ਮੁੰਬਈ : ਮਹਾਰਾਸ਼ਟਰ ਵਿਚ ਏਕਨਾਥ ਸ਼ਿੰਦੇ ਮੁੱਖ ਮੰਤਰੀ ਬਣੇ ਰਹਿਣਗੇ। ਅਸੰਬਲੀ ਦੇ ਸਪੀਕਰ ਰਾਹੁਲ ਨਾਰਵੇਕਰ ਨੇ ਬੁੱਧਵਾਰ ਸ਼ਿੰਦੇ ਸਣੇ ਉਨ੍ਹਾ ਦੇ ਧੜੇ ਦੇ 16 ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੀ ਮੰਗ ਰੱਦ ਕਰ ਦਿੱਤੀ। ਸਪੀਕਰ ਨੇ ਊਧਵ ਠਾਕਰੇ ਧੜੇ ਦੇ 14 ਵਿਧਾਇਕਾਂ ਨੂੰ ਵੀ ਅਯੋਗ ਕਰਾਰ ਦੇਣ ਤੋਂ ਇਨਕਾਰ ਕਰ ਦਿੱਤਾ। ਸ਼ਿੰਦੇ ਧੜੇ ਦੇ ਚੀਫ ਵ੍ਹਿੱਪ ਨੇ ਇਨ੍ਹਾਂ ਨੂੰ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਸੀ। 1200 ਸਫਿਆਂ ਦੇ ਫੈਸਲੇ ਦੇ ਮੁੱਖ ਬਿੰਦੂਆਂ ਨੂੰ ਪੜ੍ਹਦਿਆਂ ਸਪੀਕਰ ਨੇ ਕਿਹਾਮੁੱਖ ਮੰਤਰੀ ਏਕਨਾਥ ਸ਼ਿੰਦੇ ਕੋਲ ਸ਼ਿਵ ਸੈਨਾ ਦੇ 55 ਵਿੱਚੋਂ 37 ਵਿਧਾਇਕ ਹਨ। ਉਨ੍ਹਾ ਦੀ ਅਗਵਾਈ ਵਾਲਾ ਧੜਾ ਹੀ ਅਸਲੀ ਸ਼ਿਵ ਸੈਨਾ ਹੈ। ਚੋਣ ਕਮਿਸ਼ਨ ਨੇ ਵੀ ਇਹੀ ਫੈਸਲਾ ਦਿੱਤਾ ਸੀ। ਵਿਧਾਇਕਾਂ ਦੀ ਮੈਂਬਰੀ ਬਹਾਲ ਰਹਿਣ ਦਾ ਫੈਸਲਾ ਆਉਣ ਤੋਂ ਬਾਅਦ ਸ਼ਿਵ ਸੈਨਾ ਦਫਤਰ ਬਾਲਾ ਸਾਹਿਬ ਭਵਨ ਦੇ ਬਾਹਰ ਜਸ਼ਨ ਸ਼ੁਰੂ ਹੋ ਗਏ। ਵਰਕਰਾਂ ਨੇ ਸ਼ਿੰਦੇ ਜ਼ਿੰਦਾਬਾਦ ਦੇ ਨਾਅਰੇ ਲਾਏ।
ਸਪੀਕਰ ਨੇ ਕਿਹਾਇਹ ਸਾਫ ਹੈ ਕਿ ਸੁਨੀਲ ਪ੍ਰਭੂ ਨੂੰ ਜਦੋਂ ਚੀਫ ਵ੍ਹਿੱਪ ਨਿਯੁਕਤ ਕੀਤਾ ਗਿਆ ਸੀ, ਉਦੋਂ ਪਾਰਟੀ ਦੀ ਵੰਡ ਹੋ ਚੁੱਕੀ ਸੀ। ਚੋਣ ਕਮਿਸ਼ਨ ਨੇ ਇਸੇ ਧੜੇ ਨੂੰ ਅਸਲੀ ਸ਼ਿਵ ਸੈਨਾ ਮੰਨਿਆ ਹੈ, ਇਸ ਲਈ ਚੀਫ ਵਿੱ੍ਹਪ ਦੇ ਰੂਪ ਵਿਚ ਭਰਤ ਗੋਗਾਵਲੇ ਦੀ ਨਿਯੁਕਤੀ ਸਹੀ ਹੈ। ਪ੍ਰਭੂ ਨੂੰ ਵਿਧਾਇਕ ਦਲ ਦੀ ਮੀਟਿੰਗ ਸੱਦਣ ਦਾ ਅਧਿਕਾਰ ਨਹੀਂ ਸੀ।
