24 C
Jalandhar
Friday, October 18, 2024
spot_img

ਫਾਸ਼ੀਵਾਦੀ ਤਾਕਤਾਂ ਨੂੰ ਹਰਾਉਣਾ ਸਮੇਂ ਦੀ ਅਣਸਰਦੀ ਲੋੜ : ਅਰਸ਼ੀ

ਮਾਨਸਾ (ਆਤਮਾ ਸਿੰਘ ਪਮਾਰ)-ਜਮਹੂਰੀਅਤ ਅਤੇ ਸੰਵਿਧਾਨਿਕ ਸੰਸਥਾਵਾਂ ਦੀ ਮਰਿਆਦਾ ਨੂੰ ਭੰਗ ਕਰਕੇ, ਫਿਰਕੂ ਜ਼ਹਿਰ ਫੈਲਾਅ ਕੇ ਤੇ ਭਾਈਚਾਰਕ ਸਾਂਝ ਨੂੰ ਤੋੜ ਕੇ ਫਾਸ਼ੀਵਾਦੀ ਤਾਕਤਾਂ ਵੱਲੋਂ ਸਿਰਫ ਇੱਕੋ ਫਿਰਕੇ ਦਾ ਰਾਜ ਸਥਾਪਤ ਕਰਨ ਦੀਆਂ ਕੋਝੀਆਂ ਚਾਲਾਂ ਚੱਲਣ ਦਾ ਯਤਨ ਕੀਤਾ ਜਾ ਰਿਹਾ ਹੈ, ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਢਾਹ ਲਾ ਰਹੀਆਂ ਹਨ। ਇਸ ਦੇ ਖਿਲਾਫ ਮਜ਼ਬੂਤ ਲੋਕ ਚੇਤਨਾ ਦਾ ਹੋਣਾ ਤੇ ਫਿਰਕੂ ਫਾਸ਼ੀਵਾਦੀ ਤਾਕਤਾਂ ਨੂੰ ਹਰਾਉਣਾ ਸਮੇਂ ਦੀ ਅਣਸਰਦੀ ਲੋੜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸੀ ਪੀ ਆਈ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਗੈਰ-ਸੰਵਿਧਾਨਕ ਤਰੀਕੇ ਨਾਲ ਦੇਸ਼ ਦੀ ਸੰਸਦ ਨੂੰ ਵਿਰੋਧੀ ਧਿਰ ਮੁਕਤ ਕਰਨ ਲਈ ਵੱਡੀ ਗਿਣਤੀ ਵਿੱਚ ਸਾਂਸਦਾਂ ਨੂੰ ਮੁਅੱਤਲ ਕਰਕੇ ਮੋਦੀ ਹਕੂਮਤ ਨੇ ਤਾਨਾਸ਼ਾਹੀ ਤੇ ਗੈਰ-ਲੋਕਤੰਤਰੀ ਵਤੀਰੇ ਦਾ ਪ੍ਰਗਟਾਵਾ ਕੀਤਾ ਹੈ, ਜੋ ਕਿ ਅਤਿ-ਨਿੰਦਣਯੋਗ ਹੈ। ਇਸ ਮੌਕੇ ਉਹਨਾ ਪਾਰਟੀ ਦਾ ਝੰਡਾ ਲਹਿਰਾਇਆ ਤੇ ਵਰਕਰਾਂ ਨੇ ਇਸ ਸ਼ੁਭ ਦਿਹਾੜੇ ਦੀ ਖੁਸ਼ੀ ਵਿੱਚ ਲੱਡੂ ਵੰਡੇ। ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਿ੍ਰਸ਼ਨ ਚੌਹਾਨ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਪਾਰਟੀ ਪ੍ਰੋਗਰਾਮ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਸਮੇਤ ਸਾਰੇ ਮਿਹਨਤਕਸ਼ ਲੋਕਾਂ ਤੱਕ ਪਹੁੰਚ ਬਣਾਈ ਜਾਵੇ। ਇਸ ਮੌਕੇ ਪਾਰਟੀ ਦੀ ਜ਼ਿਲ੍ਹਾ ਇਕਾਈ ਵੱਲੋਂ ਸ੍ਰੀ ਅਰਸ਼ੀ ਦੀ ਅਗਵਾਈ ਹੇਠ ਨਰੇਸ਼ ਬੁਰਜ ਹਰੀ ਨੂੰ ਸਨਮਾਨਤ ਵੀ ਕੀਤਾ ਗਿਆ।
ਪ੍ਰੋਗਰਾਮ ਨੂੰ ਵੱਖ-ਵੱਖ ਆਗੂਆਂ ਸੀਤਾ ਰਾਮ ਗੋਬਿੰਦਪੁਰਾ, ਦਲਜੀਤ ਮਾਨਸ਼ਾਹੀਆ, ਦੇਵ ਪ੍ਰਕਾਸ਼ ਬੁਢਲਾਡਾ, ਰੂਪ ਸਿੰਘ ਢਿੱਲੋਂ, ਰਤਨ ਭੋਲਾ, ਕਰਨੈਲ ਭੀਖੀ ਤੇ ਮਨਜੀਤ ਕੌਰ ਗਾਮੀਵਾਲਾ ਨੇ ਇਨਕਲਾਬੀ ਮੁਬਾਰਕਾਂ ਪੇਸ਼ ਕਰਦਿਆ ਖੱਬੀ ਲਹਿਰ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਹੋਰਨਾਂ ਤੋਂ ਇਲਾਵਾ ਅਰਵਿੰਦਰ ਕੌਰ, ਕਿਰਨਾ ਰਾਣੀ ਸਾਬਕਾ ਐੱਮ ਸੀ, ਹਰਮੀਤ ਸਿੰਘ ਬੌੜਾਵਾਲ, ਹਰਦਿਆਲ ਸਿੰਘ ਦਾਤੇਵਾਸ, ਸਰਪੰਚ ਮੰਡੇਰ, ਗੋਰਾ ਸਿੰਘ ਟਾਹਲੀਆ, ਸੁਖਦੇਵ ਸਿੰਘ ਮਾਨਸਾ, ਰਾਜਿੰਦਰ ਸਿੰਘ ਹੀਰੇਵਾਲਾ, ਭੋਲਾ ਸਿੰਘ ਜੋਗਾ, ਮੇਘਾ ਸਿੰਘ ਜੋਗਾ, ਕਪੂਰ ਸਿੰਘ ਕੋਟ ਧਰਮੂ, ਹਰਨੇਕ ਸਿੰਘ ਬੱਪੀਆਣਾ, ਹਾਕਮ ਕਣਕਵਾਲ, ਬਲਵਿੰਦਰ ਸਿੰਘ ਕੋਟ ਧਰਮੂ, ਕਰਨੈਲ ਰਿਉਂਦ, ਮਨਪ੍ਰੀਤ ਸਿੰਘ ਫਰੀਦਕੇ, ਚਿਮਨ ਲਾਲ ਕਾਕਾ, ਬੰਬੂ ਸਿੰਘ ਤੇ ਸੁਖਦੇਵ ਸਿੰਘ ਬੌੜਾਵਾਲ ਆਦਿ ਆਗੂਆਂ ਨੇ ਸੰਬੋਧਨ ਵੀ ਕੀਤਾ।

Related Articles

LEAVE A REPLY

Please enter your comment!
Please enter your name here

Latest Articles