ਸ੍ਰੀਨਗਰ : ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਸ਼ਨੀਵਾਰ ੂੰ ਜੰਮ ਗਈ, ਇੱਥੇ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਮੌਸਮ ’ਚ ਪਹਿਲੀ ਵਾਰ ਸਥਾਨਕ ਲੋਕਾਂ ਨੂੰ ਰਾਤ ਸਮੇਂ ਪੀਣ ਵਾਲੀ ਪਾਣੀ ਦੀਆਂ ਪਾਈਪਾਂ ਨੂੰ ਜੰਮਣ ਤੋਂ ਬਚਾਉਣ ਲਈ ਪਾਈਪਾਂ ਦੇ ਨੇੜੇ ਅੱਗ ਬਾਲਦੇ ਦੇਖਿਆ ਗਿਆ। ਸਵੇਰੇ-ਸਵੇਰੇ ਬਾਹਰ ਨਿਕਲਣ ਵਾਲੇ ਸਥਾਨਕ ਲੋਕ ਟੋਪੀ ਅਤੇ ਮਫ਼ਲਰਾਂ ਦੇ ਨਾਲ ਊਨੀ ਕੱਪੜਿਆਂ ’ਚ ਦਿਖਾਈ ਦਿੱਤੇ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ, ‘ਸ੍ਰੀਨਗਰ ’ਚ ਰਾਤ ਦਾ ਘੱਟੋ-ਘੱਟ ਤਾਪਮਾਨ ਮਨਫੀ 4.6 ਡਿਗਰੀ, ਗੁਲਮਰਗ ’ਚ ਮਨਫੀ ਡਿਗਰੀ ਅਤੇ ਪਹਿਲਗਾਮ ’ਚ ਮਨਫੀ 5 ਡਿਗਰੀ ਰਿਹਾ। ਲੱਦਾਖ ਖੇਤਰ ਦੇ ਲੇਹ ’ਚ ਸ਼ਨੀਵਾਰ ਘੱਟੋ-ਘੱਟ ਤਾਪਮਾਨ ਮਨਫੀ 11.7 ਡਿਗਰੀ, ਕਾਰਗਿਲ ’ਚ ਮਨਫੀ 8.8 ਡਿਗਰੀ ਅਤੇ ਦਰਾਸ ’ਚ ਮਨਫੀ 11 ਡਿਗਰੀ ਰਿਹਾ। ਜੰਮੂ ਸ਼ਹਿਰ ’ਚ ਘੱਟੋ-ਘੱਟ ਤਾਪਮਾਨ 8.1, ਕਟੜਾ ’ਚ 8 ਡਿਗਰੀ, ਭਦਰਵਾਹ ’ਚ 0.5 ਡਿਗਰੀ ਅਤੇ ਬਨੀਹਾਲ ’ਚ ਮਨਫੀ 0.8 ਡਿਗਰੀ ਰਿਹਾ। ਮੌਸਮ ਵਿਭਾਗ ਅਨੁਸਾਰ ਪੰਜਾਬ ’ਚ 10 ਦਸੰਬਰ ਤੋਂ ਮੁੜ ਮੌਸਮ ’ਚ ਤਬਦੀਲੀ ਆਉਣ ਦੀ ਸੰਭਾਵਨਾ ਹੈ। ਇਸ ਦੌਰਾਨ 10 ਅਤੇ 11 ਦਸੰਬਰ ਨੂੰ ਤੇਜ਼ ਹਵਾਵਾਂ ਦੇ ਨਾਲ ਬੱਦਲ ਛਾਏ ਰਹਿਣਗੇ। 13 ਦਸੰਬਰ ਤੋਂ ਪੱਛਮੀ ਗੜਬੜੀ ਕਾਰਨ ਪੰਜਾਬ ’ਚ ਕਈ ਥਾਵਾਂ ’ਤੇ ਮੀਂਹ ਨਾਲ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ।





