ਨਵੀਂ ਦਿੱਲੀ : ਕਾਂਗਰਸ ਨੇ ਬੁੱਧਵਾਰ ਕਿਹਾ ਕਿ ਸੋਨੀਆ ਗਾਂਧੀ, ਮਲਿਕਾਰਜੁਨ ਖੜਗੇ ਤੇ ਅਧੀਰ ਰੰਜਨ ਚੌਧਰੀ 22 ਜਨਵਰੀ ਨੂੰ ਅਯੁੱਧਿਆ ਵਿਚ ਰਾਮਲਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿਚ ਸ਼ਾਮਲ ਨਹੀਂ ਹੋਣਗੇ। ਇੰਡੀਆ ਗੱਠਜੋੜ ਦੇ ਭਾਈਵਾਲਾਂ ਵੱਲੋਂ ਵੱਖ-ਵੱਖ ਬਿਆਨ ਆਉਣ ਦਰਮਿਆਨ ਕਾਂਗਰਸ ਦੇ ਸਟੈਂਡ ਬਾਰੇ ਲੱਗ ਰਹੀਆਂ ਕਿਆਸਅਰਾਈਆਂ ਨੂੰ ਵਿਰਾਮ ਦੇਣ ਲਈ ਪਾਰਟੀ ਨੇ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਕਾਂਗਰਸ ਨੇ ਕਿਹਾ ਹੈ ਕਿ ਸਮਾਰੋਹ ਸਾਫ ਤੌਰ ’ਤੇ ਆਰ ਐੱਸ ਐੱਸ ਤੇ ਭਾਜਪਾ ਦਾ ਇਵੈਂਟ ਬਣ ਗਿਆ ਹੈ।
ਕਾਂਗਰਸ ਨੇ ਕਿਹਾ ਹੈਭਗਵਾਨ ਰਾਮ ਸਾਡੇ ਦੇਸ਼ ਵਿਚ ਲਖੂਖਾ ਲੋਕਾਂ ਵੱਲੋਂ ਪੂਜੇ ਜਾਂਦੇ ਹਨ। ਧਰਮ ਨਿੱਜੀ ਮਾਮਲਾ ਹੁੰਦਾ ਹੈ, ਪਰ ਆਰ ਐੱਸ ਐੱਸ ਤੇ ਭਾਜਪਾ ਨੇ ਅਯੁੱਧਿਆ ਵਿਚ ਮੰਦਰ ਨੂੰ ਸਿਆਸੀ ਪ੍ਰੋਜੈਕਟ ਬਣਾ ਧਰਿਆ ਹੈ। ਚੋਣ ਲਾਹਾ ਲੈਣ ਲਈ ਭਾਜਪਾ ਤੇ ਆਰ ਐੱਸ ਐੱਸ ਅਧੂਰੇ ਮੰਦਰ ਦਾ ਅਗਾਊਂ ਉਦਘਾਟਨ ਕਰਨ ਜਾ ਰਹੇ ਹਨ। ਸੁਪਰੀਮ ਕੋਰਟ ਦੇ 2019 ਦੇ ਫੈਸਲੇ ਅਤੇ ਭਗਵਾਨ ਰਾਮ ਨੂੰ ਮੰਨਣ ਵਾਲੇ ਲਖੂਖਾ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਸ੍ਰੀ ਮਲਿਕਾਰੁਜਨ ਖੜਗੇ, ਸ੍ਰੀਮਤੀ ਸੋਨੀਆ ਗਾਂਧੀ ਤੇ ਸ੍ਰੀ ਅਧੀਰ ਰੰਜਨ ਨੇ ਆਰ ਐੱਸ ਐੱਸ ਤੇ ਭਾਜਪਾ ਦੇ ਇਵੈਂਟ ਦਾ ਸੱਦਾ ਸਤਿਕਾਰ ਸਹਿਤ ਨਾਮਨਜ਼ੂਰ ਕਰ ਦਿੱਤਾ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਕਾਂਗਰਸ ਪ੍ਰਧਾਨ ਤੇ ਰਾਜ ਸਭਾ ਵਿਚ ਆਪੋਜ਼ੀਸ਼ਨ ਦੇ ਆਗੂ ਸ੍ਰੀ ਮਲਿਕਾਰਜੁਨ ਖੜਗੇ, ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਤੇ ਲੋਕ ਸਭਾ ਵਿਚ ਕਾਂਗਰਸ ਪਾਰਟੀ ਦੇ ਆਗੂ ਸ੍ਰੀ ਅਧੀਰ ਰੰਜਨ ਚੌਧਰੀ ਨੂੰ ਪਿਛਲੇ ਮਹੀਨੇ ਰਾਮ ਮੰਦਰ ਦੇ ਉਦਘਾਟਨ ਵਿਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਸੀ।
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਕਾਂਗਰਸ ਆਪਣੇ ਫੈਸਲੇ ’ਤੇ ਪਛਤਾਏਗੀ। ਭਾਜਪਾ ਆਗੂ ਨਲਿਨ ਕੋਹਲੀ ਨੇ ਕਿਹਾ ਕਿ ਕਾਂਗਰਸ ਦੇ ਫੈਸਲੇ ਤੋਂ ਹੈਰਾਨੀ ਨਹੀਂ ਹੋਈ, ਕਿਉਕਿ ਉਹ ਭਗਵਾਨ ਰਾਮ ਦੀ ਹੋਂਦ ਨੂੰ ਨਹੀਂ ਮੰਨਦੀ।



