ਹੁਣ ਮੇਧਾ ਪਾਟੇਕਰ ਨਿਸ਼ਾਨੇ ‘ਤੇ

0
609

ਮੋਦੀ ਰਾਜ ਵਿੱਚ ਜਨ-ਅੰਦੋਲਨਾਂ ਨਾਲ ਜੁੜੇ ਵਿਅਕਤੀਆਂ ਨੂੰ ਝੂਠੇ ਕੇਸਾਂ ਵਿੱਚ ਉਲਝਾ ਕੇ ਬਦਨਾਮ ਕਰਨ ਦਾ ਵਰਤਾਰਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਭੀਮਾ ਕੋਰੇਗਾਂਵ ਕੇਸ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਦਿੱਲੀ ਦੰਗਿਆਂ ਦੀ ਆੜ ਵਿੱਚ ਵਿਦਿਆਰਥੀਆਂ ਨੂੰ ਦੇਸ਼ਧ੍ਰੋਹ ਦੇ ਕੇਸ ਮੜ੍ਹ ਕੇ ਜੇਲ੍ਹੀਂ ਬੰਦ ਕਰਨ ਤੇ ਸਿੱਦੀਕੀ ਕੱਪਨ ਵਰਗੇ ਜੁਝਾਰੂ ਪੱਤਰਕਾਰ ਦੀ ਲੰਮੀ ਗਿ੍ਫ਼ਤਾਰੀ ਤੋਂ ਬਾਅਦ ਹਰ ਦਿਨ ਤੇਜ਼ ਹੁੰਦਾ ਜਾ ਰਿਹਾ ਹੈ | ਹੁਣੇ ਜਿਹੇ ਗੁਜਰਾਤ ਦੰਗਿਆਂ ਦਾ ਕੇਸ ਲੜਨ ਵਾਲੀ ਸਮਾਜਿਕ ਕਾਰਕੁਨ ਤੀਸਤਾ ਸੀਤਲਵਾੜ ਤੇ ਸਾਬਕਾ ਪੁਲਸ ਅਧਿਕਾਰੀ ਆਰ ਬੀ ਕੁਮਾਰ ਨੂੰ ਜੇਲ੍ਹ ਬੰਦ ਕਰ ਦਿੱਤਾ ਗਿਆ ਹੈ | ਇੱਕ ਇਮਾਨਦਾਰ ਅਫ਼ਸਰ ਸੰਜੀਵ ਭੱਟ, ਜਿਹੜਾ ਪਹਿਲਾਂ ਹੀ ਜੇਲ੍ਹ ਵਿੱਚ ਹੈ, ਨੂੰ ਹੁਣ ਨਵੇਂ ਕੇਸ ਵਿੱਚ ਫਸਾ ਦਿੱਤਾ ਗਿਆ ਹੈ | ਆਲਟ ਨਿਊਜ਼ ਦੇ ਸਹਾਇਕ ਸੰਪਾਦਕ ਮੁਹੰਮਦ ਜ਼ੁਬੈਰ ਨੂੰ ਜਦੋਂ ਅਦਾਲਤ ਵਿੱਚੋਂ ਰਾਹਤ ਮਿਲਦੀ ਹੈ ਤਾਂ ਉਸ ਉੱਤੇ ਨਵਾਂ ਕੇਸ ਮੜ੍ਹ ਦਿੱਤਾ ਜਾਂਦਾ ਹੈ, ਤਾਂ ਜੋ ਉਹ ਜੇਲ੍ਹੋਂ ਬਾਹਰ ਨਾ ਆ ਸਕੇ |
ਇਸੇ ਕੜੀ ਅਧੀਨ ਹੁਣ ਨਰਮਦਾ ਬਚਾਓ ਅੰਦੋਲਨ ਦੀ ਆਗੂ ਮੇਧਾ ਪਾਟੇਕਰ ਤੇ ਉਸ ਦੇ ਟਰੱਸਟ ਨਾਲ ਜੁੜੇ 11 ਟਰੱਸਟੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ | ਮੇਧਾ ਪਾਟੇਕਰ ਤੇ ਸਹਿਯੋਗੀਆਂ ਵਿਰੁੱਧ ਇਹ ਕੇਸ ਮੱਧ ਪ੍ਰਦੇਸ਼ ਦੇ ਬਡਵਾਨੀ ਸ਼ਹਿਰ ਦੀ ਕੋਤਵਾਲੀ ਵਿੱਚ ਪ੍ਰੀਤਮ ਡਬੋਲੇ ਨਾਂਅ ਦੇ ਵਿਅਕਤੀ ਦੀ ਸ਼ਿਕਾਇਤ ਉੱਤੇ ਦਰਜ ਕੀਤਾ ਗਿਆ ਹੈ | ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਭਾਵੇਂ ਪ੍ਰੀਤਮ ਡਬੋਲੇ ਨੇ ਆਪਣਾ ਫੇਸਬੁਕ ਅਕਾਊਾਟ ਬੰਦ ਕਰ ਦਿੱਤਾ ਸੀ, ਪਰ ਫੇਸਬੁਕ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਉਹ ਅਖਿਲ ਭਾਰਤੀ ਵਿਦਿਅਰਥੀ ਪ੍ਰੀਸ਼ਦ ਤੇ ਸੰਘ ਨਾਲ ਜੁੜਿਆ ਵਿਅਕਤੀ ਹੈ | ਉਸ ਨੇ ਮੇਧਾ ਪਾਟੇਕਰ ਵਿਰੁੱਧ ਦੋਸ਼ ਲਾਏ ਹਨ ਕਿ ਉਸ ਵੱਲੋਂ ਚਲਾਏ ਜਾ ਰਹੇ ਨਰਮਦਾ ਨਵ-ਨਿਰਮਾਣ ਅਭਿਆਨ ਐੱਨ ਜੀ ਓ ਵਿੱਚ ਕਰੋੜਾਂ ਦੀ ਹੇਰਾਫੇਰੀ ਕੀਤੀ ਗਈ ਹੈ | ਆਦਿਵਾਸੀ ਬੱਚਿਆਂ ਦੀ ਪੜ੍ਹਾਈ ਦੇ ਨਾਂਅ ‘ਤੇ ਚੰਦਾ ਲੈ ਕੇ ਰਾਸ਼ਟਰ ਵਿਰੋਧੀ ਕਾਰਵਾਈਆਂ ਵਿੱਚ ਖਰਚਿਆ ਗਿਆ ਹੈ | ਸ਼ਿਕਾਇਤਕਰਤਾ ਨੇ ਆਪਣੇ ਵੱਲੋਂ ਲਾਏ ਦੋਸ਼ਾਂ ਦੀ ਪੁਸ਼ਟੀ ਲਈ ਨਾ ਕੋਈ ਤੱਥ ਪੇਸ਼ ਕੀਤੇ ਹਨ ਤੇ ਨਾ ਕੋਈ ਦਸਤਾਵੇਜ਼, ਇਸ ਦੇ ਬਾਵਜੂਦ ਪੁਲਸ ਨੇ ਬਿਨਾਂ ਜਾਂਚ-ਪੜਤਾਲ ਦੇ ਹੀ ਐਫ਼ ਆਈ ਆਰ ਦਰਜ ਕਰ ਲਈ ਹੈ | ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਹੋਰਨਾਂ ਕੇਸਾਂ ਵਾਂਗ ਇਹ ਕਾਰਵਾਈ ਵੀ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਹੈ |
ਮੇਧਾ ਪਾਟੇਕਰ ਦਾ ਟਰੱਸਟ ਪਿਛਲੇ 30 ਸਾਲਾਂ ਤੋਂ ਆਦਿਵਾਸੀ ਬੱਚਿਆਂ ਦੀ ਪੜ੍ਹਾਈ ਲਈ ਜੀਵਨਸ਼ਾਲਾਵਾਂ ਚਲਾ ਰਿਹਾ ਹੈ | ਇਨ੍ਹਾਂ ਜੀਵਨਸ਼ਾਲਾਵਾਂ ਰਾਹੀਂ 5 ਹਜ਼ਾਰ ਤੋਂ ਵੱਧ ਬੱਚੇ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਤੇ ਜੀਵਨ ਵਿੱਚ ਅੱਗੇ ਵਧ ਰਹੇ ਹਨ | ਪੁਲਸ ਵੱਲੋਂ ਦਰਜ ਕੇਸ ਵਿੱਚ ਮੇਧਾ ਪਾਟੇਕਰ, ਰੂਮੀ ਜਹਾਂਗੀਰ, ਵਿਜੇ ਚੌਹਾਨ, ਕੈਲਾਸ਼ ਅਵਾਸਿਆ, ਮੋਹਨ ਪਾਟੀਦਾਰ, ਅਸ਼ੀਸ਼ ਮੰਡਲੋਈ, ਕੇਵਲ ਸਿੰਘ, ਸੰਜੇ ਜੋਸ਼ੀ, ਸ਼ਿਆਮ ਪਾਟਿਲ, ਸੁਨੀਤੀ ਐੱਸ ਆਰ, ਨੂਰਜੀ ਪਦਵੀ ਤੇ ਕੇਸ਼ਵ ਵਾਸਵੇ ਦੇ ਨਾਂਅ ਸ਼ਾਮਲ ਹਨ | ਸ਼ਿਕਾਇਤਕਰਤਾ ਇਹ ਵੀ ਨਹੀਂ ਜਾਣਦਾ ਕਿ ਅਸ਼ੀਸ਼ ਮੰਡਲੋਈ ਦਾ ਤਾਂ 2012 ਵਿੱਚ ਦਿਹਾਂਤ ਹੋ ਗਿਆ ਸੀ ਤੇ ਨੂਰਜੀ ਪਦਵੀ ਟਰੱਸਟੀ ਹੀ ਨਹੀਂ ਹਨ | ਇਸ ਤੋਂ ਪਹਿਲਾਂ ਵੀ 2007 ਵਿੱਚ ਵੀ ਕੇ ਸਕਸੈਨਾ, ਜੋ ਇਸ ਸਮੇਂ ਦਿੱਲੀ ਦੇ ਉਪ ਰਾਜਪਾਲ ਹਨ, ਨੇ ਟਰੱਸਟ ਵਿਰੁੱਧ ਅਜਿਹੇ ਹੀ ਦੋਸ਼ ਲਾਏ ਸਨ | ਉਸ ਕੇਸ ਬਾਰੇ ਫ਼ੈਸਲਾ ਦਿੰਦਿਆਂ ਸੁਪਰੀਮ ਕੋਰਟ ਨੇ ਦਾਇਰ ਰਿੱਟ ਨੂੰ ਨਿੱਜੀ ਹਿੱਤ ਰਿੱਟ ਕਹਿ ਕੇ ਸਕਸੈਨਾ ਉੱਤੇ ਜੁਰਮਾਨਾ ਲਾਇਆ ਸੀ ਤੇ ਕਿਹਾ ਸੀ ਕਿ ਮੇਧਾ ਪਾਟੇਕਰ ਨਰਮਦਾ ਘਾਟੀ ਦੇ ਉਜੜੇ ਲੋਕਾਂ ਦੇ ਮੁੜਵਸੇਬੇ ਲਈ ਚੰਗਾ ਕੰਮ ਕਰ ਰਹੀ ਹੈ |
ਮੇਧਾ ਪਾਟੇਕਰ ਉੱਤੇ ਕੇਸ ਦਰਜ ਕਰਨ ਦੀ ਵੱਖ-ਵੱਖ ਸੰਗਠਨਾਂ ਨੇ ਕਰੜੀ ਨਿੰਦਾ ਕੀਤੀ ਹੈ | ਜਨ-ਅੰਦੋਲਨਾਂ ਦੇ ਕੌਮੀ ਸੰਗਠਨ ਐੱਨ ਏ ਪੀ ਐੱਮ ਨੇ ਕਿਹਾ ਹੈ ਕਿ ਨਰਮਦਾ ਬਚਾਓ ਅੰਦੋਲਨ ਪਿਛਲੇ 37 ਸਾਲਾਂ ਤੋਂ ਕਿਸਾਨਾਂ, ਮਜ਼ਦੂਰਾਂ ਤੇ ਆਦਿਵਾਸੀਆਂ ਦੀ ਜੰਗਲ ਦੇ ਉਨ੍ਹਾਂ ਅੰਦਰੂਨੀ ਹਿੱਸਿਆਂ ਵਿੱਚ ਜਾ ਕੇ ਮਦਦ ਕਰ ਰਿਹਾ ਹੈ, ਜਿੱਥੇ ਸਰਕਾਰੀ ਸੇਵਾਵਾਂ ਪਹੁੰਚ ਨਹੀਂ ਰਹੀਆਂ | ਇਹ ਸ਼ਰਮ ਦੀ ਗੱਲ ਹੈ ਕਿ ਸਰਕਾਰ ਉਨ੍ਹਾਂ ਦੀ ਮਦਦ ਕਰਨ ਦੀ ਥਾਂ ਅਜਿਹੇ ਪੱਛੜੇ ਤਬਕਿਆਂ ਲਈ ਕੰਮ ਕਰਨ ਵਾਲਿਆਂ ਨੂੰ ਹੀ ਅਪਰਾਧੀ ਸਾਬਤ ਕਰਨ ਉੱਤੇ ਲੱਗੀ ਹੋਈ ਹੈ | ਜਨ-ਅੰਦੋਲਨਾਂ ਦੇ ਕੌਮੀ ਸੰਗਠਨ ਨੇ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਮੰਗ ਕੀਤੀ ਹੈ ਕਿ ਮੇਧਾ ਪਾਟੇਕਰ ਤੇ ਉਸ ਦੇ ਸਹਿਯੋਗੀਆਂ ਵਿਰੁੱਧ ਦਰਜ ਕੇਸ ਨੂੰ ਤੁਰੰਤ ਰੱਦ ਕੀਤਾ ਜਾਵੇ | ਸੰਗਠਨ ਨੇ ਆਪਣੇ ਸਭ ਕਾਰਕੁਨਾਂ ਨੂੰ ਸੱਦਾ ਦਿੱਤਾ ਹੈ ਕਿ ਸੰਗਠਨ ਬਣਾਉਣ ਦੇ ਸੰਵਿਧਾਨਕ ਅਧਿਕਾਰ ਤੇ ਸੁਤੰਤਰਤਾ ਦੇ ਅਧਿਕਾਰ ਵਿਰੁੱਧ ਸਰਕਾਰਾਂ ਦੇ ਹਮਲਿਆਂ ਦਾ ਸਮੂਹਿਕ ਸ਼ਕਤੀ ਨਾਲ ਟਾਕਰਾ ਕੀਤਾ ਜਾਵੇ |
ਇਸ ਤੋਂ ਇਲਾਵਾ ਸੋਸ਼ਲਿਸਟ ਪਾਰਟੀ ਆਫ਼ ਇੰਡੀਆ, ਸਮਾਜਵਾਦੀ ਸਮਾਗਮ, ਲੋਹੀਆ ਵਿਚਾਰ ਮੰਚ, ਸੰਯੁਕਤ ਕਿਸਾਨ ਮੋਰਚਾ, ਕਿਸਾਨ, ਖੇਤ ਮਜ਼ਦੂਰ ਸੰਗਠਨ, ਕਿਸਾਨ-ਮਜ਼ਦੂਰ ਸੈਨਾ, ਕਿਸਾਨ ਸੰਘਰਸ਼ ਸੰਮਤੀ ਸਮੇਤ ਇੰਦੌਰ ਵਿੱਚ ਕੰਮ ਕਰਦੇ 20 ਤੋਂ ਵੱਧ ਜਨਤਕ ਸੰਗਠਨਾਂ ਨੇ ਮੇਧਾ ਪਾਟੇਕਰ ਉੱਤੇ ਕੇਸ ਦਰਜ ਕਰਨ ਦੀ ਨਿੰਦਾ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਅਜਿਹੇ ਫ਼ਰਜ਼ੀ ਮੁਕੱਦਮੇ ਦਰਜ ਕਰਕੇ ਜਨ-ਅੰਦੋਲਨਾਂ ਨੂੰ ਦਬਾਅ ਨਹੀਂ ਸਕਦੀ | ਜਨਤਾ ਦੇ ਹੱਕਾਂ ਲਈ ਲੜਨ ਵਾਲੇ ਲੋਕ ਇਨ੍ਹਾਂ ਫਰਜ਼ੀ ਕੇਸਾਂ ਤੋਂ ਡਰਨ ਵਾਲੇ ਨਹੀਂ ਤੇ ਅਜਿਹੀਆਂ ਕਾਰਵਾਈਆਂ ਦਾ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ |
– ਚੰਦ ਫਤਿਹਪੁਰੀ

LEAVE A REPLY

Please enter your comment!
Please enter your name here