ਮਜ਼ਦੂਰ ਵਰਗ ਨੂੰ ਉਸ ਦੀ ਤਾਕਤ ਤੇ ਸਮਰੱਥਾ ਦਾ ਅਹਿਸਾਸ ਕਰਾਉਣ ਦੀ ਲੋੜ : ਬਰਾੜ

0
125

ਸ਼ਾਹਕੋਟ (ਗਿਆਨ ਸੈਦਪੁਰੀ)
ਮਜ਼ਦੂਰ ਵਰਗ ਅੰਦਰ ਉਨ੍ਹਾਂ ਦੀ ਤਾਕਤ ਤੇ ਸਮਰੱਥਾ ਦਾ ਅਹਿਸਾਸ ਕਰਵਾਉਣ ਦੀ ਇਬਾਰਤ ਲਿਖੇ ਜਾਣ ਦੀ ਮਹੱਤਤਾ ਦੀ ਗੱਲ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਚੰਗੇਰਾ ਸਮਾਜ ਸਿਰਜਣ ਦੀ ਬੁਨਿਆਦ ਇਹੀ ਵਰਗ ਹੈ। ਮਜ਼ਦੂਰ ਵਰਗ ਹੀ ਇਨਕਲਾਬ ਦਾ ਮੋਹਰੀ ਹੋ ਸਕਦਾ ਹੈ। ਉਹ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿੱਚ ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਕੌਂਸਲ ਅਤੇ ਕੁੱਲ ਹਿੰਦ ਦਲਿਤ ਅਧਿਕਾਰ ਅੰਦੋਲਨ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਮਜਦੂਰ ਅਤੇ ਦਲਿਤ ਵਰਗ ਨੂੰ ਸਰਮਾਏਦਾਰੀ ਪ੍ਰਬੰਧ ਵੱਲੋਂ ਹਾਸ਼ੀਆਗਤ ਕਰਨ ਕਾਰਨ ਪਨਪ ਰਹੇ ਗੁੱਸੇ ਨੂੰ ਹਾਂ-ਪੱਖੀ ਵਰਤ ਕੇ ਜਥੇਬੰਦੀ ਦੀ ਤਾਕਤ ਵਧਾਉਣਾ ਸਮੇ ਦੀ ਲੋੜ ਹੈ। ਉਨ੍ਹਾ ਕਿਹਾ ਕਿ ਪੰਜਾਬ 35 ਫੀਸਦੀ ਦਲਿਤ ਅਬਾਦੀ, ਛੋਟਾ ਕਿਸਾਨ, ਛੋਟਾ ਕਾਰਖਾਨੇਦਾਰ ਅਤੇ ਦੁਕਾਨਦਾਰ ਆਪਸੀ ਜੋਟੀਆਂ ਪਾ ਕੇ ਵੱਡੀ ਤਾਕਤ ਬਣੇਗੀ। ਇਸ ਸਭ ਕਾਸੇ ਲਈ ਜਾਗਰਤ ਹੋਣ ਦੀ ਲੋੜ ਹੈ। ਸੂਝ ਦਾ ਪੱਲਾ ਫੜ ਕੇ ਹੀਣ ਭਾਵਨਾ ਨੂੰ ਵਗਾਹ ਮਾਰਨ ਦੀ ਵੀ ਜ਼ਰੂਰਤ ਹੈ। ਉਹਨਾ ਕਿਹਾ ਕਿ ਦਲਿਤ ਵਰਗ ਦੀ ਤਾਕਤ ਕਮਿਊਨਿਸਟ ਅੰਦੋਲਨ ਅਤੇ ਸਮਾਜ ਨੂੰ ਵੀ ਮਜ਼ਬੂਤੀ ਬਖਸ਼ਦੀ ਹੈ।
