ਮੈਲਬੋਰਨ : ਆਸਟ੍ਰੇਲੀਆ ਨੇ ਸੋਮਵਾਰ ਕਿਹਾ ਕਿ ਉਹ ਕੌਮਾਂਤਰੀ ਵਿਦਿਆਰਥੀਆਂ ਅਤੇ ਘੱਟ ਹੁਨਰ ਵਾਲੇ ਕਾਮਿਆਂ ਲਈ ਵੀਜ਼ਾ ਨਿਯਮਾਂ ਨੂੰ ਸਖਤ ਕਰ ਰਿਹਾ ਹੈ। ਇਸ ਦਾ ਉਦੇਸ਼ ਅਗਲੇ ਦੋ ਸਾਲਾਂ ’ਚ ਆਸਟ੍ਰੇਲੀਆ ’ਚ ਪ੍ਰਵਾਸੀਆਂ ਦੀ ਗਿਣਤੀ ਨੂੰ ਅੱਧਾ ਕਰਨਾ ਹੈ। ਨਵੀਂ ਨੀਤੀਆਂ ਦੇ ਤਹਿਤ ਕੌਮਾਂਤਰੀ ਵਿਦਿਆਰਥੀਆਂ ਨੂੰ ਅੰਗਰੇਜ਼ੀ ਪ੍ਰੀਖਿਆਵਾਂ ’ਚ ਉੱਚ ਰੇਟਿੰਗ ਪ੍ਰਾਪਤ ਕਰਨ ਦੀ ਲੋੜ ਹੋਵੇਗੀ। ਇਸ ਦੇ ਨਾਲ ਹੀ ਜਿਹੜੇ ਵਿਦਿਆਰਥੀ ਲੰਬੇ ਸਮੇਂ ਤੱਕ ਆਸਟ੍ਰੇਲੀਆ ’ਚ ਰਹਿਣਾ ਚਾਹੁੰਦੇ ਹਨ, ਉਨ੍ਹਾਂ ਦੀ ਦੂਸਰੀ ਵਾਰ ਵੀਜ਼ਾ ਅਪਲਾਈ ਕਰਨ ’ਤੇ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਜਾਵੇਗੀ। ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਕਲੇਰ ਓ’ਨੀਲ ਨੇ ਕਿਹਾ-ਸਾਡੀ ਰਣਨੀਤੀ ਵਧਦੀ ਮਾਈਗ੍ਰੇਸ਼ਨ ਗਿਣਤੀ ਨੂੰ ਆਮ ਸਥਿਤੀ ’ਚ ਲਿਆਏਗੀ। ਇਹ ਆਸਟ੍ਰੇਲੀਆ ਦੇ ਭਵਿੱਖ ਬਾਰੇ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਪਿਛਲੇ ਹਫਤੇ ਕਿਹਾ ਸੀ ਕਿ ਆਸਟ੍ਰੇਲੀਆ ’ਚ ਪ੍ਰਵਾਸੀਆਂ ਦੀ ਗਿਣਤੀ ਨੂੰ ਟਿਕਾਊ ਪੱਧਰ ’ਤੇ ਵਾਪਸ ਲਿਆਉਣ ਦੀ ਲੋੜ ਹੈ। ਪ੍ਰਵਾਸ ਸੰਬੰਧੀ ਇੱਕ ਸਿਸਟਮ ਬਣਾਇਆ ਗਿਆ ਸੀ, ਜੋ ਟੁੱਟ ਗਿਆ ਹੈ। 2022-23 ’ਚ ਇਮੀਗ੍ਰੇਸ਼ਨ ਦੇ ਰਿਕਾਰਡ 510,000 ਤੱਕ ਪਹੁੰਚਣ ਤੋਂ ਬਾਅਦ ਆਸਟ੍ਰੇਲੀਆ ਨੇ ਆਪਣੇ ਵੀਜ਼ਾ ਨਿਯਮਾਂ ਨੂੰ ਸਖਤ ਕਰਨ ਦਾ ਫੈਸਲਾ ਕੀਤਾ ਹੈ। 2022-23 ’ਚ ਪ੍ਰਵਾਸ ’ਚ ਇਹ ਵਾਧਾ ਕੌਮਾਂਤਰੀ ਵਿਦਿਆਰਥੀਆਂ ਕਾਰਨ ਹੋਇਆ ਹੈ। ਹਰ ਸਾਲ ਭਾਰਤ ਤੋਂ ਵੱਡੀ ਗਿਣਤੀ ’ਚ ਵਿਦਿਆਰਥੀ ਪੜ੍ਹਾਈ ਲਈ ਆਸਟ੍ਰੇਲੀਆ ਜਾਂਦੇ ਹਨ। ਗਲੋਬਲ ਡਾਟਾ ਅਤੇ ਬਿਜ਼ਨਸ ਇੰਟੈਲੀਜੈਂਸ ਪਲੇਟਫਾਰਮ ਸਟੈਟਿਸਟਾ ਦੀ ਇੱਕ ਰਿਪੋਰਟ ਦੇ ਅਨੁਸਾਰ ਜੁਲਾਈ 2023 ਤੱਕ 118,869 ਭਾਰਤੀ ਵਿਦਿਆਰਥੀ ਆਸਟ੍ਰੇਲੀਆ ’ਚ ਪੜ੍ਹ ਰਹੇ ਸਨ। ਆਸਟ੍ਰੇਲੀਆ ਦੇ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਜੂਨ 2021 ਦੇ ਅੰਤ ਤੱਕ ਭਾਰਤੀ ਮੂਲ ਦੇ 710,380 ਲੋਕ ਆਸਟ੍ਰੇਲੀਆ ’ਚ ਰਹਿ ਰਹੇ ਸਨ। 30 ਜੂਨ 2011 ਨੂੰ ਇਹ ਗਿਣਤੀ 337,120 ਸੀ। ਬਿ੍ਰਟੇਨ ਤੋਂ ਬਾਅਦ ਆਸਟ੍ਰੇਲੀਆ ’ਚ ਭਾਰਤੀ ਮੂਲ ਦੇ ਸਭ ਤੋਂ ਜ਼ਿਆਦਾ ਲੋਕ ਹਨ।


