ਦੇਸ਼ ਭਗਤ ਯਾਦਗਾਰ ਹਾਲ ਤੇ ਪੰਜਾਬ ’ਚ ਸਰਗਰਮੀਆਂ ’ਚ ਸਾਂਝ ਮਜ਼ਬੂਤ ਕਰਨ ਲਈ ਵਿਚਾਰਾਂ

0
225

ਜਲੰਧਰ (ਕੇਸਰ)
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਵਿੰਗ, ਇਤਿਹਾਸ, ਲਾਇਬ੍ਰੇਰੀ, ਮਿਊਜ਼ੀਅਮ, ਪੰਜਾਬ ਦੇ ਪਿੰਡਾਂ ਅੰਦਰ ਬਣੀਆਂ ਦੇਸ਼ ਭਗਤ ਅਤੇ ਲਾਇਬ੍ਰੇਰੀ ਕਮੇਟੀਆਂ, ਪੰਜਾਬ ਦੇ ਵੱਖ-ਵੱਖ ਖੇਤਰਾਂ ’ਚ ਕੰਮ ਕਰਦੇ ਰੰਗ ਕਰਮੀਆਂ, ਸਾਹਿਤਕਾਰਾਂ, ਲੇਖਕਾਂ, ਕਵੀਆਂ, ਗਾਇਕਾਂ, ਚਿੱਤਰਕਾਰਾਂ, ਤਰਕਸ਼ੀਲਾਂ, ਜਮਹੂਰੀ ਕਾਮਿਆਂ ਅਤੇ ਪ੍ਰਦੇਸ਼ਾਂ ਅੰਦਰ ਸਰਗਰਮ ਸੰਸਥਾਵਾਂ ਦੇ ਪ੍ਰਤੀਨਿਧਾਂ ਦੀ ਹੋਈ ਮੀਟਿੰਗ ’ਚ ਨਵੇਂ ਵਰੇ੍ਹ 2024 ’ਚ ਦੇਸ਼ ਭਗਤ ਯਾਦਗਾਰ ਹਾਲ ਦੇ ਅੰਦਰ ਅਤੇ ਪੰਜਾਬ ਦੇ ਸੰਭਾਵੀ ਖੇਤਰਾਂ ’ਚ ਹੋਣ ਵਾਲੀਆਂ ਸਰਗਰਮੀਆਂ ’ਚ ਪਰਸਪਰ ਸਹਿਯੋਗ ਹੋਰ ਵਧਾਉਣ ਲਈ ਸੰਜੀਦਾ ਵਿਚਾਰਾਂ ਹੋਈਆਂ। ਨਵੇਂ ਵਰੇ੍ਹ ਨੂੰ ਖੁਸ਼ਾਮਦੀਦ ਆਖਦੀ ਇਸ ਵਿਸ਼ੇਸ਼ ਮੀਟਿੰਗ ਦਾ ਆਗਾਜ਼ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਵੱਲੋਂ ਵਿਸ਼ੇਸ਼ ਕਰਕੇ ਜਨਵਰੀ ਮਹੀਨੇ ਦੇ ਸ਼ਹੀਦਾਂ, ਦੇਸ਼ ਭਗਤਾਂ, ਇਤਿਹਾਸਕ ਘਟਨਾਵਾਂ ਦੀ ਦੇਣ ਨੂੰ ਯਾਦ ਕਰਨ ਨਾਲ ਹੋਇਆ। ਮੀਟਿੰਗ ’ਚ ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਸਮੂਹ ਸਬ-ਕਮੇਟੀਆਂ ਦੀ ਤਰਫ਼ੋਂ ਨਵੇਂ ਵਰੇ੍ਹ ਦੀਆਂ ਸਰਗਰਮੀਆਂ ਸਬੰਧੀ ਵਿਚਾਰ-ਚਰਚਾ ਲਈ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਤਜ਼ਵੀਜਤ ਰੂਪ-ਰੇਖਾ ਦੀ ਵਿਆਖਿਆ ਕਰਦਿਆਂ ਹਾਜ਼ਰੀਨ ਨੂੰ ਆਪਣੇ ਵਿਚਾਰ ਰੱਖਣ ਦੀ ਅਪੀਲ ਕੀਤੀ।
