ਸੰਸਦ ’ਚ ‘ਬਨੇਗਾ’ ਪਾਸ ਕੀਤਾ ਜਾਵੇ : ਚਰਨਜੀਤ ਛਾਂਗਾਰਾਏ
ਭਿੱਖੀਵਿੰਡ : ਸਰਬ ਭਾਰਤ ਨੌਜਵਾਨ ਸਭਾ ਦੀ ਜ਼ਿਲ੍ਹਾ ਕਾਨਫਰੰਸ ਇਤਿਹਾਸਕ ਨਗਰ ਭਿੱਖੀਵਿੰਡ ਵਿਖੇ ਸੰਪੰਨ ਹੋਈ।ਝੰਡਾ ਲਹਿਰਾਉਣ ਦੀ ਰਸਮ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾਈ ਆਗੂ ਸੁਖਦੇਵ ਸਿੰਘ ਕਾਲੇ ਨੇ ਨਿਭਾਈ। ਉਦਘਾਟਨੀ ਵਿਚਾਰ ਰੱਖਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਕੁੱਲ ਹਿੰਦ ਸਾਬਕਾ ਪ੍ਰਧਾਨ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਇਹ ਇਨਕਲਾਬੀ ਜਥੇਬੰਦੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਜਥੇਬੰਦੀ ਦੇਸ਼ ਪੱਧਰ ’ਤੇ ਬਣੀ, ਜਿਸ ਦਾ ਪ੍ਰੋਗਰਾਮ ਸੀ ਅਮਰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਹਿੰਦੁਸਤਾਨ ਬਣਾਉਣ ਵਾਸਤੇ ਜੁਆਨੀ ਨੂੰ ਸੁਚੇਤ ਰੂਪ ਵਿੱਚ ਜਥੇਬੰਦ ਕਰਨਾ। ਇਸ ਜਥੇਬੰਦੀ ਨੇ ਹਰੇਕ ਨੌਜਵਾਨ ਨੂੰ ਰੁਜ਼ਗਾਰ ਦੇਣ ਵਾਸਤੇ ਕੰਮ ਦਾ ਮਹੱਤਵਪੂਰਨ ਸੰਘਰਸ਼ ਲੜਿਆ, ਜਿਸ ਦੀ ਮੁੱਖ ਮੰਗ ਸੀ ਕਿ ਰੁਜ਼ਗਾਰ ਨੂੰ ਸੰਵਿਧਾਨ ਦੇ ਮੁੱਢਲੇ ਅਧਿਕਾਰਾਂ ਵਿੱਚ ਸ਼ਾਮਲ ਕਰਕੇ ਹਰੇਕ ਨੌਜਵਾਨ ਨੂੰ ਰੁਜ਼ਗਾਰ ਦਿੱਤਾ ਜਾਵੇ।ਇਸ ਪ੍ਰੋਗਰਾਮ ਨੂੰ ਹੋਰ ਨਿਖਾਰਦਿਆਂ ਹੋਇਆਂ 1997 ਵਿੱਚ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਪੰਜਾਬ ਪੱਧਰ ’ਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਏ ਸਮਾਗਮ ਵਿੱਚ ਮੰਗ ਕੀਤੀ ਗਈ ਕਿ 18 ਸਾਲ ਦੀ ਉਮਰ ਤੋਂ ਹਰੇਕ ਕੁੜੀ-ਮੁੰਡੇ ਨੂੰ ਰੁਜ਼ਗਾਰ ਦਿੱਤਾ ਜਾਵੇ, ਭਾਵੇਂ ਉਹ ਪੜ੍ਹਿਆ ਹੈ ਜਾਂ ਅਨਪੜ੍ਹ। ਉਕਤ ਮੰਗਾਂ ’ਤੇ ਜਥੇਬੰਦੀ ਨੇ ਪੰਜਾਬ ਵਿੱਚ ਰੁਜ਼ਗਾਰ ਪ੍ਰਾਪਤੀ ਮੁਹਿੰਮ ਆਰੰਭੀ।ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਛਾਂਗਾਰਾਏ ਨੇ ਕਿਹਾ ਕਿ ਅੱਗੇ ਵਧਦਿਆਂ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ’ (ਬਨੇਗਾ) ਸੰਸਦ ਵਿੱਚ ਪਾਸ ਕਰਕੇ ਹਰੇਕ ਨੌਜਵਾਨ ਕੁੜੀ-ਮੁੰਡੇ ਨੂੰ ਰੁਜ਼ਗਾਰ ਦਿੱਤਾ ਜਾਵੇ। ਸਾਡੀ ਧਰਤੀ ’ਤੇ ਹੀ ਰੁਜ਼ਗਾਰ ਮਿਲਣ ਨਾਲ ਜੁਆਨੀ ਦਾ ਵਿਦੇਸ਼ਾਂ ਵਿੱਚ ਪ੍ਰਵਾਸ ਰੁਕੇਗਾ। ਇਸ ਵੇਲੇ ਇਹ ਹਾਲਤ ਹੈ ਕਿ ਜੁਆਨੀ ਜਾਇਦਾਦਾਂ ਵੇਚ-ਵੱਟ ਕੇ ਵਿਦੇਸ਼ਾਂ ਨੂੰ ਦੌੜੀ ਜਾ ਰਹੀ ਹੈ ਅਤੇ ਅਗਲੇ ਬੰਨੇ ਦੇਸ਼ਾਂ ਦੇ ਮੂਲ ਵਾਸੀਆਂ ਦੇ ਦਬਾਅ ਅਧੀਨ ਪ੍ਰਵਾਸੀ ਜੁਆਨੀ ਦਾ ਪ੍ਰਵਾਸ ਰੋਕਣ ਵਾਸਤੇ ਉਥੋਂ ਦੀਆਂ ਸਰਕਾਰਾਂ ਸਖ਼ਤ ਕਾਨੂੰਨ ਬਣਾਈ ਜਾ ਰਹੀਆਂ ਹਨ, ਜਿਸ ਕਰਕੇ ਸਾਡੀ ਜੁਆਨੀ ਵਿਦੇਸ਼ਾਂ ਵਿੱਚ ਰੁਲ ਰਹੀ ਹੈ। ਸਾਡੀਆਂ ਧੀਆਂ ਦਾ ਵੀ ਵਿਦੇਸ਼ਾਂ ਵਿੱਚ ਬੁਰਾ ਹਾਲ ਹੈ। ਅਜਿਹੀ ਪ੍ਰਸਥਿਤੀ ਵਿੱਚ ਹਿੰਦ ਦੀ ਸਰਕਾਰ ਬਨੇਗਾ ਕਾਨੂੰਨ ਪਾਰਲੀਮੈਂਟ ਵਿੱਚ ਪਾਸ ਕਰਕੇ ਹਰੇਕ ਕੁੜੀ-ਮੁੰਡੇ ਨੂੰ ਰੁਜ਼ਗਾਰ ਦੇਵੇ। ਹਿੰਦੁਸਤਾਨ ਵਿੱਚ ਰੁਜ਼ਗਾਰ ਦੀ ਕੋਈ ਘਾਟ ਨਹੀਂ, ਸਿਰਫ ਰੁਜ਼ਗਾਰ ਯੋਜਨਾਬੰਦੀ ਦੀ ਘਾਟ ਹੈ। ਇਸ ਮੌਕੇ ਸੀ ਪੀ ਆਈ ਜ਼ਿਲ੍ਹਾ ਤਰਨ ਤਾਰਨ ਦੇ ਮੀਤ ਸਕੱਤਰ ਬਲਕਾਰ ਸਿੰਘ ਵਲਟੋਹਾ, ਨਰਿੰਦਰ ਸਿੰਘ ਅਲਗੋਂ, ਹਰਭਿੰਦਰ ਸਿੰਘ ਕਸੇਲ, ਪੂਰਨ ਸਿੰਘ ਮਾੜੀਮੇਘਾ ਤੇ ਲਵਪ੍ਰੀਤ ਸਿੰਘ ਮਾੜੀਮੇਘਾ ਨੇ ਵੀ ਸੰਬੋਧਨ ਕੀਤਾ। ਅੰਤ ਵਿੱਚ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਰਸਾਲ ਸਿੰਘ ਪਹੁਵਿੰਡ, ਜ਼ਿਲ੍ਹਾ ਸਕੱਤਰ ਵਿਸ਼ਾਲਦੀਪ ਸਿੰਘ ਵਲਟੋਹਾ, ਮੀਤ ਸਕੱਤਰ ਗੁਰਪ੍ਰਤਾਪ ਸਿੰਘ ਵਲਟੋਹਾ, ਮੀਤ ਪ੍ਰਧਾਨ ਹਰਪਾਲ ਸਿੰਘ ਅਲਗੋਂ ਤੇ ਖਜ਼ਾਨਚੀ ਚਾਨਣ ਸਿੰਘ ਸੋਹਲ ਚੁਣੇ ਗਏ।