ਗੁਰੂ ਹਰਸਹਾਏ (ਦੀਪਕ ਵਧਾਵਨ)
ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਕੌਂਸਲ ਮੈਂਬਰ ਅਤੇ ਬੇਰੁਜ਼ਗਾਰ ਨੌਜਵਾਨਾਂ ਦੇ ਰੁਜ਼ਗਾਰ ਲਈ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸਨ ਵੱਲੋਂ ਚਲਾਈ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੋਢੀ ਆਗੂਆਂ ਵਿੱਚੋਂ ਇਕ ਅਤੇ ਹਲਕੇ ਗੁਰੂ ਹਰਸਹਾਏ ਵਿੱਚ ਹੁੰਦੇ ਲੋਕ ਸੰਘਰਸ਼ਾਂ ਵਿੱਚ ਹਰ ਵੇਲੇ ਸਰਗਰਮ ਰਹਿਣ ਵਾਲੇ ਕਾਮਰੇਡ ਭਗਵਾਨ ਦਾਸ ਬਾਹਦਰਕੇ ਜਿਹਨਾ ਦੀ ਪਟਿਆਲਾ ਵਿਖੇ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ, ਦਾ ਅੰਤਮ ਸੰਸਕਾਰ ਉਹਨਾ ਦੇ ਜੱਦੀ ਪਿੰਡ ਬਹਾਦਰਕੇ ਵਿਖੇ ਕੀਤਾ ਗਿਆ। ਇਸ ਮੌਕੇ ਹਜ਼ਾਰਾਂ ਲੋਕਾਂ, ਪਾਰਟੀ ਵਰਕਰਾਂ, ਨੌਜਵਾਨਾਂ, ਵਿਦਿਆਰਥੀਆਂ, ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਇਨਕਲਾਬੀ ਜਥੇਬੰਦੀਆਂ ਦੇ ਕਾਰਕੁਨਾਂ, ਪਰਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਕਾਮਰੇਡ ਭਗਵਾਨ ਦਾਸ ਬਹਾਦਰਕੇ ਨੂੰ ਸੇਜਲ ਅੱਖਾਂ ਨਾਲ ਅੰਤਮ ਵਿਦਾਇਗੀ ਦਿੱਤੀ ਗਈ।
ਘਰ ਤੋਂ ਸ਼ਮਸ਼ਾਨਘਾਟ ਤੱਕ ਇਨਕਲਾਬੀ ਨਾਹਰਿਆਂ ‘ਕਾਮਰੇਡ ਭਗਵਾਨ ਅਮਰ ਰਹੇ’, ਸਾਥੀ ਭਗਵਾਨ ਤੇਰੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’ ਆਦਿ ਨਾਲ ਉਹਨਾ ਵੱਲੋਂ ਕੀਤੇ ਇਨਕਲਾਬੀ ਕਾਰਜ ਨੂੰ ਸਲਾਮ ਪੇਸ਼ ਕੀਤਾ ਗਿਆ।
ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਸਕੱਤਰ ਅਤੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੌਰਾਨ ਉਹਨਾ ਨਾਲ ਸ਼ੁਰੂਆਤ ਕਰਨ ਵਾਲੇ ਹੰਸ ਰਾਜ ਗੋਲਡਨ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਸੁਰਿੰਦਰ ਸਿੰਘ ਢੰਡੀਆਂ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ, ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂ ਵਾਲਾ, ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਸਾਬਕਾ ਆਗੂ ਕੁਲਦੀਪ ਭੋਲਾ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਜਗਸੀਰ ਖੋਸਾ, ਭਾਰਤੀ ਕਮਿਊਨਿਸਟ ਪਾਰਟੀ ਫਿਰੋਜ਼ਪੁਰ ਦੇ ਸਕੱਤਰ ਕਸ਼ਮੀਰ ਸਿੰਘ ਅਤੇ ਆਜ਼ਾਦੀ ਘੁਲਾਟੀਏ ਯੂਨੀਅਨ ਦੇ ਆਗੂਆਂ ਨਰਿੰਦਰ ਕੰਗ ਨੇ ਕਾਮਰੇਡ ਭਗਵਾਨ ਦਾਸ ਬਹਾਦਰਕੇ ਦੀ ਮਿ੍ਰਤਕ ਦੇਹ ’ਤੇ ਭਾਰਤੀ ਕਮਿਊਨਿਸਟ ਪਾਰਟੀ ਦਾ ਝੰਡਾ ਪਾ ਕੇ ਇਨਕਲਾਬੀ ਸਲਾਮੀ ਦਿੱਤੀ ਅਤੇ ਕਿਹਾ ਕਿ ਸਾਥੀ ਭਗਵਾਨ ਦਾਸ ਬਹਾਦਰਕੇ ਦੇ ਅਚਾਨਕ ਵਿਛੋੜਾ ਦੇਣ ਨਾਲ ਜਿੱਥੇ ਪਰਵਾਰ ਨੂੰ ਬਹੁਤ ਵੱਡਾ ਘਾਟਾ ਹੈ, ਉਥੇ ਭਾਰਤੀ ਕਮਿਊਨਿਸਟ ਪਾਰਟੀ ਅਤੇ ਹਰ ਸੰਘਰਸ਼ੀ ਧਿਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਕਤ ਆਗੂਆਂ ਨੇ ਪ੍ਰਣ ਕੀਤਾ ਕਿ ਉਹ ਕਾਮਰੇਡ ਭਗਵਾਨ ਦਾਸ ਬਹਾਦਰਕੇ ਦੇ ਅਧੂਰੇ ਰਹਿ ਗਏ ਕੰਮ ਨੂੰ ਪੂਰਾ ਕਰਨ ਲਈ ਸੰਘਰਸ਼ ਕਰਦੇ ਰਹਿਣਗੇ।
ਉਹਨਾਂ ਪਰਵਾਰ ਅਤੇ ਪਾਰਟੀ ਵਰਕਰਾਂ ਦੇ ਦੁੱਖ ’ਚ ਸ਼ਾਮਲ ਹੁੰਦਿਆਂ ਹੌਸਲਾ ਬਣਾਈ ਰੱਖਣ ਲਈ ਕਿਹਾ। ਕਾਮਰੇਡ ਭਗਵਾਨ ਦਾਸ ਬਹਾਦਰਕੇ ਨਮਿਤ ਸ਼ਰਧਾਂਜਲੀ ਸਮਾਗਮ 9 ਦਸੰਬਰ ਨੂੰ ਗੁਰਦੁਆਰਾ ਡੇਰਾ ਭਜਨਗੜ੍ਹ ਸਾਹਿਬ, ਗੋਲੂ ਕਾ ਮੋੜ ਵਿਖੇ 12 ਵਜੇ ਤੋਂ 1 ਵਜੇ ਤੱਕ ਹੋਵੇਗਾ।