ਮੁੰਬਈ : ਮਹਾਨ ਗਾਇਕ ਮੁਹੰਮਦ ਰਫੀ ਦੀ ਜਨਮ ਸ਼ਤਾਬਦੀ ਮੌਕੇ ਮੁੰਬਈ ’ਚ ਸ਼ਾਨਦਾਰ ਸਮਾਰੋਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਪੰਜਾਬ ’ਚ ਉਨ੍ਹਾ ਦੀ ਜਨਮ ਭੂਮੀ ’ਤੇ 100 ਫੁੱਟ ਉੱਚਾ ‘ਰਫੀ ਮੀਨਾਰ’ ਬਣਾਇਆ ਜਾ ਰਿਹਾ ਹੈ। ਮੁਹੰਮਦ ਰਫੀ ਦਾ ਜਨਮ 24 ਦਸੰਬਰ 1924 ਨੂੰ ਅੰਮਿ੍ਰਤਸਰ ਦੇ ਪਿੰਡ ਕੋਟਲਾ ਸੁਲਤਾਨ ਸਿੰਘ ਵਿੱਚ ਹੋਇਆ ਸੀ। ਉਨ੍ਹਾ 31 ਜੁਲਾਈ 1980 ਨੂੰ ਦੁਨੀਆ ਛੱਡੀ ਸੀ। ਵਰਲਡ ਆਫ ਮੁਹੰਮਦ ਰਫੀ ਵੈੱਲਫੇਅਰ ਫਾਊਂਡੇਸਨ ਅਤੇ ਸ੍ਰੀ ਸਨਮੁਖਾਨੰਦ ਫਾਈਨ ਆਰਟਸ ਐਂਡ ਸੰਗੀਤ ਸਭਾ ਦੇ ਸਹਿਯੋਗ ਨਾਲ ਐਤਵਾਰ ਸਨਮੁਖਾਨੰਦ ਹਾਲ ਵਿਖੇ ਮੁੱਖ ਸਮਾਗਮ ਹੋਵੇਗਾ, ਜਿਸ ਵਿੱਚ 24 ਦਸੰਬਰ ਨੂੰ ਰਫੀ ਦੇ 100ਵੇਂ ਜਨਮ ਦਿਨ ਤੋਂ ਸਾਲ 2024 ਦੇ ਅਗਲੇ 12 ਮਹੀਨਿਆਂ ਵਿੱਚ ਨਿਯਤ ਪ੍ਰੋਗਰਾਮਾਂ ਦੀ ਲੜੀ ਦੇ ਨਾਲ ਮੈਗਾ ਸੰਗੀਤਕ ਸਮਾਰੋਹ ਨਾਲ ਸਮਾਪਤੀ ਹੋਵੇਗੀ। ਫਾਊਂਡੇਸ਼ਨ ਦੇ ਸੰਸਥਾਪਕ-ਨਿਰਦੇਸ਼ਕ ਐੱਨ ਆਰ ਵੈਂਕਟਾਚਲਮ ਨੇ ਦੱਸਿਆ ਕਿ ਸ਼ਤਾਬਦੀ ਸਾਲ ਵਿੱਚ ਹਰ ਕੈਲੰਡਰ ਮਹੀਨੇ ਦੀ 24 ਤਰੀਕ ਨੂੰ 12 ਵਿਸ਼ੇਸ਼ ਸੰਗੀਤ ਸਮਾਰੋਹ ਹੋਣਗੇ, ਜਿਸ ਵਿੱਚ ਸਿਰਫ ਮੁਹੰਮਦ ਰਫੀ ਦੇ ਗੀਤ ਹੋਣਗੇ।



