ੀਆ ਵਿਭਾਗ ਵਿੱਚ ਨਿਯੁਕਤ ਕੀਤਾ ਗਿਆ ਸੀ |
ਅਮਰੀਕਾ ਦੇ ਨਿਆਂ ਵਿਭਾਗ ਵੱਲੋਂ ਮੈਨਹਟਨ ਦੀ ਅਦਾਲਤ ਵਿੱਚ ਕੇਸ ਦਰਜ ਕਰਾ ਦਿੱਤਾ ਗਿਆ ਹੈ | ਇਸ ਸੰਬੰਧੀ ਦੋਸ਼ ਪੱਤਰ ਵਿੱਚ ਕਿਹਾ ਗਿਆ ਹੈ ਕਿ ਸੀ ਸੀ-1 ਗੁਪਤ ਨਾਂਅ ਵਾਲੇ ਭਾਰਤੀ ਅਧਿਕਾਰੀ ਨੇ ਗੁਰਪਤਵੰਤ ਸਿੰਘ ਪਨੂੰ ਨੂੰ ਮਾਰਨ ਲਈ ਨਿਖਿਲ ਗੁਪਤਾ ਨਾਂਅ ਦੇ ਗੁਜਰਾਤੀ ਦੀ ਜ਼ਿੰਮੇਵਾਰੀ ਲਾਈ ਗਈ ਸੀ | ਉਸ ਨਾਲ ਵਾਅਦਾ ਕੀਤਾ ਗਿਆ ਕਿ ਗੁਜਰਾਤ ਵਿੱਚ ਉਸ ਵਿਰੁੱਧ ਦਰਜ ਨਸ਼ੀਲੇ ਪਦਾਰਥਾਂ ਦੀ ਸਮਗਿਲੰਗ ਦਾ ਕੇਸ ਰੱਦ ਕਰ ਦਿੱਤਾ ਜਾਵੇਗਾ ਤੇ ਨਾਲ ਹੀ 1 ਲੱਖ ਡਾਲਰ ‘ਕੰਮ ਹੋਣ’ ਉੱਤੇ ਦਿੱਤਾ ਜਾਵੇਗਾ | ਨਿਖਿਲ ਗੁਪਤਾ ਨੇ ਇਸ ਕੰਮ ਲਈ ਜਿਸ ਸ਼ੂਟਰ ਨਾਲ ਸੰਪਰਕ ਕੀਤਾ, ਅਸਲ ਵਿੱਚ ਉਹ ਅਮਰੀਕੀ ਖੁਫ਼ੀਆ ਵਿਭਾਗ ਦਾ ਬੰਦਾ ਸੀ | ਨਿਖਿਲ ਗੁਪਤਾ ਜਦੋਂ ਉਕਤ ਵਿਅਕਤੀ ਨੂੰ ਅਡਵਾਂਸ 15 ਹਜ਼ਾਰ ਡਾਲਰ ਦੇਣ ਲਈ ਮਿਲਿਆ ਤਾਂ ਉਸ ਨੂੰ ਰੰਗੇ ਹੱਥੀਂ ਗਿ੍ਫ਼ਤਾਰ ਕਰ ਲਿਆ ਗਿਆ | ਨਿਖਿਲ ਗੁਪਤਾ ਹੁਣ ਅਮਰੀਕਾ ਦੀ ਜੇਲ੍ਹ ਵਿੱਚ ਹੈ | ਭਾਰਤੀ ਅਧਿਕਾਰੀ ਸੀ ਸੀ-1 ਤੇ ਨਿਖਿਲ ਗੁਪਤਾ ਵਿਚਕਾਰ ਸੰਦੇਸ਼ਾਂ ਤੇ ਗੱਲਬਾਤ ਦੇ ਸਾਰੇ ਵੇਰਵੇ ਅਦਾਲਤ ਵਿੱਚ ਪੇਸ਼ ਕੀਤੇ ਜਾ ਚੁੱਕੇ ਹਨ |
ਅਮਰੀਕਾ ਸਰਕਾਰ ਨੇ ਹਾਲੇ ਸਾਰੇ ਵੇਰਵੇ ਜਨਤਕ ਨਹੀਂ ਕੀਤੇ, ਕਿਉਂਕਿ ਉਹ ਇਸ ਦਾ ਸਿਆਸੀ ਲਾਭ ਲੈਣਾ ਚਾਹੁੰਦੀ ਹੈ | ਅਮਰੀਕੀ ਸਰਕਾਰ ਸਾਹਮਣੇ ਇਸ ਸਮੇਂ ਨਿਖਿਲ ਗੁਪਤਾ ਨਹੀਂ, ਭਾਰਤ ਸਰਕਾਰ ਦੋਸ਼ੀ ਹੈ, ਜਿਸ ਨੂੰ ਉਸ ਨੇ ਰੰਗੇ ਹੱਥੀਂ ਫੜ ਲਿਆ ਹੈ | ਇਹ ਸਾਰਾ ਕੇਸ ਅਮਰੀਕੀ ਪ੍ਰਸ਼ਾਸਨ ਨੇ ਭਾਰਤ ਨੂੰ ਬਲੈਕਮੇਲ ਕਰਨ ਲਈ ਇੱਕ ਹਥਿਆਰ ਵਜੋਂ ਸਾਂਭ ਕੇ ਰੱਖ ਲਿਆ ਹੈ | ਉਹ ਕਿਸੇ ਵੀ ਸਮੇਂ ਸਾਰਾ ਚਿੱਠਾ ਖੋਲ੍ਹ ਕੇ ਸਾਡੇ ਦੇਸ਼ ਨੂੰ ਦੁਨੀਆ ਭਰ ‘ਚ ਸ਼ਰਮਸ਼ਾਰ ਕਰ ਸਕਦਾ ਹੈ | ਭਾਵੇਂ ਭਾਰਤ ਸਰਕਾਰ ਲਗਾਤਾਰ ਇਹ ਕਹਿ ਰਹੀ ਹੈ ਕਿ ਅਜਿਹੀਆਂ ਕਾਰਵਾਈਆਂ ਕਰਨਾ ਸਾਡੀ ਨੀਤੀ ਦਾ ਹਿੱਸਾ ਨਹੀਂ, ਪਰ ਇਸ ਸਭ ਦਾ ਗੁਜਰਾਤ ਕੁਨੈਕਸ਼ਨ ਸ਼ੱਕ ਪੈਦਾ ਕਰਨ ਲਈ ਕਾਫ਼ੀ ਹੈ |
2014 ਵਿੱਚ ਨਰਿੰਦਰ ਮੋਦੀ, ਜਿਸ ਗੁਜਰਾਤ ਮਾਡਲ ਦੇ ਘੋੜੇ ‘ਤੇ ਸਵਾਰ ਹੋ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪੁੱਜੇ ਸਨ, ਅਸਲ ਵਿੱਚ ਉਹ ਵਿਕਾਸ ਨਹੀਂ, ਵਿਨਾਸ਼ ਮਾਡਲ ਸੀ | ਇਸ ਮਾਡਲ ਦੀ ਸ਼ੁਰੂਆਤ 2002 ਦੇ ਗੁਜਰਾਤ ਦੰਗਿਆ ਨਾਲ ਹੋਈ ਸੀ | ਗੁਜਰਾਤ ਦੇ ਉਸ ਵੇਲੇ ਦੇ ਗ੍ਰਹਿ ਰਾਜ ਮੰਤਰੀ ਹਾਰੇਨ ਪਾਂਡਿਆ, ਜਿਸ ਨੇ ਗੋਧਰਾ ਤੋਂ ਲਾਸ਼ਾਂ ਅਹਿਮਦਾਬਾਦ ਲਿਆਉਣ ਦਾ ਵਿਰੋਧ ਕੀਤਾ ਸੀ ਤੇ ਫਿਰ ਦੰਗਿਆਂ ਵਿੱਚ ਸਰਕਾਰ ਦੀ ਸ਼ਮੂਲੀਅਤ ਬਾਰੇ ‘ਆਊਟ ਲੁੱਕ’ ਨੂੰ ਇੰਟਰਵਿਊ ਦੇ ਦਿੱਤਾ ਸੀ, ਨੂੰ 2003 ਵਿੱਚ ਪਾਰ ਬੁਲਾ ਦਿੱਤਾ ਗਿਆ ਸੀ | ਉਸ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਬਣੇ | ਉਨ੍ਹਾ ਦੀ ਰਹਿਨੁਮਾਈ ਹੇਠ ਪਹਿਲਾਂ ਸੋਹਰਾਬੂਦੀਨ ਸ਼ੇਖ ਤੇ ਉਸ ਦੀ ਪਤਨੀ ਕੋਸਰ ਸ਼ੇਖ ਨੂੰ 2005 ਵਿੱਚ ਇੱਕ ਮੁਕਾਬਲੇ ਦੌਰਾਨ ਮਾਰ ਦਿੱਤਾ ਗਿਆ ਸੀ | ਉਸ ਤੋਂ ਬਾਅਦ ਮੌਕੇ ਦੇ ਗਵਾਹ ਤੁਲਸੀ ਪਰਜਾਪਤੀ ਨੂੰ ਵੀ ਗੱਡੀ ਚਾੜ੍ਹ ਦਿੱਤਾ ਗਿਆ ਸੀ | ਇਸ ਕੇਸ ਵਿੱਚ ਜਦੋਂ ਸੀ ਬੀ ਆਈ ਦੇ ਇਮਾਨਦਾਰ ਜੱਜ ਬਿ੍ਜ ਮੋਹਨ ਲੋਆ ਨੇ ਸਾਰੇ ਜ਼ਿੰਮੇਵਾਰਾਂ ਵਿਰੁੱਧ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ ਤਾਂ 30 ਨਵੰਬਰ 2014 ਨੂੰ ਜੱਜ ਲੋਆ ਇੱਕ ਰੈੱਸਟ ਹਾਊਸ ਵਿੱਚ ਮਿ੍ਤਕ ਮਿਲੇ ਸਨ | ਭਾਰਤ ਦੇ ਇਤਿਹਾਸ ਵਿੱਚ ਜੱਜ ਲੋਆ ਦੀ ਹੋਈ ਮੌਤ, ਪਹਿਲਾ ਅਜਿਹਾ ਮਾਮਲਾ ਸੀ, ਜਦੋਂ ਭਾਜਪਾ ਦੀ ਸੂਬਾ ਸਰਕਾਰ ਸੀ ਬੀ ਆਈ ਵਿਰੁੱਧ ਸੁਪਰੀਮ ਕੋਰਟ ਤੱਕ ਲੜੀ ਤਾਂ ਕਿ ਇਸ ਦੀ ਜਾਂਚ ਨਾ ਹੋਵੇ |
ਉਕਤ ਸਾਰਾ ਗੁਜਰਾਤ ਵਿਨਾਸ਼ ਮਾਡਲ ਉਦੋਂ ਦਾ ਹੈ, ਜਦੋਂ ਮੌਜੂਦਾ ਹਾਕਮ ਗੁਜਰਾਤ ਦੀਆਂ ਹਕੂਮਤੀ ਕੁਰਸੀਆਂ ਉੱਤੇ ਬੈਠੇ ਸਨ | ਇਸ ਵੇਲੇ ਤਾਂ ਉਨ੍ਹਾਂ ਕੋਲ ਪੂਰੇ ਦੇਸ਼ ਦੀ ਵਾਗਡੋਰ ਹੈ | ਇਨ੍ਹਾਂ ਹਾਕਮਾਂ ਕੋਲ ਹੁਣ ਤਾਂ ਇਜ਼ਰਾਈਲੀ ਕੰਪਨੀ ਦਾ ਬਣਾਇਆ ਪੈਗਾਸਸ ਯੰਤਰ ਹੈ, ਜਿਹੜਾ ਹਰ ਭਾਰਤੀ ਦੇ ਬੈੱਡਰੂਮ ਤੱਕ ਦੀ ਜਾਣਕਾਰੀ ਰੱਖਦਾ ਹੈ | ਇਸ ਲਈ ਭਾਰਤੀ ਅਧਿਕਾਰੀ ਭਾਵੇਂ ਲੱਖ ਇਨਕਾਰ ਕਰਨ, ਪਰ 2002 ਤੋਂ ਲੈ ਕੇ ਅੱਜ ਤੱਕ ਭਾਰਤ ਵਿੱਚ ਜੋ ਹੁੰਦਾ ਰਿਹਾ ਹੈ, ਉਹ ਪੱਛਮੀ ਦੇਸ਼ਾਂ ਦੀਆਂ ਖੁਫ਼ੀਆ ਏਜੰਸੀਆਂ ਤੋਂ ਲੁਕਿਆ ਹੋਇਆ ਨਹੀਂ ਹੈ |
-ਚੰਦ ਫਤਿਹਪੁਰੀ