ਮਨਜੀਤ ਸਿੰਘ ਜੀਕੇ ਦੀ ਘਰ ਵਾਪਸੀ

0
205

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਸਰਪ੍ਰਸਤ ਮਨਜੀਤ ਸਿੰਘ ਜੀ ਕੇ ਦੀ ਸ਼੍ਰੋਮਣੀ ਅਕਾਲੀ ਦਲ (ਬਾਦਲ) ’ਚ ਵਾਪਸੀ ਹੋ ਗਈ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ। ਇਸ ਮੌਕੇ ਕਈ ਹੋ ਆਗੂਆਂ ਨੇ ਵੀ ਵਾਪਸੀ ਕੀਤੀ। ਵਾਪਸੀ ਤੋਂ ਪਹਿਲਾਂ ਜੀਕੇ ਨੇ ਕਿਹਾ ਸੀਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਸਮੇਂ ਦੀਆਂ ਸਰਕਾਰਾਂ ਸਾਡੀ ਗੱਲ ਸੁਣ ਨਹੀਂ ਰਹੀਆਂ, ਜਿਸ ਦੇ ਮੱਦੇਨਜ਼ਰ ਸਾਰੀਆਂ ਪੰਥਕ ਧਿਰਾਂ ਨੂੰ ਇੱਕਜੁਟ ਹੋਣ ਦੀ ਲੋੜ ਹੈ। ਇਸੇ ਕਰਕੇ ਮੈਂ ਘਰ ਵਾਪਸੀ ਦਾ ਫੈਸਲਾ ਲਿਆ ਹੈ। 2019 ’ਚ ਜੀਕੇ ਨੂੰ ਭਿ੍ਰਸ਼ਟਾਚਾਰ ਦੇ ਸੰਗੀਨ ਇਲਜ਼ਾਮਾਂ ’ਚ ਘਿਰਨ ’ਤੇ ਅਕਾਲੀ ਦਲ ਨੇ ਕੱਢ ਸੀ, ਜਿਸ ਮਗਰੋਂ ਉਨ੍ਹਾ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਤੋਂ ਵੀ ਅਸਤੀਫਾ ਦੇ ਦਿੱਤਾ ਸੀ ਅਤੇ ‘ਜਾਗੋ’ ਪਾਰਟੀ ਬਣਾ ਲਈ ਸੀ। ਇਸੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਸਿੱਖ ਆਬਾਦੀ ਵਾਲੇ ਸਾਰੇ ਰਾਜਾਂ ’ਚ ਪਾਰਟੀ ਇਕਾਈਆਂ ਦਾ ਗਠਨ ਕੀਤਾ ਜਾਵੇਗਾ। ਉਨ੍ਹਾ ਸ੍ਰੀ ਪਟਨਾ ਸਾਹਿਬ ਤੇ ਮੁੰਬਈ ਦੀ ਸਿੱਖ ਸੰਗਤ ਨਾਲ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਰਿਹਾਇਸ਼ ’ਤੇ ਹੋਈ ਮੀਟਿੰਗ ਮਗਰੋਂ ਕਿਹਾ ਕਿ 30 ਦਸੰਬਰ ਨੂੰ ਇਸ ਉਦੇਸ਼ ਨਾਲ ਅਕਾਲੀ ਦਲ ਦੀ ਟੀਮ ਸ੍ਰੀ ਪਟਨਾ ਸਾਹਿਬ ਜਾਵੇਗੀ ਅਤੇ ਉਥੇ ਸਥਾਨਕ ਸਿੱਖ ਸੰਗਤ ਨਾਲ ਮੀਟਿੰਗਾਂ ਕਰਕੇ ਇਕਾਈ ਸਥਾਪਤ ਕਰਨ ਵਾਸਤੇ ਲੋੜੀਂਦੇ ਸਾਰੇ ਪ੍ਰਬੰਧ ਕਰੇਗੀ।

LEAVE A REPLY

Please enter your comment!
Please enter your name here