ਨਵੀਂ ਦਿੱਲੀ : ਸੀ ਪੀ ਆਈ (ਐੱਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਅਯੁੱਧਿਆ ਵਿਚ ਰਾਮ ਮੰਦਰ ਦੇ ਉਦਘਾਟਨ ’ਚ ਸ਼ਾਮਲ ਹੋਣ ਦਾ ਸੱਦਾ ਇਹ ਕਹਿੰਦਿਆਂ ਨਾਮਨਜ਼ੂਰ ਕਰ ਦਿੱਤਾ ਹੈ ਕਿ ਧਰਮ ਕਿਸੇ ਦੀ ਨਿੱਜੀ ਪਸੰਦ ਹੈ। ਉਨ੍ਹਾ ਦੀ ਪਾਰਟੀ ਦੀ ਨੀਤੀ ਧਾਰਮਿਕ ਅਕੀਦਿਆਂ ਅਤੇ ਹਰੇਕ ਵਿਅਕਤੀ ਦੀ ਆਪਣੇ ਅਕੀਦੇ ਮੁਤਾਬਕ ਚੱਲਣ ਦਾ ਸਤਿਕਾਰ ਕਰਨ ਦੀ ਹੈ। ਧਰਮ ਨਿੱਜੀ ਪਸੰਦ ਹੈ ਤੇ ਇਸ ਨੂੰ ਸਿਆਸੀ ਲਾਹਾ ਖੱਟਣ ਲਈ ਨਹੀਂ ਵਰਤਣਾ ਚਾਹੀਦਾ। ਪਾਰਟੀ ਦੇ ਪੋਲਿਟ ਬਿਊਰੋ ਨੇ ਇਹ ਵੀ ਕਿਹਾ ਹੈ ਕਿ ਬੇਹੱਦ ਅਫਸੋਸਨਾਕ ਹੈ ਕਿ ਭਾਜਪਾ ਤੇ ਆਰ ਐੱਸ ਐੱਸ ਨੇ ਧਾਰਮਿਕ ਸਮਾਗਮ ਨੂੰ ਸਰਕਾਰੀ ਸਮਾਗਮ ਵਿਚ ਬਦਲ ਦਿੱਤਾ ਹੈ ਅਤੇ ਪ੍ਰਧਾਨ ਮੰਤਰੀ, ਯੂ ਪੀ ਦੇ ਮੁੱਖ ਮੰਤਰੀ ਤੇ ਹੋਰਨਾਂ ਸਰਕਾਰੀ ਅਧਿਕਾਰੀਆਂ ਨੂੰ ਇਸ ਵਿਚ ਸ਼ਾਮਲ ਕਰ ਲਿਆ ਹੈ। ਸੁਪਰੀਮ ਕੋਰਟ ਦੁਹਰਾਅ ਚੁੱਕੀ ਹੈ ਕਿ ਸਰਕਾਰ ਨੇ ਸੰਵਿਧਾਨ ਮੁਤਾਬਕ ਚੱਲਣਾ ਹੁੰਦਾ ਹੈ। ਇਸ ਵਿਚ ਧਰਮ ਦਾ ਦਖਲ ਨਹੀਂ ਹੋਣਾ ਚਾਹੀਦਾ। ਹੁਕਮਰਾਨ ਪਾਰਟੀ ਇਸ ਦੀ ਉਲੰਘਣਾ ਕਰ ਰਹੀ ਹੈ। ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ 22 ਜਨਵਰੀ ਨੂੰ ਹੋਣੀ ਹੈ ਅਤੇ ਪ੍ਰਧਾਨ ਮੰਤਰੀ ਮੋਦੀ, ਯੂ ਪੀ ਦੇ ਮੁੱਖ ਮੰਤਰੀ ਆਦਿਤਿਆ ਨਾਥ ਯੋਗੀ ਤੇ ਛੇ ਹਜ਼ਾਰ ਤੋਂ ਵੱਧ ਲੋਕ ਇਸ ਮੌਕੇ ਮੌਜੂਦ ਹੋਣਗੇ। ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਹਾ ਹੈ ਕਿ ਜਿਨ੍ਹਾਂ ਨੂੰ ਭਗਵਾਨ ਰਾਮ ਨੇ ਸੱਦਿਆ ਹੈ, ਉਹੀ ਅਯੁੱਧਿਆ ਪੁੱਜ ਸਕਣਗੇ।