25 ਨਵੰਬਰ ਨੂੰ ਸ਼ੁਰੂ ਹੋਇਆ ਸੰਸਦ ਦਾ ਸਰਦ ਰੁੱਤ ਸਮਾਗਮ ਬੀਤੇ ਸ਼ੁੱਕਰਵਾਰ ਸਮਾਪਤ ਹੋ ਗਿਆ। ਇਹ ਸਮਾਗਮ ਪਹਿਲੇ ਦਿਨ ਤੋਂ ਹੀ ਹੰਗਾਮਿਆਂ ਦੀ ਭੇਟ ਚੜ੍ਹਿਆ ਰਿਹਾ। ਸਮਾਗਮ ਦੇ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸੱਤਾਧਾਰੀਆਂ ਦੀ ਦੁਖਦੀ ਰਗ, ਅਮਰੀਕੀ ਅਦਾਲਤ ਵੱਲੋਂ ਅਡਾਨੀ ਦੇ ਗਿ੍ਰਫ਼ਤਾਰੀ ਵਰੰਟ ਜਾਰੀ ਕੀਤੇ ਜਾਣ ਦਾ ਮੁੱਦਾ ਚੁੱਕ ਕੇ ਇਸ ਉਤੇ ਬਹਿਸ ਦੀ ਮੰਗ ਕਰ ਦਿੱਤੀ। ਹੁਕਮਰਾਨ ਧਿਰ ਨੇ ਇਸ ਮੁੱਦੇ ਨੂੰ ਦਬਾਉਣ ਲਈ ਕਾਹਲੀ-ਕਾਹਲੀ ਨਾਲ ‘ਇੱਕ ਦੇਸ਼-ਇਕ ਚੋਣ’ ਦਾ ਬਿੱਲ ਪੇਸ਼ ਕਰ ਦਿੱਤਾ। ਬਿੱਲ ਪੇਸ਼ ਕਰਨ ਲਈ ਹੋਈ ਵੋਟਿੰਗ ਵਿੱਚ ਹੁਕਮਰਾਨ ਧਿਰ ਨੂੰ ਉਸ ਸਮੇਂ ਨਮੋਸ਼ੀ ਝੱਲਣੀ ਪਈ, ਜਦੋਂ ਉਸ ਦੇ ਆਪਣੇ ਤੇ ਹਮਾਇਤੀ ਪਾਰਟੀਆਂ ਦੇ ਬਹੁਤ ਸਾਰੇ ਮੈਂਬਰਾਂ ਨੇ ਵੋਟਿੰਗ ਵਿੱਚ ਹਿੱਸਾ ਨਾ ਲਿਆ। ਨਤੀਜੇ ਵਜੋਂ ਬਿੱਲ ਨੂੰ ਸੰਸਦੀ ਕਮੇਟੀ ਦੇ ਹਵਾਲੇ ਕਰਨਾ ਪਿਆ। ਇਸ ਦੌਰਾਨ ਸੰਵਿਧਾਨ ਉੱਤੇ ਤਿੱਖੀ ਬਹਿਸ ਹੋਈ। ਵਿਰੋਧੀ ਦਲਾਂ ਨੇ ਸੰਘਵਾਦ ਤੇ ਲੋਕਤੰਤਰ ਦੇ ਸਿਧਾਂਤਾਂ ਨੂੰ ਕਮਜ਼ੋਰ ਕੀਤੇ ਜਾਣ ਲਈ ਹੁਕਮਰਾਨ ਧਿਰ ’ਤੇ ਤਿੱਖੇ ਹਮਲੇ ਕੀਤੇ। ਇਨ੍ਹਾਂ ਹਮਲਿਆਂ ਦੇ ਜਵਾਬ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਕਹਿ ਕੇ ਕਿ, ਅੰਬੇਡਕਰ ਦਾ ਨਾਂਅ ਲੈਣਾ ਹੁਣ ਫੈਸ਼ਨ ਹੋ ਗਿਆ ਹੈ, ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ…ਏਨੀ ਵਾਰ ਅਗਰ ਭਗਵਾਨ ਦਾ ਨਾਂਅ ਲੈਂਦੇ ਤਾਂ ਸੱਤ ਜਨਮਾਂ ਤੱਕ ਸਵਰਗ ਮਿਲ ਜਾਂਦਾ, ਭੁਚਾਲ ਲੈ ਆਂਦਾ।
ਇਹ ਕੋਈ ਜ਼ੁਬਾਨ ਦੀ ਫਿਸਲਣ ਨਹੀਂ ਸੀ, ਕਿਉਂਕਿ ਸਾਫ਼ ਦਿਸ ਰਿਹਾ ਸੀ ਕਿ ਅਮਿਤ ਸ਼ਾਹ ਲਿਖਿਆ ਹੋਇਆ ਭਾਸ਼ਣ ਪੜ੍ਹ ਰਹੇ ਹਨ। ਅਸਲ ਵਿੱਚ ਅਡਾਨੀ ਮੁੱਦੇ ਤੋਂ ਧਿਆਨ ਭਟਕਾਉਣ ਲਈ ਇਹ ਜਾਣਬੁੱਝ ਕੇ ਕੀਤਾ ਗਿਆ ਗੁਨਾਹ ਸੀ। ਬਾਬਾ ਸਾਹਿਬ ਅੰਬੇਡਕਰ ਦੇ ਇਸ ਅਪਮਾਨ ਵਿਰੁੱਧ ਸਾਰਾ ਦੇਸ਼ ਉੱਬਲ ਪਿਆ। ਦੇਸ਼ ਦੇ ਕੋਨੇ-ਕੋਨੇ ਵਿੱਚ ਲੋਕ ਆਪਮੁਹਾਰੇ ਗ੍ਰਹਿ ਮੰਤਰੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸੜਕਾਂ ’ਤੇ ਆ ਗਏ ਹਨ। ਜਿਹੜੀ ਵਿਰੋਧੀ ਧਿਰ ਅਡਾਨੀ ਦੇ ਮੁੱਦੇ ਉੱਤੇ ਬਿਖਰੀ-ਬਿਖਰੀ ਨਜ਼ਰ ਆ ਰਹੀ ਸੀ, ਇਕਮੁੱਠ ਹੋ ਗਈ । ਸੱਤਾਧਾਰੀ ਧਿਰ ਐੱਨ ਡੀ ਏ ਦੇ ਕਈ ਭਾਈਵਾਲਾਂ ਨੇ ਵੀ ਅਮਿਤ ਸ਼ਾਹ ਦੇ ਬਿਆਨ ਦੀ ਤਿੱਖੀ ਅਲੋਚਨਾ ਕੀਤੀ।
ਕੁਝ ਸਿਆਸੀ ਟਿੱਪਣੀਕਾਰਾਂ ਦਾ ਮੱਤ ਹੈ ਕਿ ਅਮਿਤ ਸ਼ਾਹ ਨੂੰ ਆਪਣੀ ਗਲਤੀ ਸੁਧਾਰਨ ਲਈ ਮੁਆਫ਼ੀ ਮੰਗ ਕੇ ਮਸਲੇ ਨੂੰ ਠੰਢਾ ਕਰ ਦੇਣਾ ਚਾਹੀਦਾ ਸੀ, ਪਰ ਉਨ੍ਹਾ ਦੀ ਸੋਚ ਗਲਤ ਹੈ। ਅਮਿਤ ਸ਼ਾਹ ਦੀ ਤਾਂ ਕਾਬਲੀਅਤ ਹੀ ਵਿਰੋਧੀਆਂ ਪ੍ਰਤੀ ਘਿ੍ਰਣਾ, ਨਫ਼ਰਤ ਤੇ ਕਰੂਰਤਾ ਹੈ। ਇਹ ਉਨ੍ਹਾ ਦੇ ਚਿਹਰੇ ਤੇ ਨਜ਼ਰਾਂ ’ਚੋਂ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਬਾਬਾ ਸਾਹਿਬ ਅੰਬੇਡਕਰ ਬਾਰੇ ਉਨ੍ਹਾ ਵੱਲੋਂ ਵਰਤੇ ਗਏ ਸ਼ਬਦ ਇਸੇ ਨਫ਼ਰਤੀ ਸੋਚ ਦਾ ਨਤੀਜਾ ਸਨ। ਅਮਿਤ ਸ਼ਾਹ, ਜਿਸ ਦਿਨ ਮੁਆਫ਼ੀ ਮੰਗ ਲਏਗਾ, ਉਸੇ ਦਿਨ ਉਸ ਵੱਲੋਂ ਉਸਾਰਿਆ ਗਿਆ ਦਹਿਸ਼ਤ ਤੇ ਭੈਅ ਦਾ ਵਾਤਾਵਰਣ ਉਸ ਦਾ ਮੂੰਹ ਚਿੜਾਉਣ ਲੱਗ ਜਾਵੇਗਾ। ਇਸੇ ਕਾਰਨ ਰਾਤੋ-ਰਾਤ ਇੱਕ ਨਵੇਂ ਨਾਟਕ ਦੀ ਤਿਆਰੀ ਕੀਤੀ ਗਈ। ਅਗਲੇ ਦਿਨ ਸੰਸਦ ਦਾ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਤੋਂ ਸੰਸਦ ਦੇ ਗੇਟ ਤੱਕ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਕਰ ਰਹੇ ਸਨ ਤਾਂ ਸਾਹਮਣੇ ਭਾਜਪਾ ਦੇ ਲੱਠਮਾਰ ਸੰਸਦ ਮੋਟੇ ਡੰਡਿਆਂ ਵਾਲੀਆਂ ਤਖਤੀਆਂ ਲੈ ਕੇ ਰਾਹ ਰੋਕੀ ਖੜ੍ਹੇ ਸਨ। ਇਹੋ ਨਹੀਂ, ਇਨ੍ਹਾਂ ਮੈਂਬਰਾਂ ਵੱਲੋਂ ਵਿਰੋਧੀ ਦਲਾਂ ਦੇ ਮੈਂਬਰਾਂ ਨਾਲ ਧੱਕਾ-ਮੁੱਕੀ ਕਰਕੇ ਉਨ੍ਹਾਂ ਨੂੰ ਸੰਸਦ ਅੰਦਰ ਜਾਣ ਤੋਂ ਰੋਕਿਆ ਗਿਆ। ਇਸੇ ਦੌਰਾਨ ਇਹ ਰੌਲਾ ਪਾ ਦਿੱਤਾ ਗਿਆ ਕਿ ਰਾਹੁਲ ਗਾਂਧੀ ਵੱਲੋਂ ਫਰੂਖਾਬਾਦ ਤੋਂ ਭਾਜਪਾ ਸਾਂਸਦ ਮੁਕੇਸ਼ ਰਾਜਪੂਤ ਨੂੰ ਧੱਕਾ ਮਾਰੇ ਜਾਣ ਕਾਰਨ ਉਹ ਇਕ ਹੋਰ ਸਾਂਸਦ ਪ੍ਰਤਾਪ ਸਿੰਘ ਸਾਰੰਗੀ ਉੱਤੇ ਡਿਗ ਪਏ, ਜਿਸ ਕਾਰਨ ਪ੍ਰਤਾਪ ਸਿੰਘ ਸਾਰੰਗੀ ਦੇ ਸਿਰ ਵਿੱਚ ਸੱਟ ਲੱਗ ਗਈ। ਓਡੀਸ਼ਾ ਤੋਂ ਸਾਂਸਦ ਸਾਰੰਗੀ ਉਹ ਬਜਰੰਗ ਦਲ ਦਾ ਆਗੂ ਹੈ, ਜਿਸ ਉੱਤੇ ਈਸਾਈ ਮਿਸ਼ਨਰੀ ਗ੍ਰਾਹਮ ਸਟੇਨ ਤੇ ਉਸ ਦੇ ਦੋ ਮਾਸੂਮ ਬੱਚਿਆਂ ਨੂੰ ਜੀਪ ਵਿੱਚ ਸੁੱਤੇ ਪਿਆਂ ਨੂੰ ਅੱਗ ਲਾ ਕੇ ਸਾੜ ਦੇਣ ਦਾ ਦੋਸ਼ ਲੱਗਿਆ ਸੀ।
ਦੋਹਾਂ ਸਾਂਸਦਾਂ ਨੂੰ ਤੁਰੰਤ ਆਰ ਐੱਮ ਐੱਲ ਹਸਪਤਾਲ ਦੇ ਆਈ ਸੀ ਯੂ ਵਾਰਡ ਵਿੱਚ ਭਰਤੀ ਕਰ ਦਿੱਤਾ ਗਿਆ। ਹਾਲੇ ਨਾਟਕ ਦਾ ਆਖਰੀ ਸੀਨ ਬਾਕੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੋਬਾਇਲ ਉੱਤੇ ਪ੍ਰਤਾਪ ਸਾਰੰਗੀ ਨੂੰ ਕਾਲ ਕੀਤੀ ਗਈ। ਸਾਰੰਗੀ ਨੇ ਜਦੋਂ ਹੈਲੋ ਸਰ ਕਿਹਾ ਤਾਂ ਉਸ ਨੂੰ ਆਖਿਆ ਗਿਆ ਕਿ ਸਪੀਕਰ ਔਨ ਕਰੋ, ਤਾਂ ਕਿ ਪ੍ਰਧਾਨ ਮੰਤਰੀ ਵੱਲੋਂ ਪ੍ਰਗਟ ਕੀਤੀ ਜਾ ਰਹੀ ਸੰਵੇਦਨਾ ਵੀਡੀਓ ਕੈਮਰਿਆਂ ਵਿੱਚ ਰਿਕਾਰਡ ਹੋ ਸਕੇ। ਕਦੇ ਦੇਖਿਆ, ਸੁਣਿਆ ਹੈ ਆਈ ਸੀ ਯੂ ’ਚ ਭਰਤੀ ਮਰੀਜ਼ਾਂ ਦੀ ਏਨੀ ‘ਗੰਭੀਰ’ ਹਾਲਤ ਬਾਰੇ। ਇਸੇ ਦੌਰਾਨ ਇਕ ਹੋਰ ਵੀਡੀਓ ਨੇ ਸਾਰੇ ਨਾਟਕ ਦਾ ਭਾਂਡਾ ਭੰਨ ਦਿੱਤਾ। ਮੁਕੇਸ਼ ਰਾਜਪੂਤ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਜਦੋਂ ਧੱਕਾ ਵੱਜਾ ਉਦੋਂ ਰਾਹੁਲ ਗਾਂਧੀ ਕਿਥੇ ਸੀ ਤਾਂ ਉਸ ਨੇ ਕਿਹਾ ਕਿ ਉਹ ਅੱਗੇ ਜਾ ਰਿਹਾ ਸੀ। ਅੱਗੇ ਜਾ ਰਿਹਾ ਵਿਅਕਤੀ ਭਲਾ ਪਿਛਿਓਂ ਧੱਕਾ ਕਿਵੇਂ ਦੇ ਸਕਦਾ ਹੈ।
ਇਸ ਤੋਂ ਤੁਰੰਤ ਬਾਅਦ ਭਾਜਪਾ ਸਾਂਸਦ ਅਨੁਰਾਗ ਠਾਕੁਰ ਤੇ ਬਾਂਸੁਰੀ ਸਵਰਾਜ ਨੇ ਭਾਜਪਾ ਸਾਂਸਦ ਹੇਮਾਂਗ ਜੋਸ਼ੀ ਰਾਹੀਂ ਸੰਸਦ ਮਾਰਗ ਪੁਲਸ ਸਟੇਸ਼ਨ ਜਾ ਕੇ ਰਾਹੁਲ ਗਾਂਧੀ ਵਿਰੁੱਧ ਕਈ ਸਖ਼ਤ ਧਾਰਾਵਾਂ ਅਧੀਨ ਮਾਮਲਾ ਦਰਜ ਕਰਾ ਦਿੱਤਾ। ਇਸ ਤੋਂ ਕੁਝ ਸਮੇਂ ਬਾਅਦ ਕਾਂਗਰਸ ਨੇ ਵੀ ਮਲਿਕਾਰਜੁਨ ਖੜਗੇ ਨੂੰ ਧੱਕੇ ਦੇ ਕੇ ਡੇਗਣ ਦੀ ਸ਼ਿਕਾਇਤ ਦਰਜ ਕਰਾ ਦਿੱਤੀ, ਪਰ ਮਾਮਲਾ ਦਰਜ ਨਾ ਕੀਤਾ ਗਿਆ। ਕਾਂਗਰਸ ਲਗਾਤਾਰ ਮੰਗ ਕਰ ਰਹੀ ਹੈ ਕਿ ਧੱਕਾ-ਮੁੱਕੀ ਦੀ ਸੀ ਸੀ ਟੀ ਵੀ ਫੁਟੇਜ ਜਨਤਕ ਕੀਤੀ ਜਾਵੇ, ਪੂਰਾ ਸੱਚ ਸਾਹਮਣੇ ਆ ਜਾਵੇਗਾ, ਪਰ ਲੋਕ ਸਭਾ ਸਪੀਕਰ ਦਾ ਦਫ਼ਤਰ ਚੁੱਪ ਵੱਟੀ ਬੈਠਾ ਹੈ। ਇਹ ਪਹਿਲਾਂ ਵੀ ਹੋ ਚੁੱਕਾ ਹੈ, ਜਦੋਂ ਕਾਂਗਰਸ ਦੇ ਰਾਜ ਸਭਾ ਸਾਂਸਦ ਅਭਿਸ਼ੇਕ ਮਨੂੰ ਸਿੰਘਵੀ ਦੀ ਸੀਟ ਤੋਂ 500 ਦੇ ਨੋਟਾਂ ਦੀ ਗੱਟੀ ਮਿਲਣ ਦੀ ਗੱਲ ਸਾਹਮਣੇ ਆਈ ਸੀ ਤਾਂ ਸਿੰਘਵੀ ਨੇ ਸੀ ਸੀ ਟੀ ਵੀ ਫੁਟੇਜ ਪੇਸ਼ ਕਰਨ ਦੀ ਮੰਗ ਕੀਤੀ ਸੀ, ਪਰ ਅੱਜ ਤੱਕ ਉਹ ਫੁਟੇਜ ਜਨਤਕ ਨਹੀਂ ਕੀਤੀ ਗਈ।
ਬਾਬਾ ਸਾਹਿਬ ਦੇ ਅਮਿਤ ਸ਼ਾਹ ਵੱਲੋਂ ਕੀਤੇ ਅਪਮਾਨ ਵਿਰੁੱਧ ਦੇਸ਼-ਭਰ ਵਿੱਚ ਉਠੇ ਵਿਰੋਧ ਨੇ ਪ੍ਰਧਾਨ ਮੰਤਰੀ ਨੂੰ ਏਨਾ ਡਰਾ ਦਿੱਤਾ ਹੈ ਕਿ ਸੰਸਦ ਸਮਾਗਮ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਉਨ੍ਹਾ ਦਾ ਸਮਾਪਤੀ ਭਾਸ਼ਣ ਬਿਨਾਂ ਹੀ ਸਮਾਗਮ ਉਠਾ ਦਿੱਤਾ ਗਿਆ। ਬਿੱਲੀ ਨੂੰ ਦੇਖ ਕੇ ਅੱਖਾਂ ਮੀਟ ਲੈਣ ਨਾਲ ਕਬੂਤਰ ਦੀ ਜਾਨ ਨਹੀਂ ਬਚ ਜਾਂਦੀ। ਬਾਬਾ ਸਾਹਿਬ ਅੰਬੇਡਕਰ ਦਲਿਤਾਂ, ਪਛੜਿਆਂ ਦੇ ਮਸੀਹਾ ਹਨ। ਅਮਿਤ ਸ਼ਾਹ ਜਿਸ ਨਰਕ-ਸਵਰਗ ਦੀ ਗੱਲ ਕਰਦੇ ਹਨ, ਉਹ ਕਿਸੇ ਨੇ ਨਹੀਂ ਦੇਖਿਆ, ਪਰ ਦੇਸ਼ ਦੇ ਦਲਿਤਾਂ, ਪਛੜਿਆਂ ਤੇ ਔਰਤਾਂ ਨੇ ਨਰਕ ਵੀ ਭੋਗਿਆ ਹੈ ਤੇ ਉਸ ਨਰਕ ’ਚੋਂ ਨਿਕਲਣ ਦਾ ਸੰਵਿਧਾਨ ਰੂਪੀ ਰਾਹ ਬਣਾ ਦੇਣ ਵਾਲੇ ਬਾਬਾ ਸਾਹਿਬ ਉਨ੍ਹਾਂ ਲਈ ਭਗਵਾਨ ਤੋਂ ਵੀ ਵਧ ਕੇ ਹਨ। ਇਸ ਲਈ ਬਾਬਾ ਸਾਹਿਬ ਦੇ ਅਪਮਾਨ ਦੀ ਅੱਗ ਲੰਮੇ ਸਮੇਂ ਤੱਕ ਧੁਖਦੀ ਰਹੇਗੀ। ਵਿਰੋਧੀ ਧਿਰਾਂ ਨੂੰ ਇਸ ਮੌਕੇ ਨੂੰ ਅਜਾਈਂ ਨਹੀਂ ਜਾਣ ਦੇਣਾ ਚਾਹੀਦਾ। ਇਸ ਮੌਕੇ ਨੂੰ ਆਰ ਐੱਸ ਐੱਸ ਦੀ ਜਾਤੀ ਮਾਨਸਿਕਤਾ ਵਿਰੁੱਧ ਜਨ-ਸੰਘਰਸ਼ ਤੱਕ ਅੱਗੇ ਵਧਾਉਣਾ ਸਮੇਂ ਦੀ ਲੋੜ ਹੈ। ਅੱਜ ਲੋੜ ਹੈ ਬਾਬਾ ਸਾਹਿਬ ਦੇ ਜਾਤੀਵਾਦ ਤੇ ਹਿੰਦੂਤਵ ਵਿਰੁੱਧ ਪੇਸ਼ ਕੀਤੇ ਗਏ ਵਿਚਾਰਾਂ ਨੂੰ ਇਕ ਪੈਂਫਲਟ ਦੇ ਰੂਪ ਵਿੱਚ ਘਰ-ਘਰ ਪੁਚਾਉਣ ਦੀ, ਤਾਂ ਜੋ ਸੰਘ ਦੀ ਤਾਨਾਸ਼ਾਹੀ ਵਿਰੁੱਧ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਸੰਘਰਸ਼ ਦਾ ਕੇਂਦਰੀ ਮੁੱਦਾ ਬਣਾਇਆ ਜਾ ਸਕੇੇ।
-ਚੰਦ ਫਤਿਹਪੁਰੀ