14.2 C
Jalandhar
Monday, December 23, 2024
spot_img

ਪਨੂੰ ਵਿਵਾਦ ਦਰਮਿਆਨ ਐੱਫ ਬੀ ਆਈ ਡਾਇਰੈਕਟਰ ਦਾ ਦੌਰਾ ਅਗਲੇ ਹਫਤੇ

ਨਵੀਂ ਦਿੱਲੀ : ਅਮਰੀਕਾ ਦੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ ਬੀ ਆਈ) ਦੇ ਡਾਇਰੈਕਟਰ ਕਿ੍ਰਸਟੋਫਰ ਰੇਅ ਦੇ ਅਗਲੇ ਹਫਤੇ ਭਾਰਤ ਆਉਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਉਨ੍ਹਾ ਅੱਗੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪਨੂੰ ਦੇ ਮਾਮਲੇ ਨੂੰ ਚੁੱਕਣ ਦੀ ਤਿਆਰੀ ਕਰ ਰਹੀ ਹੈ। ਆਪਣੀ ਯਾਤਰਾ ਦੌਰਾਨ ਰੇਅ ਸੀ ਬੀ ਆਈ ਅਤੇ ਐੱਨ ਆਈ ਏ ਦੇ ਅਧਿਕਾਰੀਆਂ ਨੂੰ ਮਿਲਣਗੇ। ਰੇਅ ਦਾ ਦੌਰਾ ਉਦੋਂ ਹੋ ਰਿਹਾ ਹੈ, ਜਦੋਂ ਕੁਝ ਸਮਾਂ ਪਹਿਲਾਂ ਅਮਰੀਕਾ ਦੇ ਸਰਕਾਰੀ ਵਕੀਲਾਂ ਨੇ ਅਦਾਲਤ ਵਿਚ ਲਿਖ ਕੇ ਦਿੱਤਾ ਹੈ ਕਿ ਅਮਰੀਕਾ ਨੇ ਪਨੂੰ ਨੂੰ ਮਾਰਨ ਦੀ ਉਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ, ਜਿਸ ਵਿਚ ਭਾਰਤ ਦਾ ਇਕ ਅਧਿਕਾਰੀ ਤੇ ਅਮਰੀਕਾ ਰਹਿੰਦਾ ਇਕ ਭਾਰਤੀ ਸ਼ਾਮਲ ਸਨ।
ਪਿਛਲੇ ਦਿਨੀਂ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਭਾਰਤ ਦੌਰੇ ਦੌਰਾਨ ਵੀ ਪਨੂੰ ਮਾਮਲੇ ਵਿਚ ਚਰਚਾ ਕੀਤੀ ਸੀ। ਅਖਬਾਰ ‘ਵਾਸ਼ਿੰਗਟਨ ਪੋਸਟ’ ਨੇ ਪਿਛਲੇ ਹਫਤੇ ਖਬਰ ਦਿੱਤੀ ਸੀ ਕਿ ਅਮਰੀਕਾ ਸਰਕਾਰ ਪਨੂੰ ਖਿਲਾਫ ਸਾਜ਼ਿਸ਼ ਦਾ ਪੂਰਾ ਪਤਾ ਲਾਉਣ ਲਈ ਇਸ ਕਦਰ ਗੰਭੀਰ ਹੈ ਕਿ ਉਸ ਨੇ ਅਗਸਤ ਤੇ ਅਕਤੂਬਰ ਵਿਚ ਸੀ ਆਈ ਏ ਡਾਇਰੈਕਟਰ ਵਿਲੀਅਮ ਜੇ ਬਰਨਜ਼ ਤੇ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਐਵਰਿਲ ਹੇਨਸ ਨੂੰ ਭਾਰਤ ਘੱਲਿਆ ਸੀ। ਅਮਰੀਕਾ ਦੇ ਪਿ੍ਰੰਸੀਪਲ ਡਿਪਟੀ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਜੋਨਾਥਨ ਫਾਈਨਰ ਨੇ ਵੀ ਇਸੇ ਹਫਤੇ ਭਾਰਤ ਦਾ ਦੌਰਾ ਕੀਤਾ ਸੀ ਅਤੇ ਵਿਦੇਸ਼ ਮੰਤਰੀ ਜੈਸ਼ੰਕਰ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਵਿਦੇਸ਼ ਸਕੱਤਰ ਵਿਨੇ ਕਵਾਤੜਾ ਨਾਲ ਇਸ ਮਾਮਲੇ ’ਤੇ ਗੱਲਬਾਤ ਕੀਤੀ ਸੀ। ਫਾਈਨਰ ਨੇ ਭਾਰਤ ਨੂੰ ਕਿਹਾ ਕਿ ਅਮਰੀਕਾ ਸਾਜ਼ਿਸ਼ਕਾਰ ਦਾ ਪਤਾ ਲਾਉਣ ਲਈ ਗੰਭੀਰ ਹੈ। ਇਸੇ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀਰਵਾਰ ਰਾਜ ਸਭਾ ਵਿਚ ਕਿਹਾ ਕਿ ਭਾਰਤ ਨੇ ਅਮਰੀਕਾ ਤੋਂ ਮਿਲੀ ਜਾਣਕਾਰੀ ਦੀ ਘੋਖ ਕਰਨ ਲਈ ਜਾਂਚ ਕਮੇਟੀ ਕਾਇਮ ਕੀਤੀ ਹੈ, ਕਿਉਂਕਿ ਇਹ ਦੇਸ਼ ਦੀ ਕੌਮੀ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ। ਜੈਸ਼ੰਕਰ ਨੇ ਪ੍ਰਸ਼ਨ ਕਾਲ ਦੌਰਾਨ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾਜਿੱਥੋਂ ਤੱਕ ਅਮਰੀਕਾ ਦਾ ਸੰਬੰਧ ਹੈ, ਅਮਰੀਕਾ ਨਾਲ ਸਾਡੇ ਸੁਰੱਖਿਆ ਸਹਿਯੋਗ ਦੇ ਹਿੱਸੇ ਵਜੋਂ ਸਾਨੂੰ ਕੁਝ ਜਾਣਕਾਰੀਆਂ ਦਿੱਤੀਆਂ ਗਈਆਂ ਸਨ। ਉਹ ਜਾਣਕਾਰੀਆਂ ਸਾਡੇ ਲਈ ਚਿੰਤਾ ਦਾ ਵਿਸ਼ਾ ਹਨ, ਕਿਉਂਕਿ ਉਹ ਸੰਗਠਤ ਅਪਰਾਧ, ਤਸਕਰੀ ਦੇ ਗਠਜੋੜ ਨਾਲ ਸੰਬੰਧਤ ਹਨ।
ਉਨ੍ਹਾ ਨੂੰ ਇਹ ਵੀ ਪੁੱਛਿਆ ਗਿਆ ਕਿ ਕੈਨੇਡੀਅਨ ਸਰਕਾਰ ਵੱਲੋਂ ਲਾਏ ਦੋਸ਼ਾਂ ਸੰਬੰਧੀ ਅਜਿਹੇ ਕਦਮ ਕਿਉਂ ਨਹੀਂ ਚੁੱਕੇ ਗਏ। ਇਸ ਦੇ ਜਵਾਬ ’ਚ ਉਨ੍ਹਾ ਕਿਹਾਜਿਥੋਂ ਤੱਕ ਕੈਨੇਡਾ ਦਾ ਸੰਬੰਧ ਹੈ, ਸਾਨੂੰ ਕੋਈ ਖਾਸ ਸਬੂਤ ਜਾਂ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ। ਇਸ ਲਈ ਅਜਿਹਾ ਕਦਮ ਚੁੱਕਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਇੱਕ ਨੇ ਜਾਣਕਾਰੀ ਦਿੱਤੀ ਹੈ ਅਤੇ ਦੂਜੇ ਨੇ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ।

Related Articles

LEAVE A REPLY

Please enter your comment!
Please enter your name here

Latest Articles