11.3 C
Jalandhar
Sunday, December 22, 2024
spot_img

ਅੰਬੇਡਕਰ ਦਾ ਅਪਮਾਨ ਕਰਨ ’ਤੇ ਸੀ ਪੀ ਆਈ ਵੱਲੋਂ ਅਮਿਤ ਸ਼ਾਹ ਖਿਲਾਫ ਪ੍ਰਦਰਸ਼ਨ

ਲੁਧਿਆਣਾ (ਗਿਆਨ ਸੈਦਪੁਰੀ)
ਭਾਰਤੀ ਕਮਿਊਨਿਸਟ ਪਾਰਟੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ਵਿੱਚ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਬਾਰੇ ਅਪਮਾਨਜਨਕ ਟਿੱਪਣੀ ਕਰਨ ’ਤੇ ਉਹਨਾ ਦੇ ਫੌਰੀ ਅਸਤੀਫੇ ਦੀ ਮੰਗ ਕੀਤੀ ਹੈ। ਇਸ ਮੰਗ ਨੂੰ ਲੈ ਕੇ ਐਤਵਾਰ ਪਾਰਟੀ ਵੱਲੋਂ ਲੁਧਿਆਣਾ ਵਿਖੇ ਇਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾਈ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਇਹ ਅਸਲ ਵਿੱਚ ਆਰ ਐੱਸ ਐੱਸ ਦੀ ਜਾਤ-ਪਾਤ ਬਾਰੇ ਊਚ-ਨੀਚ ਦੀ ਸੋਚ ਅਤੇ ਮਨੂੰਵਾਦੀ ਵਿਚਾਰਧਾਰਾ ਦਾ ਪ੍ਰਗਟਾਅ ਹੈ ਤੇ ਅਖੀਰ ਇਹ ਗੱਲ ਮੂੰਹ ’ਚੋਂ ਨਿਕਲ ਹੀ ਗਈ। ਇਹ ਤਾਂ ਸਾਫ ਹੈ ਕਿ ਆਰ ਐੱਸ ਐੱਸ ਦਾ ਵਿਸ਼ਵਾਸ ਮੰਨੂ ਸਿਮਰਤੀ ’ਚ ਹੈ, ਜਿਸ ਵਿਚ ਕੇਵਲ ਬ੍ਰਾਹਮਣਾਂ ਨੂੰ ਉਪਰ ਰੱਖਿਆ ਗਿਆ ਹੈ ਤੇ ਬਾਕੀ ਸਭ ਨੂੰ ਉਹਨਾਂ ਤੋਂ ਨੀਵਾਂ, ਇੱਥੋਂ ਤੱਕ ਕਿ ਜਿਨ੍ਹਾਂ ਨੂੰ ਇਹ ਨੀਵੀਂ ਜਾਤੀ ਆਖਦੇ ਹਨ, ਉਹਨਾਂ ਨੂੰ ਵਿਦਿਆ ਦੇ ਅਧਿਕਾਰ ਤੋਂ ਵੀ ਵਾਂਝੇ ਰੱਖਿਆ ਗਿਆ। ਅਖੌਤੀ ਸ਼ੂਦਰਾਂ ਨੂੰ ਨਾ ਤਾਂ ਮੰਦਰ ਜਾਣ ਦਾ ਅਧਿਕਾਰ ਸੀ ਤੇ ਨਾ ਹੀ ਸਿੱਖਿਆ ਦਾ ਕੋਈ ਅਧਿਕਾਰ।
ਗੁਲਜ਼ਾਰ ਸਿੰਘ ਗੋਰੀਆ ਮੈਂਬਰ ਕੌਮੀ ਕਾਰਜਕਾਰਨੀ ਸੀ ਪੀ ਆਈ ਨੇ ਮੰਗ ਕੀਤੀ ਕਿ ਡਾਕਟਰ ਅੰਬੇਡਕਰ ਬਾਰੇ ਵਿਅੰਗ ਕੱਸਣ ਨੂੰ ਲੈ ਕੇ ਅਮਿਤ ਸ਼ਾਹ ’ਤੇ ਕੇਸ ਚਲਾਇਆ ਜਾਏ। ਡਾਕਟਰ ਅੰਬੇਡਕਰ ਦਾ ਨਾਂਅ ਅਸੀਂ ਸਨਮਾਨ ਨਾਲ ਲੈਂਦੇ ਹਾਂ, ਕਿਉਕਿ ਸਾਡੇ ਦੇਸ਼ ਨੂੰ ਆਪਣਾ ਸੰਵਿਧਾਨ ਦੇਣ ਲਈ ਉਹਨਾ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾ ਦੀ ਸੰਵਿਧਾਨਿਕ ਦੇਣ ਸਦਕਾ ਜਾਤ-ਪਾਤ ਦੇ ਨਾਂਅ ’ਤੇ ਸਦੀਆਂ ਤੋਂ ਦੱਬੇ-ਕੁਚਲੇ ਲੋਕਾਂ ਨੂੰ ਕੁਝ ਹੱਦ ਤੱਕ ਉਠਣ ਦਾ ਮੌਕਾ ਮਿਲਿਆ।