ਇਸ ਵਿਚਾਰ-ਚਰਚਾ ’ਚ ਪ੍ਰੋ. ਜਗਮੋਹਣ ਸਿੰਘ, ਪ੍ਰੋ. ਹਰਜਿੰਦਰ ਸਿੰਘ ਅਟਵਾਲ, ਬੂਟਾ ਸਿੰਘ ਮਹਿਮੂਦਪੁਰ, ਕਸਤੂਰੀ ਲਾਲ, ਜਸਵੰਤ ਜੀਰਖ, ਨੀਰਜ ਕੌਸ਼ਿਕ, ਹਰਨਾਮ ਸਿੰਘ ਡੱਲਾ ਰੋਪੜ, ਡਾ. ਜਗਜੀਤ ਸਿੰਘ ਚੀਮਾ, ਜਸਵਿੰਦਰ ਫਗਵਾੜਾ, ਗਿਆਨ ਸੈਦਪੁਰੀ, ਉਜਾਗਰ ਸਿੰਘ ਬੱਦੋਵਾਲ, ਮਾਸਟਰ ਭਜਨ ਕੈਨੇਡਾ, ਚੈਂਚਲ ਸਿੰਘ ਮਾਹਿਲਪੁਰ ਕੈਨੇਡਾ, ਰਤਨ ਪਾਲ ਮਹਿਮੀ ਇੰਗਲੈਂਡ, ਡਾ. ਸੈਲੇਸ਼, ਡਾ. ਪਰਮਿੰਦਰ, ਪਰਮਜੀਤ ਆਦਮਪੁਰ, ਹਰਮੇਸ਼ ਮਾਲੜੀ, ਗੁਰਦੀਪ ਸਿੰਘ ਰੋਪੜ, ਬੱਬੀ, ਤਲਵਿੰਦਰ ਹੀਰ ਮਾਹਿਲਪੁਰ, ਗੁਰਮੀਤ ਸਿੰਘ, ਚਰੰਜੀ ਲਾਲ ਕੰਗਣੀਵਾਲ, ਐੱਮ ਐੱਲ ਕਪਿਲ, ਕਰਨੈਲ ਸਿੰਘ ਜੀਤ ਰੋਪੜ ਨੇ ਕਮੇਟੀ ਵੱਲੋਂ ਰੱਖੀ ਤਜਵੀਜ਼ ਨੂੰ ਨੇਪਰੇ ਚਾੜ੍ਹਨ ਲਈ ਠੋਸ ਅਮੁੱਲੇ ਸੁਝਾਅ ਰੱਖੇ। ਗ਼ਦਰ ਪਾਰਟੀ ਦਾ ਸਥਾਪਨਾ ਦਿਨ, ਸਿਖਿਆਰਥੀ ਚੇਤਨਾ ਕੈਂਪ ਅਤੇ ਪਹਿਲੀ ਨਵੰਬਰ ਸਾਲਾਨਾ ਗ਼ਦਰੀ ਬਾਬਿਆਂ ਦੇ ਮੇਲੇ ਦੇ ਸਮਾਗਮਾਂ ’ਚ ਹੋਰ ਵੀ ਨਿਖ਼ਾਰ ਲਿਆਂਦਾ ਜਾਏਗਾ। ਹਰੇਕ ਮਹੀਨੇ ਦੇ ਅਮਰ ਸ਼ਹੀਦਾਂ, ਇਤਿਹਾਸਕ ਘਟਨਾਵਾਂ ਦੀ ਪ੍ਰਸੰਗਕਤਾ ਉਭਾਰਨ ਲਈ ਸਫ਼ਲਤਾਪੂਰਵਕ ਸਮਾਗਮ ਉਲੀਕਣ ਦੇ ਉਤਸ਼ਾਹਜਨਕ ਵਿਚਾਰ ਸਾਹਮਣੇ ਆਏ। ਪੁਸਤਕ ਚਰਚਾ, ਢੁਕਵੇਂ ਵਿਸ਼ਿਆਂ ’ਤੇ ਵਿਚਾਰ-ਚਰਚਾ, ਰੂਬਰੂ, ਗਾਇਨ, ਭਾਸ਼ਣ, ਚਿੱਤਰਕਲਾ, ਫੋਟੋ ਕਲਾ, ਉੱਭਰ ਰਹੇ ਕਵੀਆਂ, ਗਾਇਕਾਂ, ਰੰਗ ਕਰਮੀਆਂ, ਫ਼ਿਲਮਸਾਜ਼ਾਂ ਅਤੇ ਹੋਰ ਲੋਕ-ਕਲਾਵਾਂ ਨਾਲ ਜੁੜੇ ਕਲਾਕਾਰਾਂ ਨੂੰ ਵਧਣ-ਫੁਲਣ ਦਾ ਮੌਕਾ ਦੇਣ ਲਈ ਸਮੇਂ-ਸਮੇਂ ਹਾਲ ’ਚ ਬੁਲਾਕੇ ਅਤੇ ਸਥਾਨਕ ਪੱਧਰਾਂ ’ਤੇ ਆਪਣੀਆਂ ਕਲਾ�ਿਤਾਂ ਦਰਸ਼ਕਾਂ/ ਸਰੋਤਿਆਂ ਦੇ ਸਨਮੁੱਖ਼ ਕਰਨ ਦਾ ਮੌਕਾ ਦੇਣ ਦੇ ਉਪਰਾਲੇ ਕੀਤੇ ਜਾਣਗੇ। ਗ਼ਦਰੀ ਦੇਸ਼ ਭਗਤਾਂ ਅਤੇ ਆਜ਼ਾਦੀ ਸੰਗਰਾਮ ਦੇ ਭੁੱਲੇ-ਵਿਸਰੇ ਇਤਿਹਾਸ, ਸਾਹਿਤ ਨੂੰ ਲੋਕਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੱਕ ਲਿਜਾਣ ’ਤੇ ਜ਼ੋਰ ਦੇਣ ਦੇ ਵਿਚਾਰ ਵੀ ਰੱਖੇ ਗਏ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਆਧੁਨਿਕ ਪ੍ਰਚਾਰ-ਤੰਤਰ ਦੀ ਕਾਰਜ਼ ਸ਼ੈਲੀ ਨੂੰ ਨਵਿਆਉਣਾ ਅਤੇ ਨਿਰੰਤਰਤਾ ਯਕੀਨੀ ਬਣਾਉਣਾ, ਤਾਂ ਜੋ ਵੈੱਬਸਾਈਟ, ਯੂਟਿਊਬ, ਫੇਸਬੁਕ ਪੇਜ ਸਮੇਤ ਲੋਕਾਂ ਤੱਕ ਸਰਗਰਮੀਆਂ ਨੂੰ ਲਿਜਾਇਆ ਜਾ ਸਕੇ। ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਪੰਜਾਬ ਦੇ ਪਿੰਡਾਂ ਅੰਦਰ ਬਣੀਆਂ ਦੇਸ਼ ਭਗਤ ਅਤੇ ਲਾਇਬੇ੍ਰਰੀ ਕਮੇਟੀਆਂ ਨਾਲ ਨਿਰੰਤਰ ਰਾਬਤਾ ਰੱਖਣ। ਸਰਗਰਮੀਆਂ ਦਾ ਆਦਾਨ-ਪ੍ਰਦਾਨ ਕਰਨ, ਨੇੜਲੇ ਪਿੰਡਾਂ ਦਾ ਆਪਸੀ ਤਾਲਮੇਲ ਵਧਾਉਣ ਲਈ ਸਥਾਨਕ ਅਤੇ ਖਿੱਤਿਆਂ ’ਚ ਮੇਲੇ ਲਾਉਣ ਲਈ ਵਿਚਾਰਾਂ ਹੋਈਆਂ। ਵਿਚਾਰ-ਚਰਚਾ ਨੇ ਤੱਤ ਕੱਢਿਆ ਕਿ ਇਤਿਹਾਸ, ਸਾਹਿਤ, ਕਲਾ, ਲੋਕ-ਮਸਲਿਆਂ ਸੰਬੰਧੀ ਵਿਗਿਆਨਕ, ਸਮਾਜਕ, ਜਮਾਤੀ ਚੇਤਨਾ, ਚਿੰਤਨ ਨੂੰ ਜਿਵੇਂ ਬੁਰੀ ਤਰ੍ਹਾਂ ਗ੍ਰਹਿਣ ਲਾਇਆ ਜਾ ਰਿਹਾ ਹੈ, ਇਸ ਲਈ ਗ਼ਦਰੀ ਬਾਬਿਆਂ ਦਾ ਇਕੋ ਸਾਲਾਨਾ ਮੇਲਾ ਕਾਫ਼ੀ ਨਹੀਂ, ਇਸ ਲਈ ਪਿੰਡਾਂ, ਇਲਾਕਿਆਂ ਅੰਦਰ ਵੀ ਮੇਲਿਆਂ ਅਤੇ ਵਿਚਾਰ-ਚਰਚਾਵਾਂ ਦੀਆਂ ਸਰਗਰਮੀਆਂ ਲਈ ਮਿਲ ਕੇ ਕਦਮ ਚੁੱਕੇ ਜਾਣ। ਦੁਨੀਆ ਦੇ ਵੱਖ-ਵੱਖ ਮੁਲਕਾਂ ਅੰਦਰ ਕੰਮ ਕਰਦੀਆਂ ਸੰਸਥਾਵਾਂ, ਪਰਵਾਰਾਂ, ਵਿਅਕਤੀਆਂ ਨਾਲ ਲਗਾਤਾਰ ਰਾਬਤਾ ਬਣਾ ਕੇ ਰੱਖਣ ਲਈ ਠੋਸ ਕਦਮ ਚੁੱਕਣ ’ਤੇ ਵਿਚਾਰਾਂ ਹੋਈਆਂ। ਇਹ ਵੀ ਵਿਚਾਰ ਆਏ ਕਿ ਸਾਲ ਭਰ ਦੀਆਂ ਹਾਲ ਦੇ ਅੰਦਰ ਅਤੇ ਬਾਹਰ ਹੋਣ ਵਾਲੀਆਂ ਸਰਗਰਮੀਆਂ ਦੀ ਅੰਤਰ-ਕੜੀ ਅੱਗੋਂ ਸਾਲਾਨਾ ‘ਮੇਲਾ ਗ਼ਦਰੀ ਬਾਬਿਆਂ ਦਾ’ ਨਾਲ ਜੋੜਨ ਦਾ ਨਿਸ਼ਾਨਾ ਮਿਥ ਕੇ ਤੁਰਿਆ ਜਾਏਗਾ, ਜਿਸ ਸਦਕਾ ਮੇਲੇ ਦੇ ਰੰਗ ਰੂਪ ’ਚ ਹਰ ਪੱਖੋਂ ਖੇੜਾ ਆਏਗਾ। ਸਮਾਗਮ ’ਚ ਮਾਸਟਰ ਭਜਨ ਸਿੰਘ ਕੈਨੇਡਾ, ਚੈਂਚਲ ਸਿੰਘ ਮਾਹਿਲਪੁਰ ਕੈਨੇਡਾ ਅਤੇ ਰਤਨ ਪਾਲ ਮਹਿਮੀ ਇੰਗਲੈਂਡ ਦਾ ਸਨਮਾਨ ਕੀਤਾ ਗਿਆ। ਇਸ ਵਿਸ਼ਾਲ ਵਿਚਾਰ-ਚਰਚਾ ’ਚ ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਰਣਜੀਤ ਸਿੰਘ ਔਲਖ, ਪ੍ਰੋ. ਗੋਪਾਲ ਬੁੱਟਰ, ਪ੍ਰੋ. ਤੇਜਿੰਦਰ ਵਿਰਲੀ ਤੋਂ ਇਲਾਵਾ ਤਰਕਸ਼ੀਲ, ਜਮਹੂਰੀ ਅਧਿਕਾਰ ਸਭਾ ਦੇ ਪ੍ਰਤੀਨਿਧ ਅਤੇ ਲੰਗੇਰੀ, ਰਾਏਪੁਰ ਡੱਬਾ, ਸੁਨੇਤ, ਬੱਦੋਵਾਲ, ਲਲਤੋਂ, ਢੁੱਡੀਕੇ, ਦਦੇਹਰ ਸਾਹਿਬ, ਭਕਨਾ, ਗੰਡੀਵਿੰਡ ਆਦਿ ਗ਼ਦਰੀਆਂ ਦੇ ਪਿੰਡਾਂ ਸਮੇਤ ਕੋਈ ਪੰਜ ਦਰਜਨ ਪ੍ਰਤੀਨਿਧ ਹਾਜ਼ਰ ਹੋਏ। ਜਮਹੂਰੀ ਹੱਕਾਂ ’ਤੇ ਛਾਪੇ ਮਾਰਨ ਲਈ ਮੜ੍ਹੇ ਜਾ ਰਹੇ ਨਵੇਂ ਕਾਨੂੰਨ ਵਾਪਸ ਲੈਣ, ਫ਼ਲਸਤੀਨੀ ਲੋਕਾਂ ਦਾ ਨਸਲਘਾਤ ਕਰਨਾ ਬੰਦ ਕਰਨ, ਬੁੱਧੀਜੀਵੀਆਂ ਨੂੰ ਰਿਹਾਅ ਕਰਨ ਦੇ ਮਤੇ ਵੀ ਹੱਥ ਖੜ੍ਹੇ ਕਰਕੇ ਪਾਸ ਕੀਤੇ ਗਏ। ਵਿਚਾਰ-ਚਰਚਾ ’ਤੇ ਸਮੇਟਵੀਂ ਟਿੱਪਣੀ ਕਰਦੇ ਹੋਏ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਸਭਨਾਂ ਵਿਚਾਰਾਂ, ਸੁਝਾਵਾਂ ਦੀ ਰੌਸ਼ਨੀ ’ਚ ਠੋਸ ਯਤਨ ਕੀਤੇ ਜਾਣਗੇ, ਤਾਂ ਜੋ ਦੇਸ਼ ਭਗਤ ਯਾਦਗਾਰ ਹਾਲ ਅਤੇ ਸਥਾਨਕ ਸਰਗਰਮੀਆਂ ਦੇ ਉਤਸ਼ਾਹਜਨਕ ਨਤੀਜੇ ਸਾਹਮਣੇ ਆ ਸਕਣ।

LEAVE A REPLY

Please enter your comment!
Please enter your name here