ਸੰਸਦ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾ. ਅੰਬੇਡਕਰ ਬਾਰੇ ਕੀਤੀਆਂ ਅਪਮਾਨਜਨਕ ਟਿੱਪਣੀਆ ਦੇ ਸੰਦਰਭ ਵਿੱਚ ਗੱਲ ਕਰਦਿਆਂ ਸੂਬਾ ਸਕੱਤਰ ਨੇ ਕਿਹਾ ਕਿ ਇਹ ਸੁਭਾਵਕ ਬੋਲੇ ਗਏ ਸ਼ਬਦ ਨਹੀਂ ਸਨ, ਇਹ ਨਾਗਪੁਰ ਤੋਂ ਬਣੀ ਉਸ ਯੋਜਨਾ ਦਾ ਹਿੱਸਾ ਹੈ, ਜਿਸ ਤਹਿਤ ਅਵਾਮ ਦੇ ਗੁਸੈਲੇ ਵੇਗ ਨੂੰ ਖਾਰਜ ਕਰਨ ਦੇ ਮਨਸੂਬੇ ਘੜੇ ਗਏ ਹਨ। ਉਨ੍ਹਾ ਕਿਹਾ ਕਿ ਅੰਬੇਡਕਰ ਦਾ ਮਜ਼ਾਕ ਉਡਾਉਣਾ ਦਲਿਤ ਦਾ ਨਿਰਾਧਰ ਹੈ।
ਕਾਮਰੇਡ ਬਰਾੜ ਨੇ ਮਨੂ ਸਿਮਰਤੀ ਨੂੰ ਜਾਤੀ ਭੇਦ-ਭਾਵ ਵਾਲਾ, 150 ਸਾਲ ਪਹਿਲਾਂ ਲਿਖੇ ਗਏ ‘ਕਮਿਊਨਿਸਟ ਮੈਨੂਫੈਸਟੋ’ ਦੀ ਅਜੋਕੇ ਦੌਰ ਵਿੱਚ ਪ੍ਰਸੰਗਿਕਤਾ ਅਤੇ ਭਾਰਤੀ ਸੰਵਿਧਾਨ ਦਾ ਦੇਸ਼ ਦੇ ਭਲੇ ਵਾਲਾ ਹੋਣ ਬਾਰੇ ਵੀ ਚਰਚਾ ਕੀਤੀ। ਸੂਬਾ ਸਕੱਤਰ ਨੇ ਸਤੰਬਰ 2025 ਵਿੱਚ ਚੰਡੀਗੜ੍ਹ ਵਿਖੇ ਹੋ ਰਹੀ ਪਾਰਟੀ ਕਾਂਗਰਸ ਦੀ ਗੱਲ ਕਰਦਿਆਂ ਕਿਹਾ ਕਿ ਇਹ ਇਤਿਹਾਸਕ ਪਲ ਹੋਣਗੇ। ਇਸ ਵਿੱਚ ਪੂਰੇ ਦੇਸ਼ ਵਿਚੋਂ 800 ਡੈਲੀਗੇਟ ਸ਼ਾਮਲ ਹੋਣਗੇ। ਪਹਿਲੇ ਦਿਨ ਰੈਲੀ ਹੋਵੇਗੀ। ਉਨ੍ਹਾ ਇਸ ਰੈਲੀ ਨੂੰ ਸਫਲ ਕਰਨ ਲਈ ਪੰਜਾਬ ਦੇ ਕਮਿਊਨਿਸਟਾਂ ਨੂੰ ਹੰੁਮ-ਹੁਮਾ ਕੇ ਪਹੁੰਚਣ ਦਾ ਸੱਦਾ ਦਿੱਤਾ।
ਸੀ ਪੀ ਆਈ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਅਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਗੋਰੀਆ ਨੇ ਦਲਿਤ ਅਤੇ ਮਜ਼ਦੂਰ ਵਰਗ ਨੂੰ ਦਰਪੇਸ਼ ਸਮੱਸਿਆਵਾਂ ਦਾ ਵਿਸਥਾਰ ਨਾਲ ਵਰਣਨ ਕੀਤਾ। ਉਨ੍ਹਾ ਕਿਹਾ ਕਿ ਖੇਤ ਮਜ਼ਦੂਰਾਂ ਵਿੱਚ ਵੱਡੀ ਗਿਣਤੀ ਦਲਿਤਾਂ ਦੀ ਹੈ। ਸਰਕਾਰ ਵੱਲੋਂ ਇਨ੍ਹਾਂ ਦੀਆਂ ਮੁੁਸ਼ਕਲਾਂ ਦੇ ਹੱਲ ਲਈ ਰਤੀ ਭਰ ਵੀ ਸੰਜੀਦਗੀ ਨਜ਼ਰ ਨਹੀਂ ਆਉਂਦੀ। ਇਸ ਲਈ ਬਣਦੇ ਹੱਕਾਂ ਦੀ ਪ੍ਰਾਪਤੀ ਲਈ ਬੱਝਵੇਂ ਸੰਘਰਸ਼ ਦੀ ਜਰੂਰਤ ਹੈ। ਕਾਮਰੇਡ ਗੋਰੀਆ ਨੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਵੱਲੋਂ ਕੀਤੇ ਗਏ ਘੋਲਾਂ ਅਤੇ ਸ਼ਾਨਦਾਰ ਪ੍ਰਾਪਤੀਆਂ ਦਾ ਵੀ ਵਿਸਥਾਰ ਨਾਲ ਜ਼ਿਕਰ ਕੀਤਾ। ਪ੍ਰਾਪਤੀਆਂ ਦੇ ਬਾਵਜੂਦ ਸਮਾਜਕ ਤੇ ਆਰਥਕ ਖੇਤਰ ਵਿੱਚ ਪਛੜਾਪਨ ਬਰਕਾਰ ਹੈ। ਪੂਰੇ ਭਾਰਤ ਵਿੱਚ ਛੂਤ-ਛਾਤ ਜਾਰੀ ਹੈ। ਪੰਜਾਬ ਵਿੱਚ ਸਿੱਖ ਗੁਰੂ ਸਾਹਿਬਾਨ ਸਦਕਾ ਇਹ ਬਿਮਾਰੀ ਘੱਟ ਹੈ। ਗੋਰੀਆ ਨੇ ਮਜ਼ਦੂਰ ਤੇ ਦਲਿਤ ਵਰਗ ਲਈ ਕੰਮ, ਚੰਗੀ ਸਿਹਤ ਲਈ ਪ੍ਰਬੰਧ, ਸਿੱਖਿਆ ਦੀ ਮੰਗ ਕਰਦਿਆਂ ਕਿਹਾ ਕਿ ਪੰਜ ਕਿਲੋ ਅਨਾਜ ਨਾਲ ਹਰ ਪੱਧਰ ’ਤੇ ਵਿਤਕਰੇ ਦਾ ਸ਼ਿਕਾਰ ਲੋਕਾਂ ਦੀ ਜ਼ਿੰਦਗੀ ਨਹੀਂ ਸੁਧਰ ਸਕਦੀ। ਉਨ੍ਹਾ ਜਗਜੀਤ ਸਿੰਘ ਡੱਲੇਵਾਲ ਵੱਲੋਂ ਕੀਤੀ ਜਾ ਰਹੀ ਭੁੱਖ ਹੜਤਾਲ ਕਾਰਨ ਉਨ੍ਹਾ ਦੀ ਵਿਗੜ ਰਹੀ ਸਿਹਤ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾ ਗ੍ਰਹਿ ਮੰਤਰੀ ਵੱਲੋਂ ਡਾ. ਅੰਬੇਡਕਰ ਵਿਰੁੱਧ ਕੀਤੀ ਟਿੱਪਣੀਆਂ ਦੀ ਨਿਖੇਧੀ ਕਰਦਿਆਂ ਉਹਨਾ ਦੇ ਅਸਤੀਫੇ ਦੀ ਮੰਗ ਕੀਤੀ। ਗੋਰੀਆ ਨੇ ਦਲਿਤ ਵਰਗ ਨੂੰ ਅਪੀਲ ਕੀਤੀ ਕਿ ਬਰਾਬਰਤਾ ਅਤੇ ਸਵੈਮਾਣ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇ। ਉਨ੍ਹਾ ਸਤੰਬਰ ਵਿੱਚ ਚੰਡੀਗੜ੍ਹ ਵਿੱਚ ਹੋ ਰਹੀ ਪਾਰਟੀ ਕਾਂਗਰਸ ਵਿੱਚ ਦੋ ਲੱਖ ਰੁਪਏ ਦਾ ਯੋਗਦਾਨ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਦਿੱਤੇ ਜਾਣ ਦਾ ਐਲਾਨ ਵੀ ਕੀਤਾ।
