-ਇੱਥੇ ਸ਼ਹੀਦ ਕਾਮਰੇਡ ਨਛੱਤਰ ਗਿੱਲ ਧਾਲੀਵਾਲ ਭਵਨ ਵਿਖੇ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਮਾਰਕਸਵਾਦ ਸਦਾ ਰਾਹ-ਦਸੇਰਾ ਕਿਤਾਬ ਦੇ ਖਰੜੇ ’ਤੇ ਤਿੰਨ ਰੋਜ਼ਾ ਸਫਲ ਵਰਕਸ਼ਾਪ ਕੀਤੀ ਗਈ। ਇਸ ਵਰਕਸ਼ਾਪ ਉਪਰੰਤ ਸਰਬ-ਸੰਮਤੀ ਨਾਲ ਲੈਨਿਨ ਦੀ 100 ਸਾਲਾ ਬਰਸੀ ਮੌਕੇ ਸੂਬਾ ਪੱਧਰੀ ਸੈਮੀਨਾਰ ਅਤੇ ਪ੍ਰਦਰਸ਼ਨੀ ਲਗਾਉਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾਰਾਏ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਪਿ੍ਰਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰੂਸ ਦੇ ਮਹਾਨ ਇਨਕਲਾਬ ਨੂੰ ਸਿਰੇ ਚਾੜ੍ਹਨ ਵਾਲੇ, ਕਿਰਤੀ ਜਮਾਤ ਦੇ ਮਹਾਨ ਮਾਰਕਸਵਾਦੀ ਅਧਿਆਪਕ ਵਲਾਦੀਮੀਰ ਇਲੀਅਚ ਲੈਨਿਨ ਦੀ 100 ਸਾਲਾ ਬਰਸੀ 21 ਜਨਵਰੀ 2024 ਨੂੰ ਪੂਰੀ ਦੁਨੀਆ ਵਿੱਚ ਮਨਾਈ ਜਾ ਰਹੀ ਹੈ। 100 ਸਾਲਾ ਬਰਸੀ ਮੌਕੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਸੂਬਾ ਪੱਧਰੀ ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ। ਸੈਮੀਨਾਰ ਦਾ ਵਿਸ਼ਾ ‘ਵਰਤਮਾਨ ਚੁਣੌਤੀਆਂ ਅਤੇ ਕੀ ਕਰਨਾ ਲੋੜੀਏ’ ਹੋਵੇਗਾ। ਇਸ ਮੌਕੇ ਲੈਨਿਨ ਦੇ ਜੀਵਨ ਅਤੇ ਵਿਚਾਰਧਾਰਾ ਬਾਰੇ ਤਿੰਨ ਰੋਜ਼ਾ ਤਸਵੀਰਾਂ ਅਤੇ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ।