ਸ਼ਿਮਲਾ : ਹਿਮਾਚਲ ਦੀ ਰਾਜਧਾਨੀ ਸ਼ਿਮਲਾ ’ਚ ਸੋਮਵਾਰ ਸੀਜ਼ਨ ਦੀ ਦੂਜੀ ਹਲਕੀ ਬਰਫਬਾਰੀ ਹੋਈ ਅਤੇ ਸੈਲਾਨੀ ਸ਼ਹਿਰ ਦੇ ਰਿਜ ਅਤੇ ਮਾਲ ਰੋਡ ’ਤੇ ਬਰਫਬਾਰੀ ਦਾ ਆਨੰਦ ਮਾਣਦੇ ਦੇਖੇ ਗਏ।
ਮੌਸਮ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਇੱਥੋਂ ਨੇੜਲੇ ਕੁਫਰੀ ਅਤੇ ਨਾਰਕੰਡਾ ਦੇ ਸੈਲਾਨੀ ਕੇਂਦਰਾਂ ਤੋਂ ਇਲਾਵਾ ਖੜਾ ਪੱਥਰ, ਚੌਰਧਰ ਅਤੇ ਚੰਸਾਲ ਸਣੇ ਉੱਚੇ ਪਹਾੜੀ ਇਲਾਕਿਆਂ ਵਿੱਚ ਵੀ ਬਰਫਬਾਰੀ ਹੋਈ ਹੈ। ਬਰਫਬਾਰੀ, ਜਿਸ ਨੂੰ ਅਕਸਰ ਸੇਬਾਂ ਲਈ ਚਿੱਟੀ ਖਾਦ ਕਿਹਾ ਜਾਂਦਾ ਹੈ, ਨੇ ਸ਼ਿਮਲਾ ਦੇ ਉੱਪਰਲੇ ਖੇਤਰ ਦੇ ਕਿਸਾਨਾਂ ’ਚ ਚੰਗੀ ਪੈਦਾਵਾਰ ਦੀ ਉਮੀਦ ਜਗਾਈ ਹੈ। ਸੇਬਾਂ ਦੀ ਪੈਦਾਵਾਰ ਹਿਮਾਚਲ ਦੀ ਆਰਥਿਕਤਾ ’ਚ ਲਗਭਗ 5,000 ਕਰੋੜ ਰੁਪਏ ਦਾ ਯੋਗਦਾਨ ਪਾਉਂਦੀ ਹੈ। ਬਰਫਬਾਰੀ ਨਾਲ ਸੈਲਾਨੀਆਂ ਦੀ ਆਮਦ ਵਧਣ ਦੀ ਉਮੀਦ ਹੈ, ਜਿਸ ਨਾਲ ਸਥਾਨਕ ਸੈਰ-ਸਪਾਟਾ ਕਾਰੋਬਾਰ ਨੂੰ ਹੁਲਾਰਾ ਮਿਲੇਗਾ। ਇਸ ਦੌਰਾਨ, ਹਿਮਾਚਲ ਦੇ ਹੇਠਲੇ ਇਲਾਕਿਆਂ ’ਚ ਤੇਜ਼ ਸੀਤ ਲਹਿਰ ਬਣੀ ਰਹੀ। ਊਨਾ, ਹਮੀਰਪੁਰ, ਚੰਬਾ, ਸੁੰਦਰਨਗਰ ਅਤੇ ਮੰਡੀ ਆਦਿ ਇਲਾਕੇ ਕੜਾਕੇ ਦੀ ਠੰਢ ਦੀ ਲਪੇਟ ਵਿਚ ਹਨ। ਭਾਰੀ ਠੰਢ ਕਾਰਨ ਮੱਧ ਅਤੇ ਉੱਚੀਆਂ ਪਹਾੜੀਆਂ ’ਚ ਕਈ ਥਾਵਾਂ ’ਤੇ ਪਾਣੀ ਦੀਆਂ ਪਾਈਪਾਂ ਜੰਮ ਗਈਆਂ। ਕੁਦਰਤੀ ਸਰੋਤ ਝਰਨੇ, ਨਾਲੇ ਅਤੇ ਦਰਿਆਵਾਂ ਦੀਆਂ ਸਹਾਇਕ ਨਦੀਆਂ ਜੰਮ ਗਈਆਂ ਹਨ। ਪਾਣੀ ਦਾ ਨਿਕਾਸ ਘਟਣ ਕਾਰਨ ਪਣ-ਬਿਜਲੀ ਉਤਪਾਦਨ ਪ੍ਰਭਾਵਤ ਹੋਇਆ ਹੈ।


