ਰਫਾਹ : ਇਜ਼ਰਾਈਲੀ ਸੁਰੱਖਿਆ ਬਲਾਂ ਨੇ ਭੀੜ-ਭੜੱਕੇ ਵਾਲੇ ਫਲਸਤੀਨੀ ਇਲਾਕਿਆਂ ’ਤੇ ਗੋਲਾਬਾਰੀ ਕੀਤੀ ਅਤੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਦਾ ਆਦੇਸ਼ ਦੇਣ ਦੇ ਬਾਅਦ ਮੱਧ ਗਾਜ਼ਾ ਦੇ ਸ਼ਹਿਰੀ ਸਰਨਾਰਥੀ ਕੈਂਪਾਂ ’ਤੇ ਆਪਣੇ ਜ਼ਮੀਨੀ ਹਮਲੇ ਨੂੰ ਵਧਾ ਦਿੱਤਾ ਹੈ। ਗਾਜ਼ਾ ਦੀਆਂ ਮੁੱਖ ਦੂਰਸੰਚਾਰ ਕੰਪਨੀਆਂ ਨੇ ਇਨ੍ਹਾਂ ਖੇਤਰਾਂ ’ਚ ਸੇਵਾਵਾਂ ਪੂਰੀ ਤਰ੍ਹਾਂ ਠੱਪ ਕਰ ਦਿੱਤੀਆਂ ਹਨ। ਜੰਗ ਲਈ ਨਵੇਂ ਇਲਾਕਿਆਂ ਦਾ ਜ਼ਦ ’ਚ ਆਉਣਾ ਇਸ ਵੱਲ ਸੰਕੇਤ ਹੈ ਕਿ ਆਉਣ ਵਾਲਾ ਸਮਾਂ ਭਿਆਨਕ ਤੇ ਲੰਮਾ ਹੈ, ਕਿਉਂਕਿ ਇਜ਼ਰਾਈਲ ਨੇ ਹਮਾਸ ਨੂੰ ਖਤਮ ਕਰਨ ਦੀ ਸਹੁੰ ਖਾਧੀ ਹੋਈ ਹੈ।
ਉਧਰ, ਦਿੱਲੀ ਦੇ ਚਾਣਕਿਆਪੁਰੀ ਸਥਿਤ ਇਜ਼ਰਾਈਲੀ ਸਫਾਰਤਖਾਨੇ ਨੇੜੇ ਮੰਗਲਵਾਰ ਸ਼ਾਮ ਨੂੰ ਹੋਏ ਧਮਾਕੇ ਦੇ ਮਾਮਲੇ ਵਿਚ ਸੀ ਸੀ ਟੀ ਵੀ ਕੈਮਰੇ ਵਿਚ ਦੋ ਮਸ਼ਕੂਕ ਨੌਜਵਾਨ ਨਜ਼ਰ ਆਏ ਹਨ। ਸੂਤਰਾਂ ਨੇ ਦੱਸਿਆ ਕਿ ਧਮਾਕੇ ਤੋਂ ਥੋੜ੍ਹੀ ਦੇਰ ਪਹਿਲਾਂ ਘਟਨਾ ਵਾਲੀ ਥਾਂ ਦੇ ਨੇੜੇ ਦੋ ਨੌਜਵਾਨਾਂ ਨੂੰ ਸੜਕ ’ਤੇ ਜਾਂਦੇ ਦੇਖਿਆ ਜਾ ਸਕਦਾ ਸੀ। ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪੁਲਸ ਨੇ ਗਸ਼ਤ ਵਧਾ ਦਿੱਤੀ ਹੈ। ਸੁਰੱਖਿਆ ਏਜੰਸੀਆਂ ਨੇ ਅਬਦੁਲ ਕਲਾਮ ਰੋਡ ਅਤੇ ਪਿ੍ਰਥਵੀਰਾਜ ਰੋਡ ’ਤੇ ਕਈ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਹੈ। ਘਟਨਾ ਸਥਾਨ ਦਾ ਦੌਰਾ ਕਰਨ ਵਾਲੇ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਸਥਾਨ ’ਤੇ ਵਿਸਫੋਟਕ ਦਾ ਕੋਈ ਨਿਸ਼ਾਨ ਨਹੀਂ ਮਿਲਿਆ ਇਸ ਲਈ ਰਸਾਇਣਕ ਧਮਾਕੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਇਜ਼ਰਾਈਲ ਦੇ ਰਾਜਦੂਤ ਨੂੰ ਅਪਮਾਨਜਨਕ ਭਾਸ਼ਾ ’ਚ ਸੰਬੋਧਤ ਪੱਤਰ ਬਰਾਮਦ ਕੀਤਾ ਗਿਆ ਹੈ।