ਪੀ ਆਰ ਟੀ ਸੀ ਦੇ ਰਿਟਾਇਰਡ ਮੁਲਾਜ਼ਮ ਸਨਮਾਨਤ

0
124

ਪਟਿਆਲਾ : ਬੀਤੇ ਦਿਨੀਂ ਪਟਿਆਲਾ ਵਿਖੇ ਪੀ ਆਰ ਟੀ ਸੀ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਵੱਲੋਂ ਪੀ ਆਰ ਟੀ ਸੀ ਪਟਿਆਲਾ ਡਿਪੂ ਦੇ 72 ਸੇਵਾ-ਮੁਕਤ ਸੀਨੀਅਰ ਸਿਟੀਜ਼ਨ ਕਰਮਚਾਰੀਆਂ ਦਾ ਲੋਈਆਂ ਅਤੇ ਮਿਮੈਂਟੋ ਦੇ ਕੇ ਸਨਮਾਨ ਕੀਤਾ ਗਿਆ ਅਤੇ ਮੌਜੂਦਾ ਨੌਕਰੀਆਂ ਕਰ ਰਹੇ ਏਟਕ ਦੇ ਕਰਮਚਾਰੀ ਮੈਂਬਰਾਂ ਵੱਲੋਂ ਇਸ ਸਾਰੇ ਸਮਾਗਮ ਲਈ ਸ਼ਾਨਦਾਰ ਖਾਣੇ ਦਾ ਪ੍ਰਬੰਧ ਕੀਤਾ ਗਿਆ। ਸੇਵਾ-ਮੁਕਤ ਕਰਮਚਾਰੀਆਂ ਦਾ ਇਹ ਸਨਮਾਨ ਸਮਾਰੋਹ ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰ ਪੀ ਆਰ ਟੀ ਸੀ ਵਰਕਰਜ਼ ਯੂਨੀਅਨ ਏਟਕ ਦੇ 19 ਦਸੰਬਰ ਨੂੰ 76ਵੇਂ ਜਨਮ ਦਿਨ ਨੂੰ ਸਮਰਪਿਤ ਕਰਕੇ ਆਯੋਜਿਤ ਕੀਤਾ ਗਿਆ ਸੀ।
ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਜਿਨ੍ਹਾਂ 72 ਸੇਵਾ-ਮੁਕਤ ਕਰਮਚਾਰੀਆਂ ਦਾ ਅੱਜ ਸਨਮਾਨ ਕੀਤਾ ਜਾ ਰਿਹਾ ਹੈ, ਇਹਨਾਂ ਵਿਚੋਂ ਵੱਡੀ ਗਿਣਤੀ ਉਹ ਹਨ, ਜਿਹੜੇ ਯੂਨੀਅਨ ਵਿੱਚ ਵੱਡੇ ਜਾਂ ਛੋਟੇ ਅਹੁਦਿਆਂ ’ਤੇ ਜਥੇਬੰਦੀ ਦਾ ਕੰਮ ਦਿ੍ਰੜ੍ਹਤਾ ਨਾਲ ਕਰਦੇ ਰਹੇ ਹਨ। ਉਹਨਾਂ ਵੱਲੋਂ ਟਰੇਡ ਯੂਨੀਅਨ ਸੰਘਰਸ਼ ਵਿੱਚ ਵਡਮੁੱਲਾ ਯੋਗਦਾਨ ਪਾਇਆ ਗਿਆ ਹੈ ਅਤੇ ਯੂਨੀਅਨ ਵੱਲੋਂ ਪੀ ਆਰ ਟੀ ਸੀ ਦੇ ਵਰਕਰਾਂ ਲਈ ਪੈਨਸ਼ਨ ਦੀ ਮੰਗ ਮੰਨਵਾ ਕੇ ਹਜ਼ਾਰਾ ਸੇਵਾ-ਮੁਕਤ ਕਰਮਚਾਰੀਆਂ ਦਾ ਜ਼ਿੰਦਗੀ ਦੇ ਬੁਢਾਪੇ ਦਾ ਪੰਧ ਸੌਖਾ ਕੀਤਾ। ਇਸ ਤੋਂ ਇਲਾਵਾ ਯੂਨੀਅਨ ਵੱਲੋਂ ਕੀਤੇ ਗਏ ਅਨੇਕਾ ਸੰਘਰਸ਼ਾਂ ਵਿੱਚ ਮੋਹਰੀ ਰੋਲ ਅਦਾ ਕੀਤਾ। ਸੇਵਾ-ਮੁਕਤੀ ਉਪਰੰਤ ਵੀ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਵਿੱਚ ਸਰਗਰਮੀ ਨਾਲ ਕੰਮ ਕਰ ਰਹੇ ਹਨ ਅਤੇ ਪੀ ਆਰ ਟੀ ਸੀ ਦੇ ਵਰਕਰਾਂ ਵੱਲੋਂ ਅਨੇਕਾਂ ਚੁਣੌਤੀਆਂ ਵਿਰੁੱਧ ਲੜੇ ਜਾ ਰਹੇ ਸੰਘਰਸ਼ਾਂ ਵਿੱਚ ਅੱਗੇ ਹੋ ਕੇ ਸਰਗਰਮ ਭੂਮਿਕਾ ਨਿਭਾ ਰਹੇ ਹਨ। ਦੇਸ਼ ਵਿੱਚ ਮੋਦੀ ਸਰਕਾਰ ਦੀਆਂ ਨਿੱਜੀਕਰਨ ਅਤੇ ਪਬਲਿਕ ਸੈਕਟਰ ਨੂੰ ਖਤਮ ਕਰਨ ਦੀਆਂ ਨੀਤੀਆਂ ਵਿਰੁੱਧ ਸਾਂਝੇ ਘੋਲਾਂ ਵਿੱਚ ਵੀ ਹਿੱਸਾ ਪਾ ਰਹੇ ਹਨ। ਸਮਾਰੋਹ ਦੇ ਅੰਤ ਵਿੱਚ ਨਿਰਮਲ ਸਿੰਘ ਧਾਲੀਵਾਲ, ਮੁਹੰਮਦ ਖਲੀਲ, ਉਤਮ ਸਿੰਘ ਬਾਗੜੀ, ਰਮੇਸ਼ ਕੁਮਾਰ, ਸੁਖਦੇਵ ਰਾਮ ਸੁੱਖੀ, ਗੁਰਵਿੰਦਰ ਸਿੰਘ ਗੋਲਡੀ ਅਤੇ ਕਰਮ ਚੰਦ ਗਾਂਧੀ ਵਲੋਂ 72 ਸੇਵਾ-ਮੁਕਤ ਕਰਮਚਾਰੀਆਂ ਨੂੰ ਸਨਮਾਨ ਭੇਟ ਕੀਤੇ ਗਏ। ਇਹ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਉਤਸ਼ਾਹਜਨਕ ਪ੍ਰੋਗਰਾਮ ਸੀ, ਜੋ ਇੱਕ ਨਿਵੇਕਲੀ ਛਾਪ ਛੱਡ ਗਿਆ।