ਡਾਕਟਰ ਅਰੁਣ ਮਿਤਰਾ ਮੈਂਬਰ ਕੌਮੀ ਕੌਂਸਲ ਸੀ ਪੀ ਆਈ ਨੇ ਕਿਹਾ ਕਿ ਅਜੋਕੀ ਭਾਜਪਾ ਸਰਕਾਰ ਐਸੀਆਂ ਸਾਰੀਆਂ ਸੰਵਿਧਾਨਕ ਮੱਦਾਂ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ, ਜਿੱਥੇ ਕਿ ਸਮਾਜ ਦੇ ਮਿਹਨਤਕਸ਼ ਦੱਬੇ-ਕੁਚਲੇ, ਲਿਤਾੜੇ ਹੋਏ ਦਲਿਤ ਵਰਗ ਨੂੰ ਉੱਪਰ ਉੱਠਣ ਦਾ ਮੌਕਾ ਮਿਲੇ। ਡਾਕਟਰ ਅੰਬੇਡਕਰ ਦਾ ਕੀਤਾ ਗਿਆ ਅਪਮਾਨ ਦੇਸ਼ ਦੀ ਜਨਤਾ ਨੂੰ ਕਿਸੇ ਵੀ ਤਰ੍ਹਾਂ ਮਨਜ਼ੂਰ ਨਹੀਂ।
ਪਾਰਟੀ ਦੇ ਲੁਧਿਆਣਾ ਸ਼ਹਿਰੀ ਸਕੱਤਰ ਐੱਮ ਐੱਸ ਭਾਟੀਆ ਨੇ ਕਿਹਾ ਕਿ ਡਾਕਟਰ ਅੰਬੇਡਕਰ ਦਾ ਅਪਮਾਨ ਸਾਡੇ ਸੰਵਿਧਾਨ ਦਾ ਅਪਮਾਨ ਹੈ। ਮੋਦੀ ਸਰਕਾਰ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ, ਕਿਉਕਿ ਇਹ ਸੰਵਿਧਾਨ ਘੱਟ ਗਿਣਤੀਆਂ ਅਤੇ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਦੀ ਰਾਖੀ ਦੀ ਗਰੰਟੀ ਦਿੰਦਾ ਹੈ ਅਤੇ ਦੇਸ਼ ਵਿੱਚ ਸਮਾਜਵਾਦ ਅਤੇ ਫਿਰਕੂ ਸਦਭਾਵਨਾ ਦੀਆਂ ਕਦਰਾਂ-ਕੀਮਤਾਂ ਦੀ ਰਾਖੀ ਕਰਦਾ ਹੈ। ਅਮਿਤ ਸ਼ਾਹ ਖਿਲਾਫ ਪ੍ਰਦਰਸ਼ਨ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਏਗਾ ਅਤੇ ਆਰ ਐੱਸ ਐੱਸ ਦਾ ਮਿਹਨਤਕਸ਼ ਅਵਾਮ ਵਿਰੋਧੀ ਤੇ ਕਾਰਪੋਰੇਟ ਪੱਖੀ ਚਿਹਰਾ ਬੇਨਕਾਬ ਕੀਤਾ ਜਾਏਗਾ।
ਇਸ ਮੌਕੇ ਮੌਜੂਦ ਹੋਰ ਸਾਥੀਆਂ ਵਿੱਚ ਪ੍ਰਮੁੱਖ ਸਨ ਸੂਬਾਈ ਕਾਰਜਕਾਰਨ ਮੈਂਬਰ ਦੇਵੀ ਕੁਮਾਰੀ, ਜ਼ਿਲ੍ਹਾ ਸਹਾਇਕ ਸਕੱਤਰ ਚਮਕੌਰ ਸਿੰਘ, ਜ਼ਿਲ੍ਹਾ ਕਾਰਜਕਾਰਨੀ ਮੈਂਬਰ ਕੇਵਲ ਸਿੰਘ ਬਣਵੈਤ, ਸ਼ਹਿਰੀ ਸਹਾਇਕ ਸਕੱਤਰ ਵਿਜੇ ਕੁਮਾਰ, ਅਵਤਾਰ ਛਿੱਬੜ ਤੇ ਮਲਕੀਤ ਸਿੰਘ ਮਾਲੜਾ ਆਦਿ। ਰੋਸ ਪ੍ਰਦਰਸ਼ਨ ਦੇ ਅੰਤ ਵਿੱਚ ਅਮਿਤ ਸ਼ਾਹ ਦਾ ਪੁਤਲਾ ਸਾੜਿਆ ਗਿਆ। ਰੋਸ ਦੌਰਾਨ ਸਾਥੀਆਂ ਨੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇ ਲਾਏ।

Related Articles

Latest Articles