ਹੁਸ਼ਿਆਰਪੁਰ, (ਸੈਣੀ, ਰਾਣਾ, ਭੂੰਗਰਨੀ) – ਥਾਣਾ ਬੁੱਲ੍ਹੋਵਾਲ ਅਧੀਨ ਪੈਂਦੇ ਕਸਬਾ ਦੁਸੜਕਾ ਵਿੱਚ ਸਰਪੰਚ ਸੰਦੀਪ ਕੁਮਾਰ ਚੀਨਾ ਹੱਤਿਆ ਕਾਂਡ ਵਿੱਚ ਲੋੜੀਂਦੇ ਮੁਲਜ਼ਮ ਨੂੰ ਮਕਾਬਲੇ ਤੋਂ ਬਾਅਦ ਨਜਾਇਜ਼ ਅਸਲੇ ਸਮੇਤ ਕਾਬੂ ਕਰ ਲਿਆ ਗਿਆ। ਐੱਸ ਐੱਸ ਪੀ ਸੁਰਿੰਦਰ ਲਾਂਬਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਬੀਤੀ 4 ਜਨਵਰੀ ਨੂੰ ਅਨੂਪ ਕੁਮਾਰ ਉਰਫ ਵਿੱਕੀ ਵਾਸੀ ਅਸਲਪੁਰ ਥਾਣਾ ਬੁੱਲ੍ਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਨੇ ਆਪਣੇ 2 ਹੋਰ ਨਾਮਾਲੂਮ ਸਾਥੀਆਂ ਨਾਲ ਮਿਲ ਕੇ ਕਸਬਾ ਦੁਸੜਕਾ ਵਿੱਚ ਆਪਣੇ ਟਾਈਲਾਂ ਵਾਲੇ ਡੰਪ ’ਤੇ ਬੈਠੇ ਸਰਪੰਚ ਸੰਦੀਪ ਕੁਮਾਰ (45) ਵਾਸੀ ਡਡਿਆਣਾ ਕਲਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਵੱਖ-ਵੱਖ ਸਮਾਜਕ ਜਥੇਬੰਦੀਆਂ ਵੱਲੋਂ ਇਸ ਕਤਲ ਕਾਂਡ ਦੀ ਨਿੰਦਾ ਕਰਦੇ ਹੋਏ 4 ਜਨਵਰੀ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗਿ੍ਰਫਤਾਰ ਕਰਕੇ ਸਖ਼ਤ ਤੋਂ ਸਖਤ ਸਜ਼ਾ ਦਿਵਾਈ ਜਾਵੇ।
ਉਸ ਤੋਂ ਬਾਅਦ ਪੂਰੇ ਜ਼ਿਲ੍ਹੇ ਨੂੰ ਰੈੱਡ ਅਲਰਟ ਕਰਕੇ ਪੁਲਸ ਨੇ 24 ਘੰਟੇ ਤੋਂ ਵੀ ਘੱਟ ਸਮੇਂ ਵਿੱਚ ਰੋਹਿਤ ਕੁਮਾਰ ਉਰਫ ਸੂਰਜ ਵਾਸੀ ਸ਼ੇਰਪੁਰ ਗਲਿੰਡ ਥਾਣਾ ਬੁੱਲ੍ਹੋਵਾਲ ਨੂੰ ਗਿ੍ਰਫਤਾਰ ਕੀਤਾ ਸੀ। ਤਫਤੀਸ ਦੌਰਾਨ 6 ਜਨਵਰੀ ਨੂੰ ਵਾਰਦਾਤ ਤੋਂ ਬਾਅਦ ਵਰਤੀ ਗਈ ਸਵਿਫਟ ਕਾਰ ਦੇ ਚਾਲਕ ਸਨਮੰਤ ਖੋਸਲਾ ਵਾਸੀ ਮੁਹੱਲਾ ਬਾਲਮੀਕ ਥਾਣਾ ਟਾਂਡਾ ਅਤੇ 9 ਜਨਵਰੀ ਨੂੰ ਗੁਰਪ੍ਰੀਤ ਉਰਫ ਗੋਪੀ ਸ਼ੂਟਰ ਵਾਸੀ ਘੋੜੇਵਾਹਾ, ਥਾਣਾ ਟਾਂਡਾ ਅਤੇ ਮਨਦੀਪ ਸਿੰਘ ਉਰਫ ਮੀਪਾ ਵਾਸੀ ਪਿੰਡ ਮੋਹਾਂ, ਥਾਣਾ ਟਾਂਡਾ ਨੂੰ ਗਿ੍ਰਫਤਾਰ ਕੀਤਾ ਗਿਆ। ਉਪਰੋਕਤ ਗਿ੍ਰਫਤਾਰੀਆਂ ਤੋਂ ਬਾਅਦ ਵੀ ਅਸਲ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ ਤਾਂ 9 ਜਨਵਰੀ ਦੀ ਰਾਤ ਨੂੰ ਇੰਚਾਰਜ ਸੀ ਆਈ ਏ ਸਟਾਫ ਇੰਸਪੈਕਟਰ ਬਲਵਿੰਦਰ ਪਾਲ ਨੂੰ ਖੁਫੀਆ ਸੂਤਰਾਂ ਰਾਹੀਂ ਇਤਲਾਹ ਪ੍ਰਾਪਤ ਹੋਈ ਕਿ ਅਨੂਪ ਕੁਮਾਰ ਉਰਫ ਵਿੱਕੀ ਢੋਲਵਾਹਾ ਤੋਂ ਦੇਹਰਾ ਰੋਡ ’ਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਹੈ। ਪੁਲਸ ਪਾਰਟੀ ਵੱਲੋਂ ਨਹਿਰੇ-ਨਹਿਰ ਵਿੱਕੀ ਦੀ ਭਾਲ ਕੀਤੀ ਗਈ। ਜਦੋਂ ਪੁਲਸ ਪਾਰਟੀ ਪਿੰਡ ਲਾਲਪੁਰ ਦੇ ਨਜ਼ਦੀਕ ਪੁੱਜੀ ਤਾਂ ਸਾਹਮਣੇ ਤੋਂ ਇੱਕ ਮੋਟਰਸਾਈਕਲ ਆਉਂਦਾ ਦਿਖਾਈ ਦਿੱਤਾ, ਜਿਸ ਨੂੰ ਪੁਲਸ ਪਾਰਟੀ ਨੇ ਰੁਕਣ ਲਈ ਇਸ਼ਾਰਾ ਕੀਤਾ ਤਾਂ ਮੋਟਰਸਾਈਕਲ ਚਾਲਕ ਘਬਰਾ ਕੇ ਮੋਟਰਸਾਈਕਲ ਤੋਂ ਹੇਠਾਂ ਡਿੱਗ ਪਿਆ ਤੇ ਉੱਠ ਕੇ ਭੱਜਣ ਲੱਗਾ। ਘੇਰਾ ਪੈਂਦਾ ਦੇਖ ਉਸ ਨੇ ਪੁਲਸ ਪਾਰਟੀ ’ਤੇ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬੀ ਕਾਰਵਾਈ ਵਿਚ ਵਿੱਕੀ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜਿਆ ਗਿਆ, ਜੋ ਅਜੇ ਜ਼ੇਰੇ ਇਲਾਜ ਹੈ। 10 ਜਨਵਰੀ ਨੂੰ ਲੋੜੀਂਦੇ ਮਨਪ੍ਰੀਤ ਸਿੰਘ ਉਰਫ ਮਨੀਸ ਵਾਸੀ ਪਿੰਡ ਕਲਿਆਣਪੁਰ, ਥਾਣਾ ਲਾਂਬੜਾ, ਜ਼ਿਲ੍ਹਾ ਜਲੰਧਰ ਅਤੇ ਕਰਨ ਕੁਮਾਰ ਉਰਫ ਕੰਨੂ ਵਾਸੀ ਅਸਲਪੁਰ, ਥਾਣਾ ਬੁੱਲੋ੍ਹਵਾਲ ਨੂੰ ਵੀ ਗਿ੍ਰਫਤਾਰ ਕਰ ਲਿਆ ਗਿਆ।




