ਨਵੀਂ ਦਿੱਲੀ : ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਤਿੰਨ ਸੂਬਿਆ ’ਚ ਜਿੱਤ ਮਿਲੀ, ਹੁਣ ਪਾਰਟੀ ਇਨ੍ਹਾਂ ਸੂਬਿਆਂ ’ਚ ਮੁੱਖ ਮੰਤਰੀ ਕੌਣ ਬਣੇਗਾ, ਇਹ ਤੈਅ ਨਹੀਂ ਕਰ ਪਾ ਰਹੀ। ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ’ਚ ਮੁੱਖ ਮੰਤਰੀ ਨੂੰ ਲੈ ਕੇ ਸਥਿਤੀ ਹਾਲੇ ਤੱਕ ਸਪੱਸ਼ਟ ਨਹੀਂ ਹੋ ਸਕੀ। ਦਿੱਲੀ ’ਚ ਚੱਲੇ ਮੁਲਾਕਾਤਾਂ ਦੇ ਦੌਰ ਅਤੇ ਮੀਟਿੰਗਾਂ ਤੋਂ ਬਾਅਦ ਪਾਰਟੀ ’ਚ ਸਹਿਮਤੀ ਨਹੀਂ ਬਣ ਪਾ ਰਹੀ, ਹੁਣ ਕਿਹਾ ਜਾ ਰਿਹਾ ਹੈ ਕਿ ਸੋਮਵਾਰ ਤੱਕ ਮੁੱਖ ਮੰਤਰੀਆਂ ਦੇ ਨਾਵਾਂ ਦਾ ਐਲਾਨ ਹੋ ਸਕਦਾ ਹੈ।
ਕੇਂਦਰੀ ਨੇਤਾਵਾਂ ਨੂੰ ਡਰ ਹੈ ਕਿ ਤਿੰਨਾਂ ਸੂਬਿਆਂ ’ਚ ਭਾਜਪਾ ਦੀ ਅੰਦਰੂਨੀ ਗੁੱਟਬਾਜ਼ੀ ਕਾਰਨ ਬਹੁਮਤ ਮਿਲਣ ਤੋਂ ਬਾਅਦ ਵੀ ਕਿਤੇ ਕਿਰਕਿਰੀ ਦਾ ਸਬੱਬ ਨਾ ਬਣ ਜਾਵੇ। ਇਸੇ ਕਾਰਨ ਸਿਖਰਲੀ ਅਗਵਾਈ ਮੁੱਖ ਮੰਤਰੀਆਂ ਦੇ ਚਿਹਰੇ ਨੂੰ ਲੈ ਕੇ ਬੇਹੱਦ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਭਾਜਪਾ ਹਾਈਕਮਾਂਡ ਮਤਲਬ ਮੋਦੀ, ਸ਼ਾਹ ਅਤੇ ਨੱਢਾ ਵਿਚਾਲੇ ਇਸ ਗੱਲ ਨੂੰ ਲੈ ਕੇ ਮੰਥਨ ਚੱਲ ਰਿਹਾ ਹੈ ਕਿ ਸਾਲ 2024 ਦੀਆਂ ਆਮ ਚੋਣਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਦਾ ਚਿਹਰਾ ਤੈਅ ਕੀਤਾ ਜਾਵੇ, ਤਾਂ ਕਿ ਪਾਰਟੀ ਨੂੰ ਅਗਾਮੀ ਆਮ ਚੋਣਾਂ ’ਚ ਵੀ ਉਸ ਦਾ ਲਾਭ ਮਿਲ ਸਕੇ। ਇਹੀ ਕਾਰਨ ਹੈ ਕਿ ਸੱਤਾ ’ਚ ਆਉਣ ਤੋਂ ਬਾਅਦ ਵੀ ਭਾਜਪਾ ਹਾਲੇ ਤੱਕ ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ’ਚ ਮੁੱਖ ਮੰਤਰੀ ਦੇ ਚਿਹਰੇ ’ਤੇ ਮੋਹਰ ਨਹੀਂ ਲਾ ਸਕੀ। ਭਾਜਪਾ ਦੇ ਅੰਦਰ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ‘ਇੱਕ ਅਨਾਰ, ਸੌ ਬਿਮਾਰ’ ਦੀ ਕਹਾਵਤ ਸੱਚ ਹੋ ਰਹੀ ਹੈ। ਕੇਂਦਰੀ ਅਬਜ਼ਰਵਰਾਂ ਦੀ ਟੀਮ ਐਤਵਾਰ ਜੈਪੁਰ ਪਹੁੰਚ ਕੇ ਵਿਧਾਇਕਾਂ ਨਾਲ ਮੀਟਿੰਗ ਕਰੇਗੀ। ਟੀਮ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ ਅਤੇ ਰਾਜ ਸਭਾ ਸਾਂਸਦ ਸਰੋਪ ਪਾਂਡੇ ਸ਼ਾਮਲ ਹਨ। ਰਾਜਸਥਾਨ ’ਚ ਮੁੱਖ ਮੰਤਰੀ ਨੂੰ ਲੈ ਕੇ ਵੱਡੇ ਪੱਧਰ ’ਤੇ ਜ਼ੋਰ-ਅਜ਼ਮਾਇਸ਼ ਹੋ ਰਹੀ ਹੈ। ਇਸ ਦੌੜ ’ਚ ਬਾਕੀ ਨੇਤਾਵਾਂ ਦੇ ਨਾਲ-ਨਾਲ ਨਾਲ ਬਾਬਾ ਬਾਲਕ ਨਾਥ ਦਾ ਨਾਂਅ ਵੀ ਹੈ, ਜਿਨ੍ਹਾ ਤਿਜਾਰਾ ਵਿਧਾਨ ਸਭਾ ਸੀਟ ਤੋਂ ਚੋਣ ਜਿੱਤੀ। ਹਾਲਾਂਕਿ ਉਨ੍ਹਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਨਾਲ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਉਨ੍ਹਾ ਆਪਣੇ ‘ਐਕਸ’ ਪਲੇਟਫਾਰਮ ’ਤੇ ਪੋਸਟ ਕਰਦੇ ਹੋਏ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਚਰਚਾਵਾਂ ਨੂੰ ਨਜ਼ਰਅੰਦਾਜ਼ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾ ਕਿਹਾਹਾਲੇ ਮੈਨੂੰ ਹੋਰ ਅਨੁਭਵ ਦੀ ਲੋੜ ਹੈ। ਉਨ੍ਹਾ ਦੀ ਇਸ ਪੋਸਟ ਤੋਂ ਬਾਅਦ ਬਾਬਾ ਬਾਲਕ ਨਾਥ ਦੇ ਮੁੱਖ ਮੰਤਰੀ ਅਹੁਦੇ ਦੀ ਦੌੜ ’ਚੋਂ ਬਾਹਰ ਹੋਣ ਦਾ ਕਿਆਸ ਲਾਇਆ ਜਾ ਰਿਹਾ ਹੈ। ਜਾਣਕਾਰਾਂ ਦਾ ਮੰਨੀਏ ਤਾਂ ਭਾਜਪਾ ਲੋਕ ਸਭਾ ਚੋਣਾਂ ਨੂੰ ਧਿਆਨ ’ਚ ਰੱਖਦੇ ਹੋਏ ਮੁੱਖ ਮੰਤਰੀ ਦੇ ਚਿਹਰੇ ’ਤੇ ਵਿਚਾਰ ਕਰ ਰਹੀ ਹੈ। ਇਸ ਦੌੜ ’ਚ ਸਭ ਤੋਂ ਪਹਿਲਾ ਨਾਂਅ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦਾ ਮੰਨਿਆ ਜਾ ਰਿਹਾ ਹੈ, ਦੂਜਾ ਨਾਂਅ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦਾ ਕਿਹਾ ਜਾ ਰਿਹਾ ਹੈ। ਇਸ ਤੋਂ ਬਾਅਦ ਨਾਂਅ ਆਉਂਦਾ ਹੈ ਜੈਪੁਰ ਰਾਜ ਘਰਾਣੇ ਦੀ ਦੀਆ ਕੁਮਾਰੀ ਦਾ। ਮੱਧ ਪ੍ਰਦੇਸ਼ ’ਚ ਸੋਮਵਾਰ ਭੁਪਾਲ ’ਚ ਭਾਜਪਾ ਦਫ਼ਤਰ ’ਚ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਗਈ ਹੈ। ਭਾਜਪਾ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਓ ਬੀ ਸੀ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਕੇ ਲਕਸ਼ਮਣ, ਰਾਸ਼ਟਰੀ ਜਨਰਲ ਸਕੱਤਰ ਆਸ਼ਾ ਲਾਕੜਾ ਨੂੰ ਮੱਧ ਪ੍ਰਦੇਸ਼ ਦਾ ਅਬਜ਼ਰਵਰ ਲਾਇਆ ਹੈ। ਮੱਧ ਪ੍ਰਦੇਸ਼ ’ਚ ਸ਼ਿਵਰਾਜ ਸਿੰਘ ਚੌਹਾਨ ਦੇ ਸਿਰ ’ਤੇ ਮੁੱਖ ਮੰਤਰੀ ਦਾ ਤਾਜ ਸਜੇਗਾ ਜਾਂ ਨਹੀਂ, ਨੂੰ ਲੈ ਕੇ ਕਈ ਤਰ੍ਹਾਂ ਗੱਲਾਂ ਕਹੀਆਂ ਜਾ ਰਹੀਆਂ ਹਨ। 11 ਦਸੰਬਰ ਨੂੰ ਭੁਪਾਲ ’ਚ ਵਿਧਾਇਕ ਦਲ ਦੀ ਮੀਟਿੰਗ ਹੈ। ਇਸ ਮੀਟਿੰਗ ’ਚ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਨਾਂਅ ਤੈਅ ਕੀਤੇ ਜਾਣ ਦੀ ਸੰਭਾਵਨਾ ਹੈ। ਕੇਂਦਰ ਵੱਲੋਂ ਭੇਜੇ ਗਏ ਅਬਜ਼ਰਵਰ ਮਨੋਹਰ ਲਾਲ ਖਟਰ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਪਾਰਟੀ ਵਿਧਾਇਕਾਂ, ਵਰਕਰਾਂ ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾ ਨਾਲ ਪਾਰਟੀ ਦੇ ਓ ਬੀ ਸੀ ਮੋਰਚੇ ਦੇ ਪ੍ਰਮੁੱਖ ਕੇ ਲਕਸ਼ਮਣ ਅਤੇ ਰਾਸ਼ਟਰੀ ਜਨਰਲ ਸਕੱਤਰ ਆਸ਼ਾ ਲਾਕੜਾ ਵੀ ਭੁਪਾਲ ਭੇਜੇ ਗਏ ਹਨ। ਹੁਣ ਤੱਕ ਜਿਨ੍ਹਾਂ ਨਾਵਾਂ ਦੀ ਚਰਚਾ ਹੈ, ਉਨ੍ਹਾਂ ’ਚ ਸਾਬਕਾ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ, ਕੇਂਦਰੀ ਮੰਤਰੀ ਪ੍ਰਲਾਹਦ ਸਿੰਘ ਪਟੇਲ, ਪਾਰਟੀ ਦੇ ਸੀਨੀਅਰ ਨੇਤਾ ਕੈਲਾਸ਼ ਵਿਜੈਵਰਗੀਆ ਦਾ ਨਾਂਅ ਸ਼ਾਮਲ ਹੈ।





