ਛੇ ਰੇਲ ਯਾਤਰੀ ਜ਼ਖਮੀ

0
188

ਹੈਦਰਾਬਾਦ : ਹੈਦਰਾਬਾਦ ਡੈਕਨ ਰੇਲਵੇ ਸਟੇਸ਼ਨ ’ਤੇ ਬੁੱਧਵਾਰ ਸਵੇਰੇ ਚੇਨਈ-ਹੈਦਰਾਬਾਦ ਚਾਰਮੀਨਾਰ ਐੱਕਸਪ੍ਰੈੱਸ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ, ਜਿਸ ਕਾਰਨ ਛੇ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇਹ ਸਟੇਸ਼ਨ ਚੇਨਈ-ਹੈਦਰਾਬਾਦ ਚਾਰਮੀਨਾਰ ਐੱਕਸਪ੍ਰੈੱਸ ਟਰੇਨ ਦਾ ਆਖਰੀ ਸਟੇਸ਼ਨ ਸੀ। ਜਦੋਂ ਰੇਲ ਗੱਡੀ ਸਟੇਸ਼ਨ ’ਤੇ ਹੌਲੀ-ਹੌਲੀ ਅੱਗੇ ਵਧ ਰਹੀ ਸੀ ਤਾਂ ਅੰਤਮ ਪੜਾਅ ਤੋਂ ਅੱਗੇ ਚਲੀ ਗਈ, ਜਿਸ ਕਾਰਨ ਤਿੰਨ ਡੱਬੇ ਉਤਰ ਗਏ।
ਪੰਜ ਬੱਚਿਆਂ ਦੀ ਸਾਹ ਘੁਟਣ ਨਾਲ ਮੌਤ
ਅਮਰੋਹਾ : ਯੂ ਪੀ ਦੇ ਅਮਰੋਹਾ ਜ਼ਿਲ੍ਹੇ ਦੇ ਢੱਕਾ ਮੋੜ ਪਿੰਡ ’ਚ ਪੰਜ ਬੱਚਿਆਂ ਦੀ ਸਾਹ ਘੁਟਣ ਕਾਰਨ ਮੌਤ ਹੋ ਗਈ। ਦੋ ਹੋਰਨਾਂ ਨੂੰ ਗੰਭੀਰ ਹਾਲਤ ’ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪਰਵਾਰ ਨੇ ਘਰ ਦੇ ਅੰਦਰ ਕੋਲੇ ਦੀ ਅੰਗੀਠੀ ਬਾਲੀ ਹੋਈ ਸੀ। ਸਵੇਰੇ ਪਰਵਾਰ ਨੇ ਜਦੋਂ ਦਰਵਾਜ਼ਾ ਨਾ ਖੋਲ੍ਹਿਆ ਤਾਂ ਗੁਆਂਢੀਆਂ ਨੂੰ ਸ਼ੱਕ ਹੋਇਆ। ਉਹ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ ਅਤੇ ਪੰਜ ਬੱਚਿਆਂ ਨੂੰ ਮਿ੍ਰਤਕ ਪਾਇਆ। ਇਹ ਮਕਾਨ ਰਈਸੂਦੀਨ ਦਾ ਹੈ, ਜਿਸ ਦੇ ਤਿੰਨ ਬੱਚਿਆਂ ਅਤੇ ਉਸ ਦੇ ਰਿਸ਼ਤੇਦਾਰਾਂ ਦੇ ਦੋ ਬੱਚਿਆਂ ਦੀ ਮੌਤ ਹੋ ਗਈ। ਉਸ ਦੀ ਪਤਨੀ ਅਤੇ ਭਰਾ ਦੀ ਹਾਲਤ ਨਾਜ਼ੁਕ ਹੈ। ਰਈਸੂਦੀਨ ਟਰੱਕ ਚਾਲਕ ਹੈ ਤੇ ਬਾਹਰ ਗਿਆ ਹੋਇਆ ਹੈ।
ਬਦਮਾਸ਼ ਚੈਨਲ ’ਚ ਦਾਖਲ
ਕੁਇਟੋ : ਇਕੁਆਡੋਰ ਵਿਚ ਪ੍ਰੋਗਰਾਮ ਦੇ ਸਿੱਧੇ ਪ੍ਰਸਾਰਨ ਦੌਰਾਨ ਨਕਾਬਪੋਸ਼ ਬਦਮਾਸ਼ ਬੰਦੂਕਾਂ ਅਤੇ ਧਮਾਕਾਖੇਜ ਸਮਗਰੀ ਨਾਲ ਨਿਊਜ਼ ਚੈਨਲ ਦੇ ਸੈੱਟ ਵਿਚ ਦਾਖਲ ਹੋ ਗਏ ਅਤੇ ਉਥੇ ਮੌਜੂਦ ਸਟਾਫ ਨੂੰ ਧਮਕਾਇਆ। ਸਾਰੇ ਬੰਦੂਕਧਾਰੀਆਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਕਿਹਾ ਕਿ ਇਸ ਨੂੰ ਅੱਤਵਾਦੀ ਘਟਨਾ ਹੀ ਸਮਝਣਾ ਚਾਹੀਦਾ ਹੈ। ਇਸ ਦੱਖਣੀ ਅਮਰੀਕੀ ਦੇਸ਼ ’ਚ ਅੰਦਰੂਨੀ ਖਾਨਾਜੰਗੀ ਚੱਲ ਰਹੀ ਹੈ।
ਅਮਰੀਕੀ ਰੱਖਿਆ ਮੰਤਰੀ ਦਾ ਕੈਂਸਰ ਦਾ ਅਪ੍ਰੇਸ਼ਨ
ਨਿਊਯਾਰਕ : ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਜੇ ਆਸਟਿਨ ਨੂੰ ਗਦੂਦਾਂ ਦਾ ਕੈਂਸਰ ਸੀ ਅਤੇ ਪਿਛਲੇ ਮਹੀਨੇ ਉਨ੍ਹਾ ਦਾ ਅਪਰੇਸ਼ਨ ਹੋਇਆ ਹੈ। ਇਹ ਜਾਣਕਾਰੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਨਹੀਂ ਦਿੱਤੀ ਗਈ ਸੀ। ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਦੇ ਟਰੋਮਾ ਮੈਡੀਕਲ ਡਾਇਰੈਕਟਰ ਨੇ ਬਿਆਨ ’ਚ ਕਿਹਾ ਕਿ ਆਸਟਿਨ ਨੂੰ ਪਿਛਲੇ ਮਹੀਨੇ ਦੇ ਸ਼ੁਰੂ ’ਚ ਕੈਂਸਰ ਦਾ ਪਤਾ ਲੱਗਿਆ ਸੀ। 70 ਸਾਲਾ ਆਸਟਿਨ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾ ਦੀ ਡਾਕਟਰੀ ਟੀਮ ਨਾਲ ਸਲਾਹ ਮਸ਼ਵਰੇ ਤੋਂ ਬਾਅਦ 22 ਦਸੰਬਰ 2023 ਨੂੰ ਸਰਜਰੀ ਹੋਈ ਸੀ ਅਤੇ ਅਗਲੀ ਸਵੇਰ ਉਹ ਘਰ ਚਲੇ ਗਏ ਸਨ।

LEAVE A REPLY

Please enter your comment!
Please enter your name here