ਸਪੀਕਰ ਨੇ ਅੱਗੇ ਕਿਹਾਸ਼ਿਵ ਸੈਨਾ ਸੰਵਿਧਾਨ ਦੇ ਮੁਤਾਬਕ ‘ਪਕਸ਼ ਪ੍ਰਮੁਖ’ ਇਕੱਲਾ ਕਿਸੇ ਨੂੰ ਵੀ ਪਾਰਟੀ ਤੋਂ ਕੱਢ ਨਹੀਂ ਸਕਦਾ। ਸ਼ਿੰਦੇ ਨੂੰ ਵਿਧਾਇਕ ਦਲ ਦੇ ਆਗੂ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਠਾਕਰੇ ਦਾ ਸੀ, ਪਾਰਟੀ ਦਾ ਨਹੀਂ। ਜੇ ਕਿਸੇ ਨੂੰ ਅਹੁਦੇ ਤੋਂ ਹਟਾਉਣਾ ਹੈ ਤਾਂ ਉਸ ਲਈ ਕੌਮੀ ਕਾਰਜਕਾਰਨੀ ਤੇ ਪ੍ਰਤੀਨਿਧ ਸਭਾ ਦਾ ਬਹੁਮਤ ਜ਼ਰੂਰੀ ਹੈ।
ਸਪੀਕਰ ਨੇ ਕਿਹਾਊਧਵ ਠਾਕਰੇ ਧੜੇ ਵੱਲੋਂ ਦਿੱਤੀ ਗਈ ਸੰਵਿਧਾਨ ਦੀ ਕਾਪੀ ’ਤੇ ਤਰੀਕ ਨਹੀਂ ਸੀ, ਇਸ ਲਈ ਉਸ ਨੂੰ ਮੰਨਿਆ ਨਹੀਂ ਗਿਆ। ਸ਼ਿਵ ਸੈਨਾ ਦੇ 1999 ਦੇ ਸੰਵਿਧਾਨ ਨੂੰ ਆਧਾਰ ਮੰਨਿਆ ਗਿਆ। 2018 ਦਾ ਸੋਧਿਆ ਸੰਵਿਧਾਨ ਚੋਣ ਕਮਿਸ਼ਨ ਦੇ ਰਿਕਾਰਡ ਵਿਚ ਨਹੀਂ ਹੈ। ਚੋਣ ਕਮਿਸ਼ਨ ਨੇ ਸ਼ਿੰਦੇ ਧੜੇ ਨੂੰ ਹੀ ਅਸਲੀ ਸ਼ਿਵ ਸੈਨਾ ਮੰਨਿਆ ਹੈ।
ਸ਼ਿਵ ਸੈਨਾ (ਊਧਵ ਠਾਕਰੇ) ਦੇ ਆਗੂ ਸੰਜੇ ਰਾਉਤ ਨੇ ਸਵੇਰੇ ਕਿਹਾ ਸੀ ਕਿ ਫੈਸਲੇ ’ਤੇ ਮੈਚ ਫਿਕਸਿੰਗ ਹੋ ਚੁੱਕੀ ਹੈ। ਸਪੀਕਰ ਦੋ ਵਾਰ ਮੁਲਜ਼ਮਾਂ ਨੂੰ ਮਿਲ ਚੁੱਕੇ ਹਨ। ਸ਼ੁੱਕਰਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਾਰਾਸ਼ਟਰ ਵਿਚ ਰਹਿਣਗੇ, ਕੁਝ ਦਿਨ ਬਾਅਦ ਸ਼ਿੰਦੇ ਦਾਵੋਸ ਜਾਣਗੇ, ਇਸ ਦਾ ਮਤਲਬ ਸਰਕਾਰ ਕਾਇਮ ਰਹੇਗੀ। ਫੈਸਲਾ ਤਾਂ ਬਸ ਰਸਮ ਪੂਰੀ ਕਰਨ ਵਾਲੀ ਗੱਲ ਹੋਵੇਗੀ। ਵਿਧਾਇਕਾਂ ਨੂੰ ਬਚਾਉਣ ਲਈ ਦਿੱਲੀ ਵਿਚ ਫੈਸਲਾ ਹੋ ਚੁੱਕਾ ਹੈ।



