ਸਿਓਲ : ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਆਪਣੀ ਫੌਜ ਨੂੰ ਹੁਕਮ ਦਿੱਤਾ ਹੈ ਕਿ ਜੇ ਅਮਰੀਕਾ ਅਤੇ ਦੱਖਣੀ ਕੋਰੀਆ ਉਸ ਵਿਰੁੱਧ ਭੜਕਾਹਟ ਪੈਦਾ ਕਰਦੇ ਹਨ ਤਾਂ ਉਹ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇ। ਉੱਤਰੀ ਕੋਰੀਆ ਇਸ ਸਾਲ ਨਵੰਬਰ ਵਿੱਚ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹਥਿਆਰਾਂ ਦੇ ਤਜਰਬਿਆਂ ਵਿੱਚ ਹੋਰ ਤੇਜ਼ੀ ਲਿਆ ਸਕਦਾ ਹੈ। ਪਿਛਲੇ ਹਫਤੇ ਸੱਤਾਧਾਰੀ ਪਾਰਟੀ ਦੀ ਪੰਜ ਦਿਨਾਂ ਮੀਟਿੰਗ ਵਿੱਚ ਕਿਮ ਨੇ ਕਿਹਾ ਕਿ ਉਹ ਇਸ ਸਾਲ ਤਿੰਨ ਹੋਰ ਫੌਜੀ ਜਾਸੂਸੀ ਉਪ ਗ੍ਰਹਿ ਲਾਂਚ ਕਰਨਗੇ, ਹੋਰ ਪਰਮਾਣੂ ਹਥਿਆਰਾਂ ਦਾ ਉਤਪਾਦਨ ਕਰਨਗੇ ਅਤੇ ਹਮਲਾਵਰ ਡਰੋਨ ਵਿਕਸਤ ਕਰਨਗੇ।