ਇਸ ਤੋਂ ਪਹਿਲਾਂ ਪ੍ਰੀਤਮ ਸਿੰਘ ਨਿਆਮਤਪੁਰ ਦੀ ਪ੍ਰਧਾਨਗੀ ਵਿੱਚ ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਕੌਂਸਲ ਦੀ ਮੀਟਿੰਗ ਦੇ ਸ਼ੁਰੂ ਵਿੱਚ ਪਿਛਲੇ ਸਮੇਂ ਵਿਛੋੜਾ ਦੇ ਗਏ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਰਿਪੋਰਟ ਪੇਸ਼ ਕੀਤੀ। ਇਸ ਰਿਪੋਰਟ ’ਤੇ ਹੋਈ ਚਰਚਾ ਵਿੱਚ ਮਿੱਠਾ ਸਿੰਘ ਘੁੱਦਾ, ਬਲਵੀਰ ਸਿੰਘ ਮੱਲ੍ਹੀ, ਮਹਿੰਗਾ ਰਾਮ, ਵਿਜੇ ਕੁਮਾਰ ਲੁਧਿਆਣਾ, ਮਾਸਟਰ ਅੰਮਿ੍ਰਤਪਾਲ ਸਿੰਘ ਬਾਕੀਪੁਰ ਆਦਿ ਨੇ ਹਿੱਸਾ ਲਿਆ। ਸਰਹਾਲੀ ਕਲਾਂ ਵੱਲੋਂ ਪੇਸ਼ ਰਿਪੋਰਟ ਨੂੰ ਜਨਰਲ ਕੌਂਸਲ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ।
ਇਸ ਦੌਰਾਨ ਕੁਲ ਹਿੰਦ ਦਲਿਤ ਅਧਿਕਾਰ ਅੰਦੋਲਨ ਦੀ ਐਡਹਾਕ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਦੀ ਕਨਵੀਨਰ ਦੇਵੀ ਕੁਮਾਰੀ ਸਰਹਾਲੀ ਕਲਾਂ ਅਤੇ ਵਿਜੇ ਕੁਮਾਰ ਤੇ ਗਿਆਨ ਸਿੰਘ ਨੂੰ ਕੋ-ਕਨਵੀਨਰ ਬਣਾਇਆ ਗਿਆ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਵਾ ਨਾਨਕ ਚੰਦ ਲੰਬੀ, ਸੁਰਜੀਤ ਸਿੰਘ ਸੋਹੀ ਬਠਿੰਡਾ, ਰਿਸ਼ੀਪਾਲ ਖੁੱਬਣ, ਸੁਖਦੇਵ ਸਿੰਘ ਤਰਨ ਤਾਰਨ, ਰਛਪਾਲ ਕੈਲੇ ਜਲੰਧਰ, ਸਿਕੰਦਰ ਸੰਧੂ, ਵੀਰ ਕੁਮਾਰ, ਸੰਤੋਖ ਪਾਲ ਵਿਰਦੀ, ਨਿਰੰਜਣ ਦਾਸ ਮੇਹਲੀ ਤੇ ਮੁਖਤਿਆਰ ਜਲਾਲਾਬਾਦ ਆਦਿ ਮੌਜੂਦ ਸਨ।