ਜੰਮੂ : ਪੁਣਛ ਜ਼ਿਲ੍ਹੇ ਵਿਚ ਦਹਿਸ਼ਤਗਰਦਾਂ ਨੇ ਵੀਰਵਾਰ ਫੌਜੀ ਟਰੱਕ ’ਤੇ ਘਾਤ ਲਾ ਕੇ ਹਮਲਾ ਕਰ ਦਿੱਤਾ। ਸ਼ੁਰੂਆਤੀ ਰਿਪੋਰਟਾਂ ਵਿਚ ਤਿੰਨ ਜਵਾਨਾਂ ਦੇ ਜ਼ਖਮੀ ਹੋਣ ਦੀ ਗੱਲ ਕਹੀ ਗਈ ਸੀ। ਗਹਿਗੱਚ ਮੁਕਾਬਲਾ ਚਲ ਰਿਹਾ ਸੀ। ਇਸਤੋਂ ਪਹਿਲਾਂ 22 ਨਵੰਬਰ ਨੂੰ ਰਾਜੌਰੀ ਵਿਚ ਮੁਕਾਬਲੇ ’ਚ 5 ਜਵਾਨ ਸ਼ਹੀਦ ਹੋ ਗਏ ਸਨ।
ਸੂਤਰਾਂ ਮੁਤਾਬਕ ਥਾਣਾ ਮੰਡੀ-ਸੂਰਨਕੋਟ ਰੋਡ ’ਤੇ ਡੇਰਾ ਕੀ ਗਲੀ (ਡੀ ਕੇ ਜੀ) ਨਾਂਅ ਨਾਲ ਜਾਣੇ ਜਾਂਦੇ ਇਲਾਕੇ ਵਿਚ ਟਰੱਕ ਬੁਫਲਿਆਜ਼ ਤੋਂ ਜਵਾਨਾਂ ਨੂੰ ਲੈ ਕੇ ਜਾ ਰਿਹਾ ਸੀ। ਸੂਰਨਕੋਟ ਤੇ ਬੁਫਲਿਆਜ਼ ਵਿਚ ਬੁੱਧਵਾਰ ਰਾਤ ਤੋਂ ਜਵਾਨਾਂ ਨੇ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਚਲਾਈ ਹੋਈ ਸੀ। ਦਹਿਸ਼ਤਗਰਦਾਂ ਨਾਲ ਸਾਹਮਣਾ ਵੀਰਵਾਰ ਹੋਇਆ।ਡੀ ਜੀ ਪੀ ਐੱਸ ਪੀ ਵੈਦ ਨੇ ਕਿਹਾ ਕਿ ਟਰੱਕ ’ਤੇ ਹਮਲਾ ਪਾਕਿਸਤਾਨ ਨੇ ਯੋਜਨਾਬੱਧ ਢੰਗ ਨਾਲ ਕਰਵਾਇਆ। ਧਾਰਾ 370 ਹਟਣ ਦੇ ਬਾਅਦ ਜਿਹੜੀਆਂ ਹਾਂ-ਪੱਖੀ ਤਬਦੀਲੀਆਂ ਹੋਈਆਂ ਹਨ, ਦਹਿਸ਼ਤਗਰਦ ਉਸਦਾ ਬਿਆਨੀਆ ਬਦਲਣਾ ਚਾਹੁੰਦੇ ਹਨ। 19-20 ਦਸੰਬਰ ਦੀ ਰਾਤ ਨੂੰ ਸੂਰਨਕੋਟ ਇਲਾਕੇ ਵਿਚ ਇਕ ਪੁਲਸ ਕੈਂਪ ਵਿਚ ਧਮਾਕਾ ਹੋਇਆ ਸੀ, ਜਿਸ ਨਾਲ ਕਈ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ ਸਨ। ਬੀ ਐੱਸ ਐੱਫ ਦੇ ਸੀਨੀਅਰ ਅਧਿਕਾਰੀ ਨੇ 16 ਦਸੰਬਰ ਨੂੰ ਕਿਹਾ ਸੀ ਕਿ ਪਾਕਿਸਤਾਨ ਵੱਲੋਂ 250 ਤੋਂ 300 ਤਕ ਦਹਿਸ਼ਤਗਰਦ ਘੁਸਪੈਠ ਕਰਨ ਦੀ ਤਿਆਰੀ ਵਿਚ ਹਨ।


