33.9 C
Jalandhar
Saturday, October 19, 2024
spot_img

ਮੋਦੀ ਜੁੰਡਲੀ ਦਾ ਤਾਨਾਸ਼ਾਹੀ ਰਵੱਈਆ ਹਿਟਲਰ ਰਾਜ ਦੀ ਸਥਾਪਤੀ ਵੱਲ ਸੰਕੇਤ : ਅਰਸ਼ੀ

ਮਾਨਸਾ (ਆਤਮਾ ਸਿੰਘ ਪਮਾਰ)
ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਅਤੇ ਕਾਨੂੰਨਾਂ ਨੂੰ ਦਰਕਿਨਾਰ ਕਰ ਮੋਦੀ ਜੁੰਡਲੀ ਨੇ ਤਾਨਾਸ਼ਾਹੀ ਰਵੱਈਆ ਅਖਤਿਆਰ ਕਰਦਿਆਂ ਲੋਕਤੰਤਰੀ ਢਾਂਚੇ ਦਾ ਗਲਾ ਘੁੱਟ ਕੇ ਹਿਟਲਰ ਰਾਜ ਨੂੰ ਜਨਮ ਵਰਗਾ ਸੰਕੇਤ ਦੇ ਦਿੱਤਾ ਹੈ, ਜੋ ਦੇਸ ਦੀ ਏਕਤਾ ਤੇ ਅਖੰਡਤਾ ਲਈ ਗੰਭੀਰ ਸੰਕਟ ਪੈਦਾ ਕਰੇਗਾ। ਸਾਡੇ ਪਵਿੱਤਰ ਸੰਵਿਧਾਨਿਕ ਅਦਾਰੇ ਪਾਰਲੀਮੈਂਟ ਮੈਂਬਰਾਂ ਨੂੰ ਸੰਸਦ ਤੋਂ ਮੁਅੱਤਲ ਕਰਨਾ ਤੇ ਸੰਸਦ ਵਿੱਚ ਰੁਜ਼ਗਾਰ ਤੇ ਮੋਦੀ ਸਰਕਾਰ ਦੇ ਰਵੱਈਏ ਖਿਲਾਫ ਪ੍ਰਦਰਸ਼ਨ ਕਰਨ ਵਾਲੇ ਨੌਜਵਾਨਾਂ ’ਤੇ ਯੂ ਏ ਪੀ ਏ ਲਗਾਉਣਾ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਿਕ ਕਾਰਵਾਈ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਨੇੜਲੇ ਪਿੰਡ ਦਲੇਲ ਸਿੰਘ ਵਾਲਾ ਵਿਖੇ ਮੁਜ਼ਾਰਾ ਲਹਿਰ ਦੇ ਮੋਢੀ ਉੱਘੇ ਦੇਸ਼ ਭਗਤ, ਮਹਾਨ ਕਮਿਊਨਿਸਟ ਆਗੂ ਤੇ ਸਾਬਕਾ ਵਿਧਾਇਕ ਕਾਮਰੇਡ ਧਰਮ ਸਿੰਘ ਫੱਕਰ ਦੀ 50ਵੀਂ ਬਰਸੀ ਮੌਕੇ ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾ ਕਿਹਾ ਕਿ ਮੋਦੀ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਪੀੜਤਾਂ ਨੂੰ ਨਿਆਂ ਦਿਵਾਉਣ, ਦੇਸ਼ ਵਿਰੋਧੀ ਤੇ ਸੰਵਿਧਾਨ ਵਿਰੋਧੀ ਤਾਕਤਾਂ ਨੂੰ ਸੱਤਾ ਤੋਂ ਲਾਂਭੇ ਕਰਨ ਲਈ 2024 ਦੀਆਂ ਆਮ ਚੋਣਾਂ ਮੌਕੇ ਵਿਸ਼ਾਲ ਏਕਤਾ ਕਰਨਾ ਵਿਰੋਧੀ ਧਿਰਾਂ ਦੀ ਅਣਸਰਦੀ ਲੋੜ ਹੈ।
ਕਮਿਊਨਿਸਟ ਆਗੂ ਨੇ ਹਾਜ਼ਰ ਇਕੱਠ ਨੂੰ ਖਬਰਦਾਰ ਕਰਦਿਆਂ ਕਿਹਾ ਕਿ ਅਗਰ ਮੋਦੀ ਜੁੰਡਲੀ ਖਿਲਾਫ ਲੋਕ ਲਹਿਰ ਉਸਾਰਨ ਵਿੱਚ ਕਿਸੇ ਤਰ੍ਹਾਂ ਦੀ ਕਮੀ-ਪੇਸ਼ੀ ਰਹੀ ਤਾਂ ਫਾਸ਼ੀਵਾਦੀ ਤਾਕਤਾਂ ਤੇ ਆਰ ਅੱੈਸ ਐੱਸ ਮਨੂੰਵਾਦ ਨੂੰ ਲਾਗੂ ਕਰਨ ਲਈ ਸੰਵਿਧਾਨ, ਧਰਮ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਤੋਂ ਵੀ ਸੰਕੋਚ ਨਹੀਂ ਕਰੇਗਾ।
ਕਾਨਫਰੰਸ ਨੂੰ ਸੰਯੁਕਤ ਮੋਰਚੇ ਦੇ ਉੱਘੇ ਆਗੂਆਂ ਰੁਲਦੂ ਸਿੰਘ ਮਾਨਸਾ, ਕੁਲਵੰਤ ਸਿੰਘ ਕਿਸ਼ਨਗੜ੍ਹ, ਰਾਜ ਸਿੰਘ ਅਕਲੀਆਂ, ਛੱਜੂ ਰਾਮ ਰਿਸ਼ੀ, ਭਜਨ ਸਿੰਘ ਘੁੰਮਣ ਤੇ ਮਲਕੀਤ ਮੰਦਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਣੀ, ਪਾਣੀ, ਕਿਸਾਨ, ਮਜ਼ਦੂਰ ਤੇ ਨੌਜਵਾਨ ਵਰਗ ਨੂੰ ਲੋਕ ਦੋਖੀ ਸਰਕਾਰਾਂ ਤੋਂ ਨਿਜਾਤ ਪਾਉਣ ਲਈ ਕਾਮਰੇਡ ਫੱਕਰ ਵਰਗੇ ਮਹਾਨ ਆਗੂਆਂ ਦੀ ਸੋਚ ’ਤੇ ਪਹਿਰਾ ਦੇਣਾ ਸਮੇਂ ਦੀ ਮੁੱਖ ਲੋੜ ਦੱਸਿਆ ਅਤੇ ਕਿਹਾ ਕਿ ਤੀਹਰੀ ਗੁਲਾਮੀ ਰਜਵਾੜਾਸ਼ਾਹੀ, ਜਗੀਰਦਾਰੀ ਤੇ ਸਰਦਾਰਾਂ ਤੋਂ ਮੁਜ਼ਾਰਿਆਂ ਦੀ ਗੁਲਾਮੀ ਨੂੰ ਮੁਕਤ ਕਰਵਾ ਕੇ ਜ਼ਮੀਨਾਂ ਖੋਹ ਕੇ ਬੇ-ਜ਼ਮੀਨਿਆਂ ਵਿੱਚ ਵੰਡ ਕੇ ਮੁਜ਼ਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਹੁਣ ਸਮੇਂ ਦੀ ਹਕੂਮਤ ਕਾਰਪੋਰੇਟ ਘਰਾਣਿਆਂ ਨੂੰ ਸਾਡੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਵੇਚਣ ਲਈ ਉਤਾਵਲੀ ਹੋ ਰਹੀ ਹੈ, ਜਿਸ ਖਿਲਾਫ ਲੋਕਾਂ ਨੂੰ ਵੱਡੇ ਅੰਦੋਲਨ ਲਈ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ।
ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਿ੍ਰਸ਼ਨ ਚੌਹਾਨ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ, ਕਿਸਾਨ ਆਗੂ ਮਲਕੀਤ ਸਿੰਘ ਮੰਦਰਾਂ ਨੇ ਸੂਬਾ ਸਰਕਾਰ ’ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਗਤ ਸਿੰਘ ਤੇ ਡਾ. ਅੰਬੇਡਕਰ ਦੀ ਸੋਚ ਦੇ ਐਨ ਉਲਟ ਪ੍ਰੋਗਰਾਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਉਹਨਾ ਔਰਤਾਂ ਲਈ ਇੱਕ ਹਜ਼ਾਰ ਰੁਪਏ ਭੱਤਾ ਜਾਰੀ ਕਰਨ ਸਮੇਤ ਚੋਣ ਵਾਅਦਿਆਂ ਨੂੰ ਪੂਰਾ ਕਰਨ ਦੀ ਮੰਗ ਬਰਸੀ ਸਮੇਂ ਬੋਲਦਿਆਂ ਕੀਤੀ।
