ਜਲੰਧਰ : ਐੱਨ ਆਰ ਆਈ ਸਭਾ ਪੰਜਾਬ ਦੇ ਪ੍ਰਧਾਨ ਦੀ 5 ਜਨਵਰੀ ਨੂੰ ਹੋਣ ਜਾ ਰਹੀ ਚੋਣ ਲਈ ਸੋਮਵਾਰ ਨਾਮਜ਼ਦਗੀਆਂ ਦੇ ਪਹਿਲੇ ਦਿਨ ਦੋ ਉਮੀਦਵਾਰਾਂ ਨੇ ਕਾਗਜ ਦਾਖਲ ਕੀਤੇ। 12 ਦਸੰਬਰ ਨੂੰ ਵੀ ਨਾਮਜ਼ਦਗੀ ਕਾਗਜ਼ ਦਾਖਲ ਹੋਣੇ ਹਨ। ਪਹਿਲੇ ਦਿਨ ਆਸਟ੍ਰੇਲੀਆ ਤੋਂ ਐੱਨ ਆਰ ਆਈ ਪਰਵਿੰਦਰ ਕੌਰ ਵਾਸੀ ਹੁਸ਼ਿਆਰਪੁਰ ਨੇ ਆਪਣੇ ਹਮਾਇਤੀਆਂ ਸਮੇਤ ਚੋਣ ਅਧਿਕਾਰੀ-ਕਮ-ਐੱਸ ਡੀ ਐੱਮ-2 ਬਲਬੀਰ ਰਾਜ ਸਿੰਘ ਕੋਲ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ। ਉਨ੍ਹਾ ਤੋਂ ਇਲਾਵਾ ਸਭਾ ਦੇ ਪ੍ਰਧਾਨ ਰਹਿ ਚੁੱਕੇ ਕਮਲਜੀਤ ਸਿੰਘ ਹੇਅਰ ਨੇ ਵੀ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ ਹਨ। ਚੋਣ ਅਧਿਕਾਰੀ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਪ੍ਰਧਾਨ ਦੀ ਚੋਣ ਲਈ 11 ਤੇ 12 ਦਸੰਬਰ ਨੂੰ ਦੋ ਦਿਨ ਨਾਮਜ਼ਦਗੀ ਪੱਤਰ ਲਏ ਜਾਣਗੇ। ਨਾਮਜ਼ਦਗੀ ਕਾਗਜ਼ਾਂ ਦੀ ਜਾਂਚ-ਪੜਤਾਲ 13 ਦਸੰਬਰ ਨੂੰ ਕੀਤੀ ਜਾਵੇਗੀ, ਜਿਸ ਲਈ ਉਮੀਦਵਾਰਾਂ ਨੂੰ ਸਵੇਰੇ 11 ਵਜੇ ਚੋਣ ਅਧਿਕਾਰੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। 1996 ਦੌਰਾਨ ਹੋਂਦ ’ਚ ਆਈ ਐੱਨ ਆਰ ਆਈ ਸਭਾ ਪੰਜਾਬ ਦੇ ਇਤਿਹਾਸ ’ਚ ਪਹਿਲੀ ਵਾਰ ਕਿਸੇ ਐੱਨ ਆਰ ਆਈ ਔਰਤ ਨੇ ਪ੍ਰਧਾਨਗੀ ਦੇ ਅਹੁਦੇ ਲਈ ਦਾਅਵਾ ਪੇਸ਼ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨਗੀ ਲਈ ਸਿਰਫ ਪੁਰਸ਼ ਐੱਨ ਆਰ ਆਈ ਹੀ ਚੋਣ ਲੜਦੇ ਰਹੇ ਹਨ। ਔਰਤ ਐੱਨ ਆਰ ਆਈ ਦੇ ਚੋਣ ਮੈਦਾਨ ’ਚ ਆਉਣ ਨਾਲ ਐੱਨ ਆਰ ਆਈ ਔਰਤਾਂ ਦੀ ਚੋਣਾਂ ਦੌਰਾਨ ਵੋਟਾਂ ਪਾਉਣ ਲਈ ਉਤਸੁਕਤਾ ਵਧਣ ਦੀ ਸੰਭਾਵਨਾ ਹੈ।




