ਬਹਿਰਾਮ (ਅਵਤਾਰ ਕਲੇਰ)
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪਾਰਟੀ ਦਾ 98ਵਾਂ ਪਾਰਟੀ ਸਥਾਪਨਾ ਦਿਵਸ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਬੰਗਾ ਰੋਡ ਨਵਾਂ ਸ਼ਹਿਰ ਵਿਖੇ ਮਨਾਇਆ ਗਿਆ। ਇਸ ਵਿੱਚ ਸੂਬਾ ਸਕੱਤਰ ਬੰਤ ਸਿੰਘ ਬਰਾੜ, ਅਤੇ ਸਟੇਟ ਕੌਂਸਲ ਦੇ ਆਗੂ ਮਹਿੰਦਰ ਪਾਲ ਮੋਹਾਲੀ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਜਗਤਾਰ ਸਿੰਘ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਪਾਰਟੀ ਝੰਡਾ ਚੜ੍ਹਾਉਣ ਦੀ ਰਸਮ ਸੀਨੀਅਰ ਆਗੂ ਨਰੰਜਣ ਦਾਸ ਮੇਹਲੀ ਕਾਰਜਕਾਰੀ ਜ਼ਿਲ੍ਹਾ ਸਕੱਤਰ ਸੀ ਪੀ ਆਈ, ਮੁਕੰਦ ਲਾਲ, ਪਰਵਿੰਦਰ ਕੁਮਾਰ ਮੇਨਕਾ, ਜਸਵਿੰਦਰ ਸਿੰਘ ਭੰਗਲ ਅਤੇ ਸਾਥੀਆਂ ਨੇ ਅਦਾ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਮੁਕੰਦ ਲਾਲ ਨੇ ਨਿਭਾਈ। ਇਸ ਮੌਕੇ ਸੂਬਾ ਸਕੱਤਰ ਕਾਮਰੇਡ ਬਰਾੜ ਨੇ ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਅਤੇ ਆਜ਼ਾਦੀ ਦੀ ਲਹਿਰ ਵਿੱਚ ਪਾਏ ਯੋਗਦਾਨ ਬਾਰੇ ਦੱਸਦਿਆਂ ਕਿਹਾ ਕਿ ਪਾਰਟੀ ਦੀ ਸਥਾਪਨਾ 26 ਦਸੰਬਰ 1925 ਨੂੰ ਕਾਨਪੁਰ ਵਿੱਚ ਹੋਈ ਸੀ। ਆਜ਼ਾਦੀ ਤੋਂ ਬਾਅਦ ਕਾਂਗਰਸ ਪਾਰਟੀ ਇੱਕ ਨੰਬਰ ਤੇ ਸੀ ਪੀ ਆਈ ਦੂਜੇ ਨੰਬਰ ’ਤੇ ਸੀ। ਸੀ ਪੀ ਆਈ ਸਮਾਜ ਵਿਚ ਆਰਥਕ ਬਰਾਬਰੀ ਦੀ ਅਲੰਬਰਦਾਰ ਸੀ। ਇਹ ਹਮੇਸਾ ਬਾਬੇ ਨਾਨਕ ਦੀ ਵਿਚਾਰਧਾਰਾ ’ਤੇ ਅਮਲ ਕਰਦਿਆਂ ਕਿਰਤੀ ਅਤੇ ਕਿਸਾਨ ਵਰਗ ਦੀ ਪ੍ਰਤੀਨਿਧਤਾ ਕਰਦੀ ਰਹੀ ਹੈ, ਇਸ ਨੇ ਤਿਲੰਗਾਨਾ, ਤਿਭਾਗਾ, ਪੈਪਸੂ ਦੀ ਮੁਜ਼ਾਰਾ ਲਹਿਰਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ। ਬਾਬਾ ਸਾਹਿਬ ਬੀ ਆਰ ਅੰਬੇਡਕਰ ਵੱਲੋਂ ਆਜ਼ਾਦ ਭਾਰਤ ਦੇ ਗਰੀਬ ਅਤੇ ਲਿਤਾੜੇ ਭਾਰਤੀ ਲੋਕਾਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਭਾਰਤੀ ਸੰਵਿਧਾਨ ਰਾਹੀਂ ਲੋਕਾਂ ਲਈ ਨਿਯਮ ਬਣਾਏ ਗਏ। ਉਨ੍ਹਾ ਦੱਸਿਆ ਕਿ ਉਸ ਸਮੇਂ ਦੀ ਜਵਾਹਰ ਲਾਲ ਨਹਿਰੂ ਦੀ ਸਰਕਾਰ ਵੱਲੋਂ ਪੰਜ ਸਾਲਾ ਯੋਜਨਾਵਾਂ ਰਾਹੀਂ ਪਬਲਿਕ ਸੈਕਟਰ ਦੀ ਉਸਾਰੀ ਕੀਤੀ ਗਈ। ਰੂਸ ਨੇ ਨਵੇਂ ਆਜ਼ਾਦ ਭਾਰਤ ਦੀ ਹਰ ਤਰੀਕੇ ਮਦਦ ਕੀਤੀ। ਰੂਸ ਦੇ ਟੁੱਟਣ ਤੋਂ ਬਾਅਦ ਸਰਮਾਏਦਾਰਾਂ ਦੀ ਨੁਮਾਇੰਦਗੀ ਕਰਦੇ ਅਮਰੀਕਾ ਨੇ ਹਰ ਇਕ ਦੇਸ਼ ਨੂੰ ਆਪਣੀ ਮੰਡੀ ਵਜੋਂ ਦੇਖਿਆ ਅਤੇ ਛੋਟੇ-ਛੋਟੇ ਦੇਸ਼ਾਂ ਨੂੰ ਆਪਸ ਵਿੱਚ ਲੜਾਉਣ ਲਈ ਹਥਿਆਰ ਵੇਚੇ। ਕਦੇ ਇਰਾਕ ਜੰਗ, ਕਦੇ ਯੂਕਰੇਨ-ਰੂਸ ਲੜਾਈ ਤੇ ਹੁਣ ਇਸਰਾਇਲ-ਫਲਸਤੀਨ ਨੂੰ ਲੜਾ ਕੇ ਆਪਣੀ ਧੌਂਸ ਕਾਇਮ ਰੱਖਣਾ ਚਾਹੁੰਦਾ ਹੈ। ਭਾਰਤੀ ਕਮਿਊਨਿਸਟ ਪਾਰਟੀ ਅਜਿਹੀ ਜੰਗ ਦਾ ਵਿਰੋਧ ਕਰਦੀ ਹੈ। ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਵੀ ਹਰ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਦੇਸ਼ ਵਿੱਚ ਸੰਵਿਧਾਨ ਰਾਹੀਂ ਮਿਲੀ ਬੋਲਣ ਦੀ ਆਜ਼ਾਦੀ ਖਤਮ ਕੀਤੀ ਜਾ ਰਹੀ ਹੈ। ਵਿਰੋਧੀਆਂ ’ਤੇ ਫਾਸ਼ੀਵਾਦੀ ਹਮਲੇ ਹੋ ਰਹੇ ਹਨ। ਇਹ ਸਰਕਾਰ ਲੋਕਾਂ ਦੀ ਆਰਥਕ ਲੜਾਈ ਲੜ ਰਹੇ ਕਮਿਊਨਿਸਟਾਂ ਨੂੰ ਆਪਣੇ ਦੁਸ਼ਮਣ ਮੰਨ ਰਹੀ ਹੈ। ਘੱਟ ਗਿਣਤੀਆਂ ’ਤੇ ਹਮਲੇ ਕੀਤੇ ਜਾ ਰਹੇ ਹਨ। ਅੱਜ ਸੀ ਪੀ ਆਈ ਦੇ ਸਥਾਪਨਾ ਦਿਵਸ ’ਤੇ ਇਹ ਪ੍ਰਣ ਕਰੀਏ ਕਿ ਇਸ ਫਾਸ਼ੀਵਾਦੀ ਸਰਕਾਰ ਨੂੰ ਚਲਦਾ ਕਰਕੇ ਸੰਵਿਧਾਨ, ਦੇਸ਼ ਅਤੇ ਪਬਲਿਕ ਅਦਾਰਿਆਂ ਨੂੰ ਬਚਾ ਸਕੀਏ ਅਤੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਚੁੰਗਲ ਤੋਂ ਬਚਾ ਸਕੀਏ।
ਇਹ ਸਾਰਾ ਪ੍ਰੋਗਰਾਮ ਸਵਤੰਤਰ ਕੁਮਾਰ ਦੀ ਅਗਵਾਈ ਹੇਠ ਸਫਲਤਾ ਨਾਲ ਸੰਪੰਨ ਹੋਇਆ। ਸਮਾਗਮ ’ਚ ਹੋਰਨਾਂ ਤੋਂ ਇਲਾਵਾ ਅਮਰਜੀਤ ਮੇਹਲੀ, ਹੁਸਨ ਲਾਲ ਮੇਹਲੀ, ਜਸਵਿੰਦਰ ਲਾਲ, ਗੁਰਿੰਦਰ ਲਾਲ, ਬੀਨਾ ਰਾਣੀ, ਰਾਜਵੀਰ ਕੌਰ, ਸੱਤਿਆ ਦੇਵੀ, ਗੁਰਮੁਖ ਸਿੰਘ ਫਰਾਲਾ, ਗੁਰਨਾਮ ਮੁੰਨਾ, ਨਿਰਮਲ ਕੁਮਾਰ, ਸੁਰਜੀਤ ਰਾਮ, ਸੋਹਣ ਲਾਲ ਤਰਸੇਮ ਲਾਲ, ਦਰਸ਼ਨ ਰਾਮ, ਹਰਪਾਲ ਸਿੰਘ, ਹਰਬੰਸ ਲਾਲ, ਹੰਸ ਰਾਜ, ਸੋਢੀ ਰਾਮ, ਗੁਰਮੀਤ ਰਾਮ, ਦੇਵ ਰਾਜ, ਮਹਿੰਦਰ ਰਾਮ, ਜੋਗਿੰਦਰ ਪਾਲ ਜੂਨੀਅਰ ਮੇਨਕਾ ਆਦਿ ਸ਼ਾਮਲ ਸਨ।