20.9 C
Jalandhar
Saturday, October 19, 2024
spot_img

ਮਾਈਕਰੋ ਫਾਇਨਾਂਸ ਕੰਪਨੀਆਂ ਗਰੀਬ ਪਰਵਾਰਾਂ ਨੂੰ ਬਣਾ ਰਹੀਆਂ ਨਿਸ਼ਾਨਾ : ਅਰਸ਼ੀ, ਬਰਾੜ

ਅੰਮਿ੍ਰਤਸਰ : ਇੱਥੇ ਜ਼ਿਲ੍ਹਾ ਕਚਹਿਰੀਆਂ ਵਿਖੇ ਮਾਈਕਰੋ ਫਾਇਨਾਂਸ ਕੰਪਨੀਆਂ ਵੱਲੋਂ ਗਰੀਬ/ ਦਲਿਤ ਪਰਵਾਰਾਂ ਨੂੰ ਮਾਰੂ ਕਰਜ਼ਿਆਂ ਦੇ ਜਾਲ ਵਿੱਚ ਫਸਾਉਣ ਦੇ ਵਿਰੋਧ ਵਿੱਚ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਨੂੰ ਮਜ਼ਦੂਰਾਂ ਦੀ ਕੁੱਲ ਹਿੰਦ ਜਥੇਬੰਦੀ ਏਟਕ ਦੀ ਜਨਰਲ ਸਕੱਤਰ ਅਮਰਜੀਤ ਕੌਰ, ਸੀ ਪੀ ਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ, ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ, ਅਮਰਜੀਤ ਸਿੰਘ ਆਸਲ, ਲਖਬੀਰ ਸਿੰਘ ਨਿਜ਼ਾਮਪੁਰਾ, ਵਿਜੇ ਕਪੂਰ ਤੇ ਦਸਵਿੰਦਰ ਕੌਰ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੱਸਿਆ ਕਿ ਕਿਵੇਂ ਮਾਈਕਰੋ ਫਾਇਨਾਂਸ ਕੰਪਨੀਆਂ ਗਰੀਬਾਂ ਅਤੇ ਦਲਿਤ ਪਰਵਾਰਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀਆਂ ਹਨ। ਇਹਨਾਂ ਕੰਪਨੀਆਂ ਵੱਲੋਂ ਗਰੀਬ ਅਤੇ ਦਲਿਤ ਪਰਵਾਰਾਂ ਨੂੰ ਆਪਣੇ ਕਰਜ਼ੇ ਦੇ ਜਾਲ ਵਿੱਚ ਫਸਾ ਕੇ ਉਹਨਾਂ ਕੋਲੋਂ ਅਣਅਧਿਕਾਰਤ/ ਗੈਰ-ਕਾਨੂੰਨੀ ਭਾਰੀ ਵਸੂਲੀਆਂ ਕੀਤੀਆਂ ਜਾ ਰਹੀਆਂ ਹਨ। ਕਰਜ਼ਾ ਦੇਣ ਸਮੇਂ ਹੀ ਕਰਜ਼ੇ ਦੀ ਰਕਮ ਦਾ ਕਾਫੀ ਹਿੱਸਾ ਵਿਚੋਲਿਆਂ ਨੂੰ ਦਿੱਤਾ ਜਾਂਦਾ ਹੈ, ਪਰ ਕਰਜ਼ੇ ਦਾ ਸਾਰਾ ਬੋਝ ਕਰਜ਼ਾਧਾਰੀ ਉਪਰ ਹੀ ਪਾਇਆ ਜਾਂਦਾ ਹੈ। ਹਫਤਾਵਾਰੀ ਕਿਸ਼ਤਾਂ ਰਾਹੀਂ ਵਿਆਜ ਦੀ ਰਕਮ ਅਤੇ ਮੂਲ ਦਾ ਕੁਝ ਹਿੱਸਾ ਵਸੂਲਿਆ ਜਾਂਦਾ ਹੈ। ਸਾਰਾ ਹੀ ਕਾਰੋਬਾਰ/ਵਸੂਲੀ ਨਗਦੀ ਦੇ ਰੂਪ ਵਿੱਚ ਕੀਤਾ ਜਾਂਦੀ ਹੈ, ਕਿਤੇ ਵੀ ਉਸ ਦਾ ਰਿਕਾਰਡ ਨਹੀਂ ਰਹਿਣ ਦਿੱਤਾ ਜਾਂਦਾ। ਕਰਜ਼ਦਾਰ ਨੂੰ ਇਹ ਦੱਸਿਆ ਹੀ ਨਹੀਂ ਜਾਂਦਾ ਕਿ ਵਿਆਜ ਦੀ ਦਰ ਕਿੰਨੇ ਪ੍ਰਤੀਸ਼ਤ ਹੈ। ਵਸੂਲ ਕੀਤੀ ਰਕਮ ਦਾ ਕੋਈ ਵੀ ਹਿਸਾਬ ਨਹੀਂ ਦਿੱਤਾ ਜਾਂਦਾ। ਇੱਕ ਵਿਅਕਤੀ ਨੂੰ 20,000 ਰੁਪਏ ਤੋਂ ਲੈ ਕੇ ਇੱਕ ਲੱਖ ਰੁਪਏ ਤੱਕ ਦੇ 4-4, 5-5 ਅਤੇ 6-6 ਕਰਜ਼ੇ ਦਿੱਤੇ ਜਾਂਦੇ ਹਨ। ਗਰੀਬ ਲੋਕ ਵਿਆਜ ਦੇ ਪੈਸੇ ਦੇਣ ਲਈ ਵੀ ਮੁੜ ਕਰਜ਼ੇ ਲੈ ਰਹੇ ਹਨ। ਕਰਜ਼ਧਾਰੀਆਂ ਨੂੰ ਘਰਾਂ ਦੇ ਖਰਚੇ ਚਲਾਉਣੇ ਮੁਸ਼ਕਲ ਹੋ ਰਹੇ ਹਨ। ਇਹ ਕਾਰੋਬਾਰ ਮੁੱਖ ਤੌਰ ’ਤੇ ਗਰੀਬ/ਦਲਿਤ ਆਬਾਦੀਆਂ ਵਿੱਚ ਹੀ ਚੱਲ ਰਿਹਾ ਹੈ। ਰੈਲੀ ਤੋਂ ਬਾਅਦ 9500 ਤੋਂ ਵਧੇਰੇ ਕਰਜ਼ਾਧਾਰੀਆਂ ਦੇ ਦਸਤਖਤਾਂ ਵਾਲੀਆਂ ਦਰਖਾਸਤਾਂ ਦਾ ਬੰਡਲ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਨੂੰ ਦਿੱਤਾ ਗਿਆ, ਜੋ ਮੁੱਖ ਮੰਤਰੀ ਪੰਜਾਬ ਦੇ ਨਾਂਅ ਹੈ, ਜਿਸ ਵਿੱਚ ਮੰਗ ਕੀਤੀ ਗਈ ਕਿ ਇਹਨਾਂ ਗਰੀਬ ਤੇ ਦਲਿਤ ਕਰਜ਼ਾਧਾਰੀਆਂ ਦਾ ਇਹ ਸਾਰਾ ਕਰਜ਼ਾ ਮਾਫ ਕੀਤਾ ਜਾਵੇ। ਇੱਕ ਵੱਖਰਾ ਮੰਗ ਪੱਤਰ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਨੂੰ ਦਿੱਤਾ ਗਿਆ। ਉਹਨਾ ਮੰਗ ਪੱਤਰ ’ਤੇ ਗੌਰ ਕਰਨ ਦਾ ਯਕੀਨ ਦਿਵਾਇਆ ਅਤੇ ਕਿਹਾ ਕਿ ਮਾਈਕਰੋ ਫਾਇਨਾਂਸ ਕੰਪਨੀਆਂ ਦੇ ਨਾਵਾਂ ਦੀ ਲਿਸਟ ਦਿੱਤੀ ਜਾਵੇ। ਰੈਲੀ ਵਿੱਚ ਐਲਾਨ ਕੀਤਾ ਗਿਆ ਕਿ ਅਗਲੀ ਰੈਲੀ 31 ਜਨਵਰੀ ਨੂੰ ਇਸੇ ਹੀ ਥਾਂ ਉਪਰ ਜ਼ਿਲ੍ਹਾ ਕਚਹਿਰੀਆਂ ਅੰਮਿ੍ਰਤਸਰ ਵਿਖੇ ਕੀਤੀ ਜਾਵੇਗੀ ਅਤੇ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ। ਇਸ ਮੌਕੇ ਸਤਦੇਵ ਸੈਣੀ ਸਕੱਤਰ ਪਠਾਨਕੋਟ ਸੀ ਪੀ ਆਈ, ਗੁਰਦੀਪ ਸਿੰਘ ਗਿੱਲਵਾਲੀ, ਕੁਲਵੰਤ ਰਾਏ ਬਾਵਾ, ਬਲਦੇਵ ਸਿੰਘ ਵੇਰਕਾ, ਹਰੀ ਕੈਲੇ, ਪ੍ਰੇਮ ਸਿੰਘ, ਮਨੋਹਰ ਲਾਲ, ਰਾਕੇਸ਼ ਹਾਂਡਾ, ਜਸਬੀਰ ਸਿੰਘ ਤੇ ਜੈਮਲ ਸਿੰਘ ਆਦਿ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles