ਨਵੀਂ ਦਿੱਲੀ : ਸਿੱਧੂ ਮੂਸੇਵਾਲਾ ਦੇ ਕਤਲ ਪਿਛਲੇ ਦਿਮਾਗ ਗੈਂਗਸਟਰ ਗੋਲਡੀ ਬਰਾੜ ਨੂੰ ਯੂ ਏ ਪੀ ਏ ਤਹਿਤ ਸੋਮਵਾਰ ਦਹਿਸ਼ਤਗਰਦ ਐਲਾਨ ਦਿੱਤਾ ਗਿਆ। ਫਰੀਦਕੋਟ ਜ਼ਿਲ੍ਹੇ ਦਾ ਗੋਲਡੀ, ਜਿਸ ਦਾ ਅਸਲੀ ਨਾਂਅ ਸਤਿੰਦਰਜੀਤ ਸਿੰਘ ਹੈ, 2017 ਵਿਚ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਅਹਿਮ ਮੈਂਬਰ ਹੈ ਤੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਉਸ ਨੇ ਲਈ ਸੀ। ਕੇਂਦਰੀ ਗ੍ਰਹਿ ਮੰਤਰਾਲੇ ਵਿਚ ਐਡੀਸ਼ਨਲ ਸੈਕਟਰੀ ਪ੍ਰਵੀਨ ਵਸ਼ਿਸ਼ਟ ਨੇ ਗੋਲਡੀ ਨੂੰ ਦਹਿਸ਼ਤਗਰਦ ਐਲਾਨਣ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਹੈ ਕਿ ਉਹ ਬਰੈਂਪਟਨ ਵਿਚ ਰਹਿੰਦਾ ਹੈ ਅਤੇ ਦਹਿਸ਼ਤਗਰਦ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਹੋਇਆ ਹੈ। ਉਹ ਕੌਮਪ੍ਰਸਤ ਆਗੂਆਂ ਨੂੰ ਪੈਸੇ ਲਈ ਧਮਕਾਉਣ ਅਤੇ ਸਰਹੱਦ ਪਾਰੋਂ ਹਥਿਆਰਾਂ ਦੀ ਡਰੋਨ ਰਾਹੀਂ ਸਪਲਾਈ ਵਿਚ ਸ਼ਾਮਲ ਹੈ। ਉਹ ਤੇ ਉਸ ਦੇ ਸਾਥੀ ਪੰਜਾਬ ਵਿਚ ਬਦਅਮਨੀ ਪੈਦਾ ਕਰਨੀ ਚਾਹੁੰਦੇ ਹਨ।