11.3 C
Jalandhar
Sunday, December 22, 2024
spot_img

‘ਆਪ’ ਸ਼ਹਿਰਾਂ ’ਚ ਵੀ ਨੰਬਰ ਵਨ ਬਣੀ, ਭਾਜਪਾ ਤੇ ਕਾਂਗਰਸ ਦਾ ਭਰਮ ਟੁੱਟਿਆ : ਅਮਨ ਅਰੋੜਾ

ਚੰਡੀਗੜ੍ਹ (ਗੁਰਜੀਤ ਬਿੱਲਾ)
ਆਮ ਆਦਮੀ ਪਾਰਟੀ (ਆਪ) ਨੇ ਲੋਕਲ ਬਾਡੀ ਚੋਣਾਂ ਵਿੱਚ ਜਿੱਤ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਪਾਰਟੀ ਨੇ ਕਿਹਾ ਕਿ ਨਤੀਜੇ ਸਾਬਤ ਕਰਦੇ ਹਨ ਕਿ ਜ਼ਿਮਨੀ ਚੋਣਾਂ ਵਾਂਗ ਇਸ ਵਾਰ ਵੀ ਸ਼ਹਿਰਾਂ ਦੇ ਲੋਕਾਂ ਨੇ ਆਮ ਆਦਮੀ ਪਾਰਟੀ ’ਤੇ ਆਪਣਾ ਭਰੋਸਾ ਕਾਇਮ ਰੱਖਿਆ ਹੈ।
ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ, ਆਪ ਆਗੂ ਡਾ. ਸੰਨੀ ਆਹਲੂਵਾਲੀਆ ਤੇ ਫੈਰੀ ਸੋਫਤ ਨਾਲ ਐਤਵਾਰ ਪਾਰਟੀ ਦਫ਼ਤਰ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਵੀ ਅਧਿਕਾਰਤ ਤੌਰ ’ਤੇ ਨੰਬਰ ਵਨ ਪਾਰਟੀ ਬਣ ਗਈ ਹੈ। ਸ਼ਹਿਰੀ ਖੇਤਰਾਂ ਵਿੱਚ ਭਾਜਪਾ ਅਤੇ ਕਾਂਗਰਸ ਦੇ ਮਜ਼ਬੂਤ ਹੋਣ ਦਾ ਭਰਮ ਟੁੱਟ ਗਿਆ ਹੈ। ਇਸ ਚੋਣ ਵਿੱਚ ਆਮ ਆਦਮੀ ਪਾਰਟੀ ਨੇ 55 ਫੀਸਦੀ ਤੋਂ ਵੱਧ ਸੀਟਾਂ ਜਿੱਤੀਆਂ ਹਨ, ਜਦੋਂਕਿ ਅਕਾਲੀ-ਭਾਜਪਾ ਅਤੇ ਕਾਂਗਰਸ ਦਾ ਮਿਲਾ ਕੇ ਸਿਰਫ਼ 45 ਫ਼ੀਸਦੀ ਬਣਦਾ ਹੈ। ਅਰੋੜਾ ਨੇ ਦੱਸਿਆ ਕਿ ਕੁੱਲ 977 ਵਿੱਚੋਂ 961 ਵਾਰਡਾਂ ਦੇ ਨਤੀਜੇ ਐਲਾਨੇ ਗਏ ਹਨ। ਇਨ੍ਹਾਂ ਵਿੱਚੋਂ 522 ਵਾਰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ, ਜਦੋਂਕਿ ਕਾਂਗਰਸ 191 ਵਾਰਡਾਂ ਨਾਲ ਸਿਰਫ਼ 20 ਫੀਸਦੀ ਸੀਟਾਂ ਹੀ ਜਿੱਤ ਸਕੀ।
ਇਸ ਚੋਣ ਵਿੱਚ ਭਾਜਪਾ ਅਤੇ ਅਕਾਲੀ ਦਲ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦਾ ਸਫ਼ਾਇਆ ਹੋ ਗਿਆ। ਭਾਜਪਾ ਨੇ ਸਿਰਫ਼ 7 ਫ਼ੀਸਦੀ ਸੀਟਾਂ ਜਿੱਤੀਆਂ, ਉਸ ਦੇ 69 ਉਮੀਦਵਾਰ ਜਿੱਤੇ, ਜਦੋਂਕਿ ਅਕਾਲੀ ਦਲ 3 ਫੀਸਦੀ ਸੀਟਾਂ ਜਿੱਤ ਸਕਿਆ, ਇਸ ਦੇ ਸਿਰਫ਼ 31 ਉਮੀਦਵਾਰ ਹੀ ਜਿੱਤ ਸਕੇ। ਬਸਪਾ ਦੇ 5 ਉਮੀਦਵਾਰ ਜਿੱਤੇ, ਇਹ ਸਿਰਫ 0.5 ਫੀਸਦੀ ਸੀਟਾਂ ਹੀ ਜਿੱਤ ਸਕੀ। ਆਜ਼ਾਦ ਉਮੀਦਵਾਰਾਂ ਦੀ ਜਿੱਤ ਦੀ ਗਿਣਤੀ 143 ਸੀ ਅਤੇ ਉਨ੍ਹਾਂ ਦੀ ਜਿੱਤ ਦੀ ਪ੍ਰਤੀਸ਼ਤਤਾ ਲਗਭਗ 15 ਪ੍ਰਤੀਸ਼ਤ ਰਹੀ।
ਅਰੋੜਾ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਦੇ ਲੋਕਾਂ ਨੇ ਭਾਜਪਾ ਨੂੰ ਸ਼ੀਸ਼ਾ ਦਿਖਾ ਕੇ ਉਨ੍ਹਾਂ ਦੇ ਪੰਜਾਬ ਵਿਰੋਧੀ ਰਵੱਈਏ ਦਾ ਜਵਾਬ ਦਿੱਤਾ ਹੈ। ਉਨ੍ਹਾ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਨੂੰ ਕਈ ਵਾਰਡਾਂ ਵਿੱਚ ਚੋਣ ਲੜਨ ਲਈ ਉਮੀਦਵਾਰ ਵੀ ਨਹੀਂ ਮਿਲ ਸਕੇ। ਕਾਂਗਰਸ ਨੂੰ ਵੀ ਉਮੀਦਵਾਰ ਲੱਭਣ ਵਿੱਚ ਜੱਦੋਜਹਿਦ ਕਰਨੀ ਪਈ। ਇਸ ਚੋਣ ਵਿੱਚ ਆਮ ਆਦਮੀ ਪਾਰਟੀ ਹੀ ਇੱਕ ਅਜਿਹੀ ਪਾਰਟੀ ਸੀ, ਜਿਸ ਨੇ ਹਰ ਵਾਰਡ ਵਿੱਚ ਆਪਣੇ ਚੋਣ ਨਿਸ਼ਾਨ ’ਤੇ ਉਮੀਦਵਾਰ ਖੜ੍ਹੇ ਕੀਤੇ ਸਨ।
ਉਹਨਾ ਨਤੀਜਿਆਂ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਟਿਆਲਾ ਨਗਰ ਨਿਗਮ ’ਚ ਪਾਰਟੀ ਨੇ ਇਕਤਰਫਾ ਜਿੱਤ ਪ੍ਰਾਪਤ ਕੀਤੀ ਹੈ। ਪਹਿਲਾਂ ਸਾਡੇ ਕੋਲ ਕਿਤੇ ਵੀ ਮੇਅਰ ਜਾਂ ਨਗਰ ਕੌਂਸਲ ਪ੍ਰਧਾਨ ਨਹੀਂ ਸੀ, ਹੁਣ ਸਾਡੇ ਕੋਲ 3 ਥਾਵਾਂ ’ਤੇ ਮੇਅਰ ਹੋਵੇਗਾ ਅਤੇ 31 ਨਗਰ ਕੌਂਸਲਾਂ ਅਤੇ ਕਮੇਟੀਆਂ ਵਿੱਚ ਸਾਡੇ ਪ੍ਰਧਾਨ ਹੋਣਗੇ। ਉਨ੍ਹਾ ਇਸ ਜਿੱਤ ਦਾ ਸਿਹਰਾ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸੋਚ, ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਪਿਛਲੇ ਸਾਢੇ ਤਿੰਨ ਸਾਲਾਂ ਦੇ ਲੋਕ ਭਲਾਈ ਕੰਮਾਂ ਅਤੇ ਪਾਰਟੀ ਆਗੂਆਂ ਤੇ ਵਰਕਰਾਂ ਦੀ ਸਖ਼ਤ ਮਿਹਨਤ ਨੂੰ ਦਿੱਤਾ। ਉਨ੍ਹਾ ਪਾਰਟੀ ਵਰਕਰਾਂ ਅਤੇ ਆਗੂਆਂ ਦੀ ਤਾਰੀਫ ਵੀ ਕੀਤੀ ਅਤੇ ਜਿੱਤ ਲਈ ਵਧਾਈ ਦਿੱਤੀ।

Related Articles

Latest Articles