ਨਵੀਂ ਦਿੱਲੀ : ਗ੍ਰਹਿ ਮੰਤਰਾਲੇ ਨੇ ਕੈਨੇਡਾ ਆਧਾਰਿਤ ਗੈਂਗਸਟਰ ਲਖਬੀਰ ਸਿੰਘ ਲੰਡਾ ਨੂੰ ਅੱਤਵਾਦੀ ਐਲਾਨ ਦਿੱਤਾ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਮੁਤਾਬਕ ਲੰਡਾ (34), ਜੋ ਹਰੀਕੇ, ਜ਼ਿਲ੍ਹਾ ਤਰਨ ਤਾਰਨ, ਪੰਜਾਬ ਦਾ ਵਸਨੀਕ ਹੈ ਅਤੇ ਮੌਜੂਦਾ ਸਮੇਂ ਕੈਨੇਡਾ ਦੇ ਐਡਮਿੰਟਨ ਵਿੱਚ ਰਹਿ ਰਿਹਾ ਹੈ, ਬੱਬਰ ਖਾਲਸਾ ਇੰਟਰਨੈਸ਼ਨਲ (ਬੀ ਕੇ ਆਈ) ਨਾਲ ਸਬੰਧਤ ਹੈ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਸੂਚਨਾ ਅਨੁਸਾਰ ਲਖਬੀਰ ਸਿੰਘ ਲੰਡਾ ’ਤੇ ਦੋਸ਼ ਹੈ ਕਿ ਉਸ ਨੇ ਮੋਹਾਲੀ ’ਚ ਪੁਲਸ ਇੰਟੈਲੀਜੈਂਸੀ ਹੈੱਡਕੁਆਰਟਰ ’ਤੇ ਰਾਕੇਟ ਦੀ ਮਦਦ ਨਾਲ ਗਰਨੇਡ ਹਮਲਾ ਕਰਵਾਇਆ ਸੀ। ਇਸ ਤੋਂ ਇਲਾਵਾ ਉਸ ’ਤੇ ਇਹ ਵੀ ਦੋਸ਼ ਹੈ ਕਿ ਉਹ ਪਾਕਿਸਤਾਨ ਤੋਂ ਭਾਰਤ ’ਚ ਹਥਿਆਰਾਂ ਦੀ ਤਸਕਰੀ ਕਰਦਾ ਹੈ। ਲਖਬੀਰ ਸਿੰਘ ਲੰਡਾ ਨੂੰ ਮੋਹਾਲੀ ’ਚ ਪਿਛਲੇ 9 ਸਾਲ 9 ਮਈ ਨੂੰ ਪੰਜਾਬ ਪੁਲਸ ਦੇ ਖੁਫ਼ੀਆ ਮੁੱਖ ਦਫ਼ਤਰ ’ਤੇ ਹੋਏ ਹਮਲੇ ਦਾ ਮਾਸਟਰ ਮਾਈਂਡ ਵੀ ਮੰਨਿਆ ਜਾਂਦਾ ਹੈ। ਇਸ ਹਮਲੇ ਤੋਂ ਬਾਅਦ ਲਖਬੀਰ ਸਿੰਘ ਲੰਡਾ ’ਤੇ ਪੰਜਾਬ ਪੁਲਸ ਅਤੇ ਰਾਸ਼ਟਰੀ ਜਾਂਚ ਏਜੰਸੀ ਵੱਲੋਂ ਮੋਸਟ ਵਾਂਟਿਡ ਅੱਤਵਾਦੀ ਐਲਾਨ ਕੀਤਾ ਗਿਆ ਅਤੇ ਐੱਨ ਆਈ ਏ ਨੇ ਇਸ ’ਤੇ ਇਨਾਮ ਵੀ ਰੱਖਿਆ ਸੀ।