ਪਟਿਆਲਾ : ਕਬੂਤਰਬਾਜ਼ੀ ਦੇ ਮਾਮਲੇ ਵਿਚ ਦੋ ਸਾਲ ਦੀ ਸਜ਼ਾ ਖਿਲਾਫ ਪੌਪ ਗਾਇਕ ਦਲੇਰ ਮਹਿੰਦੀ ਦੀ ਅਪੀਲ ਵੀਰਵਾਰ ਪਟਿਆਲਾ ਦੇ ਐਡੀਸ਼ਨਲ ਸੈਸ਼ਨ ਜੱਜ ਐੱਚ ਐੱਸ ਗਰੇਵਾਲ ਨੇ ਰੱਦ ਕਰਦਿਆਂ ਸਜ਼ਾ ਨੂੰ ਬਰਕਰਾਰ ਰੱਖਿਆ | ਕੁਝ ਸਾਲ ਪਹਿਲਾਂ ਪਟਿਆਲਾ ਦੀ ਹੀ ਹੇਠਲੀ ਅਦਾਲਤ ਨੇ ਦਲੇਰ ਮਹਿੰਦੀ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ | ਦਲੇਰ ਮਹਿੰਦੀ ਅਦਾਲਤ ਵਿਚ ਮੌਜੂਦ ਸੀ ਤੇ ਫਾਜ਼ਲ ਜੱਜ ਦੇ ਫੈਸਲੇ ਤੋਂ ਬਾਅਦ ਪੁਲਸ ਉਸ ਨੂੰ ਗਿ੍ਫਤਾਰ ਕਰਕੇ ਜੇਲ੍ਹ ਲੈ ਗਈ |
2003 ਵਿਚ ਦਲੇਰ ਮਹਿੰਦੀ ਤੇ ਉਸ ਦੇ ਭਰਾ ਸ਼ਮਸ਼ੇਰ ਸਿੰਘ ਵਿਰੁੱਧ 2003 ਵਿਚ ਦਰਜ ਕੇਸ ‘ਚ ਦੋੋਸ਼ ਲਾਇਆ ਗਿਆ ਸੀ ਕਿ ਉਹ ਮੋਟੀਆਂ ਰਕਮਾਂ ਲੈ ਕੇ ਲੋਕਾਂ ਨੂੰ ਆਪਣੀ ਮੰਡਲੀ ਦੇ ਮੈਂਬਰ ਦੱਸ ਕੇ ਵਿਦੇਸ਼ ਲਿਜਾਂਦੇ ਰਹੇ ਹਨ | ਜੁਡੀਸ਼ੀਅਲ ਮੈਜਿਸਟ੍ਰੇਟ ਦਰਜਾ ਅੱਵਲ ਨੇ 2018 ਵਿਚ ਦੋਹਾਂ ਨੂੰ ਦੋ-ਦੋ ਸਾਲ ਦੀ ਸਜ਼ਾ ਸੁਣਾਈ ਸੀ | ਉਨ੍ਹਾਂ ਦੀ ਜ਼ਮਾਨਤ ਹੋ ਗਈ ਸੀ ਤੇ ਦੋਹਾਂ ਨੇ ਬਾਅਦ ਵਿਚ ਸਜ਼ਾ ਖਿਲਾਫ ਸੈਸ਼ਨ ਕੋਰਟ ਵਿਚ ਅਪੀਲ ਦਾਖਲ ਕੀਤੀ ਸੀ |
2003 ਵਿਚ ਸਦਰ ਥਾਣੇ ਵਿਚ ਦਰਜ ਐੱਫ ਆਈ ਆਰ ਵਿਚ ਦੋਸ਼ ਲਾਇਆ ਗਿਆ ਸੀ ਕਿ ਮਹਿੰਦੀ ਭਰਾ 1998 ਤੇ 1999 ਵਿਚ ਦੋ ਟਰੁੱਪ ਲੈ ਕੇ ਗਏ ਸਨ ਤੇ ਇਸ ਦੌਰਾਨ ਉਹ 10 ਲੋਕਾਂ ਨੂੰ ਮੰਡਲੀ ਦਾ ਮੈਂਬਰ ਦੱਸ ਕੇ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਛੱਡ ਕੇ ਆਏ | ਦਲੇਰ ਮਹਿੰਦੀ ਨੇ ਕ੍ਰਿਸ਼ਮਾ ਕਪੂਰ ਤੇ ਉਸ ਦੀ ਮਾਂ ਬਬੀਤਾ ਦੇ ਨਾਲ ਅਮਰੀਕਾ ਦੇ ਟਰੁੱਪ ਦੌਰਾਨ ਕਥਿਤ ਤੌਰ ‘ਤੇ ਪਿ੍ਆ, ਮੀਨੂੰ ਬੇਨ ਤੇ ਨੀਮੂ ਬੇਨ (ਸਾਰੀਆਂ ਗੁਜਰਾਤ ਦੀਆਂ) ਨੂੰ ਸਾਨਫਰਾਂਸਿਸਕੋ ਡਰਾਪ ਕੀਤਾ | ਦੋਹਾਂ ਭਰਾਵਾਂ ਨੇ ਅਕਤੂਬਰ 1999 ਵਿਚ ਜੂਹੀ ਚਾਵਲਾ, ਰਵੀਨਾ ਟੰਡਨ ਤੇ ਜਾਵੇਦ ਜਾਫਰੀ ਦੇ ਨਾਲ ਅਮਰੀਕਾ ਦੌਰੇ ਦੌਰਾਨ ਤਿੰਨ ਮੁੰਡਿਆਂ ਨੂੰ ਨਿਊ ਜਰਸੀ ਡਰਾਪ ਕੀਤਾ | ਪਟਿਆਲਾ ਪੁਲਸ ਨੇ ਬਖਸ਼ੀਸ਼ ਸਿੰਘ ਦੀ ਸ਼ਿਕਾਇਤ ‘ਤੇ 19 ਸਤੰਬਰ 2003 ਨੂੰ ਦਲੇਰ ਤੇ ਸ਼ਮਸ਼ੇਰ ਖਿਲਾਫ ਕੇਸ ਦਰਜ ਕੀਤਾ | ਉਸ ਤੋਂ ਬਾਅਦ 35 ਹੋਰਨਾਂ ਨੇ ਦੋਹਾਂ ਖਿਲਾਫ ਫਰਾਡ ਦੇ ਦੋਸ਼ ਲਾਏ | ਉਨ੍ਹਾਂ ਦੋਸ਼ ਲਾਇਆ ਕਿ ਦੋਹਾਂ ਨੇ ਪੈਸੇ ਲੈ ਕੇ ਉਨ੍ਹਾਂ ਨੂੰ ਅਮਰੀਕਾ ਨਹੀਂ ਪਹੁੰਚਾਇਆ | ਪਟਿਆਲਾ ਪੁਲਸ ਨੇ ਦਲੇਰ ਮਹਿੰਦੀ ਦੇ ਨਵੀਂ ਦਿੱਲੀ ਵਿਚ ਕਨਾਟ ਪਲੇਸ ਸਥਿਤ ਦਫਤਰ ‘ਚ ਛਾਪਾ ਮਾਰ ਕੇ ਦਸਤਾਵੇਜ਼ ਬਰਾਮਦ ਕੀਤੇ ਸਨ, ਜਿਨ੍ਹਾਂ ਵਿਚ ਉਨ੍ਹਾਂ ਦੇ ਨਾਂਅ ਮਿਲੇ, ਜਿਨ੍ਹਾਂ ਨੇ ਪੈਸੇ ਦਿੱਤੇ ਸਨ | 2006 ਵਿਚ ਪਟਿਆਲਾ ਪੁਲਸ ਨੇ ਦਲੇਰ ਮਹਿੰਦੀ ਨੂੰ ਡਿਸਚਾਰਜ ਕਰਨ ਲਈ ਇਹ ਕਹਿ ਕੇ ਦੋ ਅਰਜ਼ੀਆਂ ਦਿੱਤੀਆਂ ਕਿ ਉਹ ਬੇਕਸੂਰ ਹੈ, ਪਰ ਕੋਰਟ ਨੇ ਕਿਹਾ ਕਿ ਉਸ ਵਿਰੁੱਧ ਚੋਖੇ ਸਬੂਤ ਹਨ ਤੇ ਅੱਗੋਂ ਜਾਂਚ ਹੋਣੀ ਚਾਹੀਦੀ ਹੈ |