ਕਾਨਫਰੰਸ ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲੋਂ ਅਤੇ ਏਟਕ ਆਗੂ ਕਰਨੈਲ ਭੀਖੀ ਦੀ ਅਗਵਾਈ ਤੇ ਗੁਰਦਿਆਲ ਸਿੰਘ, ਸੀਤਾਰਾਮ ਗੋਬਿੰਦਪੁਰਾ, ਦਲਜੀਤ ਮਾਨਸ਼ਾਹੀਆ, ਕਰਨੈਲ ਸਿੰਘ ਭੀਖੀ, ਗੁਰਪਿਆਰ ਫੱਤਾ, ਮਨਜੀਤ ਗਾਮੀਵਾਲਾ ਅਤੇ ਸੱਤਪਾਲ ਕੌਰ ਖੀਵਾ ਦੇ ਪ੍ਰਧਾਨਗੀ ਮੰਡਲ ਹੇਠ ਸਫਲਤਾਪੂਰਵਕ ਨੇਪਰੇ ਚੜ੍ਹੀ। ਇਸ ਮੌਕੇ ਨਾਟਕ ਟੀਮ ਵੱਲੋਂ ਲੋਕ-ਪੱਖੀ ਨਾਟਕ ਖੇਡੇ ਗਏ ਅਤੇ ਲੋਕ ਗਾਇਕਾਂ ਵੱਲੋਂ ਗੀਤ ਵੀ ਪੇਸ਼ ਕੀਤੇ ਗਏ। ਕਾਨਫਰੰਸ ਦੌਰਾਨ ਕਾਮਰੇਡ ਫੱਕਰ ਦੇ ਪਰਵਾਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕਰਨ ਤੋਂ ਇਲਾਵਾ ਪੜ੍ਹਾਈ ਤੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵੀ ਵਿਸ਼ੇਸ਼ ਸਨਮਾਨਾਂ ਨਾਲ ਨਿਵਾਜਿਆ ਗਿਆ। ਹੋਰਨਾਂ ਤੋਂ ਇਲਾਵਾ ਵੇਦ ਪ੍ਰਕਾਸ਼ ਬੁਢਲਾਡਾ, ਕੇਵਲ ਸਮਾਓ, ਜਗਰਾਜ ਹਰੀਕੇ, ਗੁਰਨਾਮ ਭੀਖੀ, ਅਮਰੀਕ ਫਫੜੇ, ਨਰੇਸ਼ ਬੁਰਜ ਹਰੀ, ਸੁਖਰਾਜ ਜੋਗਾ, ਸੁਖਦੇਵ ਮਾਨਸਾ, ਗੁਰਦੇਵ ਦਲੇਲ ਸਿੰਘ ਵਾਲਾ, ਰਤਨ ਭੋਲਾ, ਹਰਪਾਲ ਬੱਪੀਆਣਾ, ਕਪੂਰ ਸਿੰਘ ਕੋਟ ਲੱਲੂ, ਭੋਲਾ ਸਿੰਘ ਸਮਾਓ, ਰਜਿੰਦਰ ਹੀਰੇਵਾਲਾ, ਪੱਪੀ ਮੂਲਾ ਸਿੰਘ ਵਾਲਾ, ਹਰਮੀਤ ਬੋੜਾਵਾਲ, ਮਨਜੀਤ ਮੀਹਾਂ, ਭੁਪਿੰਦਰ ਗੁਰਨੇ, ਮੇਜਰ ਸਿੰਘ ਦਲੇਲ ਸਿੰਘ ਵਾਲਾ ਆਦਿ ਆਗੂਆਂ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਵਾਈ। ਸਟੇਜ ਸਕੱਤਰ ਦੀ ਭੂਮਿਕਾ ਐਡਵੋਕੇਟ ਕੁਲਵਿੰਦਰ ਉੱਡਤ ਵੱਲੋਂ ਨਿਭਾਈ ਗਈ।

Related Articles

LEAVE A REPLY

Please enter your comment!
Please enter your name here

Latest Articles