ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ‘ਇੰਡੀਆ’ ਗੱਠਜੋੜ ਦੇ ਨੇਤਾਵਾਂ ਦੀ 6 ਦਸੰਬਰ ਨੂੰ ਮੀਟਿੰਗ ਸੱਦੀ ਸੀ। ਅਗਲੇ ਦਿਨ ਹੀ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਕਿ ਉਹ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਰਹੇ। ਇਹ ਸਾਰੇ ਅਹਿਮ ਪਾਰਟੀਆਂ ਦੇ ਆਗੂ ਸਨ। ਮੀਡੀਆ ਵਿੱਚ ਆਏ ਬਿਆਨਾਂ ਮੁਤਾਬਕ ਜੇ ਡੀ ਯੂ ਦੇ ਚੇਅਰਪਰਸਨ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾ ਨੂੰ ਬੁਖਾਰ ਹੈ, ਇਸ ਲਈ ਉਹ ਮੀਟਿੰਗ ਵਿੱਚ ਨਹੀਂ ਜਾਣਗੇ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਸ ਦਿਨ ਉਨ੍ਹਾ ਦੇ ਹੋਰ ਰੁਝੇਵੇਂ ਹਨ। ਸਪਾ ਮੁਖੀ ਅਖਿਲੇਸ਼ ਯਾਦਵ ਨੇ ਵੀ ਮੀਟਿੰਗ ਵਿੱਚ ਖੁਦ ਸ਼ਾਮਲ ਹੋਣ ਤੋਂ ਅਸਮਰੱਥਾ ਪ੍ਰਗਟ ਕਰ ਦਿੱਤੀ। ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਨੇ ਚੱਕਰਵਾਤੀ ਤੂਫ਼ਾਨ ਕਾਰਨ ਨਾ ਆ ਸਕਣ ਦਾ ਕਹਿ ਦਿੱਤਾ। ਇਸੇ ਤਰ੍ਹਾਂ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਵੀ ਇਹ ਕਹਿ ਕੇ ਮੀਟਿੰਗ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਸੂਬੇ ਵਿੱਚ ਮਸਰੂਫ਼ ਹਨ। ਗੋਦੀ ਮੀਡੀਆ ਨੇ ਇਨ੍ਹਾਂ ਬਿਆਨਾਂ ਨੂੰ ਲੈ ਕੇ ਅਜਿਹਾ ਮਾਹੌਲ ਸਿਰਜਣਾ ਸ਼ੁਰੂ ਕਰ ਦਿੱਤਾ ਜਿਵੇਂ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਦੀਆਂ ਚੋਣਾਂ ਵਿੱਚ ਕਾਂਗਰਸ ਦੇ ਹਾਰ ਜਾਣ ਬਾਅਦ ‘ਇੰਡੀਆ’ ਗੱਠਜੋੜ ਦਾ ਹੀ ਭੋਗ ਪੈ ਗਿਆ ਹੋਵੇ।
ਇਨ੍ਹਾਂ ਖ਼ਬਰਾਂ ਤੋਂ ਬਾਅਦ ਕਾਂਗਰਸ ਪ੍ਰਧਾਨ ਵੱਲੋਂ ਮੀਟਿੰਗ ਮੁਲਤਵੀ ਕਰਕੇ 6 ਦਸੰਬਰ ਨੂੰ ਸੰਸਦੀ ਤਾਲਮੇਲ ਕਮੇਟੀ ਦੀ ਮੀਟਿੰਗ ਰੱਖ ਲਈ ਗਈ ਸੀ। ਮੀਡੀਆ ਨੇ ਜਦੋਂ ਪੂਰੀ ਤਰ੍ਹਾਂ ਖਲਾਰਾ ਪਾ ਦਿੱਤਾ ਤਾਂ ਬਾਕੀ ਪਾਰਟੀਆਂ ਦੇ ਆਗੂਆਂ ਨੂੰ ਵੀ ਹੋਸ਼ ਆ ਗਈ। ਸਭ ਤੋਂ ਪਹਿਲਾਂ ਨਿਤੀਸ਼ ਕੁਮਾਰ ਨੇ ਕਿਹਾ ਕਿ ਕੌਣ ਕਹਿੰਦਾ ਹੈ ਕਿ ਉਹ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ ਤੇ ਇੰਡੀਆ ਗੱਠਜੋੜ ਇਕਜੁੱਟ ਰਹੇਗਾ। ਮਮਤਾ ਬੈਨਰਜੀ ਨੇ ਵੀ ਕਹਿ ਦਿੱਤਾ ਕਿ ਉਹ ਮੀਟਿੰਗ ਵਿੱਚ ਜਾਵੇਗੀ।
ਇਨ੍ਹਾਂ ਸਾਰੇ ਆਗੂਆਂ ਦੇ ਸੁਰ ਬਦਲ ਜਾਣ ਦਾ ਹੀ ਨਤੀਜਾ ਸੀ ਕਿ 6 ਦਸੰਬਰ ਨੂੰ ਤਾਲਮੇਲ ਕਮੇਟੀ ਵਿੱਚ 17 ਪਾਰਟੀਆਂ ਦੇ ਆਗੂ ਪਹੁੰਚ ਗਏ। ਖੜਗੇ ਵੱਲੋਂ ਦਿੱਤੇ ਰਾਤ ਦੇ ਖਾਣੇ ਦੇ ਸੱਦੇ ਵਿੱਚ ਇਨ੍ਹਾਂ ਪਾਰਟੀਆਂ ਦੇ 38 ਆਗੂ ਸ਼ਾਮਲ ਸਨ।
‘ਇੰਡੀਆ’ ਦੀ ਇਕਜੁਟਤਾ ਦਾ ਸੁਨੇਹਾ ਦੇਣ ਲਈ ਰਾਹੁਲ ਗਾਂਧੀ ਖੁਦ ਸਾਰਿਆਂ ਨੂੰ ਮਿਲੇ। ਕਾਂਗਰਸ ਦੇ ਆਦੇਸ਼ ’ਤੇ ਤੇਲੰਗਾਨਾ ਦੇ ਨਾਮਜ਼ਦ ਮੁੱਖ ਮੰਤਰੀ ਰੇਵੰਤ ਰੈਡੀ ਨੇ ਸਭ ਭਾਈਵਾਲ ਪਾਰਟੀਆਂ ਦੇ ਆਗੂਆਂ ਨੂੰ ਉਨ੍ਹਾ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਹ ਮੀਟਿੰਗ ਸਦਭਾਵਨਾ ਦੇ ਮਹੌਲ ਵਿੱਚ ਹੋਈ ਤੇ ਸਭ ਨੇ ਪੁਰਾਣੀਆਂ ਗੱਲਾਂ ਭੁਲਾ ਕੇ ਅੱਗੇ ਵਧਣ ਦਾ ਸੰਕਲਪ ਲਿਆ।
ਇਸ ਮੀਟਿੰਗ ਵਿੱਚ ਸ਼ਿਵ ਸੈਨਾ ਤੇ ਤਿ੍ਰਣਮੂਲ ਕਾਂਗਰਸ ਦੇ ਆਗੂ ਹਾਜ਼ਰ ਨਹੀਂ ਸਨ, ਪਰ ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਦਿਨ ਵੇਲੇ ਖੜਗੇ ਨਾਲ ਮਿਲ ਕੇ ਆਪਣੀ ਮਜਬੂਰੀ ਦੱਸ ਦਿੱਤੀ ਸੀ। ਤਿ੍ਰਣਮੂਲ ਕਾਂਗਰਸ ਨੇ ਗਲਤਫਹਿਮੀ ਦੂਰ ਕਰਨ ਲਈ ਐਲਾਨ ਕਰ ਦਿੱਤਾ ਕਿ ਉਸ ਦੇ ਰਾਜ ਸਭਾ ਆਗੂ ਡੈਰੇਕ’ ਓ, ਬਰਾਇਨ ਹੈਦਰਾਬਾਦ ਵਿੱਚ ਰੇਵੰਤ ਰੈਡੀ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣਗੇ। ਕੁੱਲ ਮਿਲਾ ਕੇ ਇਸ ਮੀਟਿੰਗ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ‘ਇੰਡੀਆ’ ਗੱਠਜੋੜ ਦੇ ਆਗੂ ਇਕਜੁੱਟ ਹਨ।