ਜਲਾਲਾਬਾਦ (ਪਰਮਜੀਤ ਢਾਬਾਂ)
ਪਿੰਡ ਰਾਮ ਸੁੱਖਪੁਰਾ ਦੇ ਵਸਨੀਕ ਪਸ਼ੂ ਪਾਲਕ ਸਾਬਕਾ ਸਰਪੰਚ ਮਹਿੰਦਰ ਸਿੰਘ ਨੇ ਦੱਸਿਆ ਕਿ ਹਰ ਘਰ ਵਿੱਚ ਪਸ਼ੂ ਬਿਮਾਰ ਹੋ ਰਹੇ ਹਨ ਅਤੇ ਬਹੁਤ ਸਾਰੇ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ | ਉਨ੍ਹਾ ਦੱਸਿਆ ਕਿ ਪਹਿਲਾਂ ਜ਼ਹਿਰੀਲਾ ਅਤੇ ਦੂਸ਼ਿਤ ਪਾਣੀ ਪੀਣ ਨਾਲ ਸਾਡੇ ਪਿੰਡਾਂ ‘ਚ ਰਹਿੰਦੇ ਲੋਕਾਂ ਨੂੰ ਨਾਮੁਰਾਦ ਬਿਮਾਰੀਆਂ ਲੱਗੀਆਂ ਅਤੇ ਹੁਣ ਜਾਨਲੇਵਾ ਬਿਮਾਰੀਆਂ ਨੇ ਉਨ੍ਹਾਂ ਦੇ ਪਸ਼ੂਆਂ ‘ਤੇ ਹਮਲਾ ਕਰ ਦਿੱਤਾ ਹੈ | ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ |
ਪਿੰਡ ਰੂਪਨਗਰ ਦੇ ਬੇਜ਼ਮੀਨੇ ਪਸ਼ੂ ਪਾਲਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਸ਼ੂਆਂ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਸਨ, ਪਰ ਹੁਣ ਜਦੋਂ ਹਫਤੇ ਵਿੱਚ ਉਸ ਦੀਆਂ ਦੋ ਗਾਵਾਂ ਮਰ ਚੁੱਕੀਆਂ ਹਨ ਤਾਂ ਉਸ ਲਈ ਗੁਜ਼ਾਰਾ ਚਲਾਉਣਾ ਔਖਾ ਹੋ ਗਿਆ ਹੈ | ਇਸ ਹੀ ਪਿੰਡ ਦੇ ਗੁਰਦੇਵ ਸਿੰਘ ਤੇ ਸੋਹਣ ਸਿੰਘ ਮੱਥੇ ‘ਤੇ ਹੱਥ ਧਰੀ ਇਹ ਸੋਚਦੇ ਹਨ ਕਿ ਸਾਡੇ ਪਿੰਡ ਦੇ ਹਰ ਘਰ ਵਿੱਚ ਪਸ਼ੂਆਂ ਨੂੰ ਲੱਗੀ ਇਹ ਨਾਮੁਰਾਦ ਬਿਮਾਰੀ ਪਿੰਡ ਵਿੱਚੋਂ ਪਸ਼ੂ ਹੀ ਖ਼ਤਮ ਕਰ ਦੇਵੇਗੀ | ਮਜ਼ਦੂਰ ਕਾਂਸ਼ੀ ਰਾਮ ਨੇ ਦੁੱਖ ਭਰੇ ਲਹਿਜੇ ਨਾਲ ਦੱਸਿਆ ਕਿ ਉਸ ਨੂੰ ਆਪਣੀ ਗਾਂ ਦਾ ਦੁੱਖ ਸਤਾਈ ਜਾ ਰਿਹਾ ਹੈ, ਕਿਉਂਕਿ ਇਸ ਬਿਮਾਰੀ ਨਾਲ ਉਸ ਦੇ ਸਾਹਮਣੇ ਉਸ ਦੀ ਗਾਂ ਦਾ ਥਣ ਡਿੱਗ ਪਿਆ ਹੈ | ਪਸ਼ੂ ਪਾਲਣ ਸਬ-ਸੈਂਟਰ ਜੰਡਵਾਲਾ ਮੀਰਾ ਸਾਂਗਲਾ ਦੇ ਡਾਕਟਰ ਅਮਰਜੀਤ ਨੇ ਦੱਸਿਆ ਕਿ ਐੱਲ ਐੱਸ ਡੀ ਲੰਪੀ ਸਕਿਨ ਡਿਸੀਜ਼ ਬਿਮਾਰੀ ਗੁਜਰਾਤ, ਮੱਧ ਪ੍ਰਦੇਸ਼ ਤੋਂ ਹੁੰਦੀ ਹੋਈ ਰਾਜਸਥਾਨ ਪਹੁੰਚੀ ਹੈ ਅਤੇ ਰਾਜਸਥਾਨ ਦੇ ਬਾਰਡਰ ‘ਤੇ ਲੱਗਦੇ ਪਿੰਡਾਂ ‘ਚ ਦਾਖਲ ਹੁੰਦਿਆਂ ਜ਼ਿਲ੍ਹਾ ਫਾਜ਼ਿਲਕਾ ਦੇ ਦਰਜਨਾਂ ਪਿੰਡਾਂ ‘ਚ ਫੈਲ ਚੁੱਕੀ ਹੈ | ਪਿੰਡਾਂ ‘ਚ ਅਨਾਊਾਸਮੈਂਟ ਕਰਵਾ ਕੇ ਇਕ ਪਸ਼ੂ ਤੋਂ ਦੂਜੇ ਪਸ਼ੂ ਨੂੰ ਅਲੱਗ ਰੱਖਣ ਸੰਬੰਧੀ ਸੂਚਿਤ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਇਲਾਜ ਵੀ ਕੀਤਾ ਜਾ ਰਿਹਾ ਹੈ | ਡਾਕਟਰ ਦਾ ਕਹਿਣਾ ਹੈ ਕਿ ਜਿਵੇਂ ਆਮ ਤੌਰ ‘ਤੇ ਪਿੰਡਾਂ ਵਿੱਚ ਮਾਤਾ ਦੀ ਬਿਮਾਰੀ ਹੁੰਦੀ ਹੈ, ਉਸੇ ਹੀ ਤਰ੍ਹਾਂ ਇਹ ਬਿਮਾਰੀ ਵੀ ਹੈ | ਪਿੰਡ ਰਾਮ ਸੁਖਪੁਰਾ ਦੇ ਸਰਪੰਚ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾ ਦੇ ਪਿੰਡ ਵਿਚ ਪਸ਼ੂਆਂ ਨੂੰ ਇਸ ਗੰਭੀਰ ਬਿਮਾਰੀ ਸੰਬੰਧੀ ਪਸ਼ੂ ਹਸਪਤਾਲ ਦੇ ਸਬ-ਸੈਂਟਰ ਜੰਡਵਾਲਾ ਮੀਰਾ ਸਾਂਗਲਾ ਦੇ ਡਾਕਟਰਾਂ ਨੂੰ ਨੋਟ ਕਰਵਾ ਦਿੱਤਾ ਗਿਆ ਹੈ | ਉਨ੍ਹਾਂ ਵੱਲੋਂ ਆ ਕੇ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ, ਪ੍ਰੰਤੂ ਅਜੇ ਤੱਕ ਪਸ਼ੂਆਂ ਨੂੰ ਕੋਈ ਰਾਹਤ ਨਹੀਂ ਮਿਲ ਰਹੀ |
ਇਸ ਗੰਭੀਰ ਮਾਮਲੇ ਦਾ ਕਿਰਤੀ ਕਿਸਾਨ ਯੂਨੀਅਨ ਨੇ ਵੀ ਗੰਭੀਰ ਨੋਟਿਸ ਲਿਆ ਹੈ | ਯੂਨੀਅਨ ਆਗੂ ਡਾ. ਸੁਖਚੈਨ ਅਤੇ ਮਨਦੀਪ ਨੇ ਦੱਸਿਆ ਕਿ ਦੁਧਾਰੁੂ ਪਸ਼ੂ ਦੇ ਮਰਨ ਨਾਲ ਗਰੀਬ ਕਿਸਾਨ, ਮਜ਼ਦੂਰ ਦੀ ਆਰਥਿਕਤਾ ਦੀ ਚੂਲ ਹਿੱਲ ਜਾਂਦੀ ਹੈ | ਕਿਸਾਨਾਂ ਦੇ ਮਰ ਰਹੇ ਪਸ਼ੂਆਂ ਨੂੰ ਬਚਾਉਣ ਅਤੇ ਇਲਾਜ ਲਈ ਉਹਨਾ ਡਿਪਟੀ ਕਮਿਸ਼ਨਰ ਨੂੰ ਲਿਖਤੀ ਮੰਗ ਪੱਤਰ ਵੀ ਸੌਂਪਿਆ ਹੈ | ਜੇਕਰ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ |