ਲਖਨਊ : ਬਸਪਾ ਪ੍ਰਧਾਨ ਮਾਇਆਵਤੀ ਨੇ ਸੋਮਵਾਰ ਕਿਹਾ ਕਿ ਉਨ੍ਹਾ ਦੀ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ਇਕੱਲੇ ਲੜੇਗੀ ਅਤੇ ਨਾ ਤਾਂ ਇੰਡੀਆ ਗਠਜੋੜ ਤੇ ਨਾ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਨਾਲ ਭਾਈਵਾਲੀ ਕਰੇਗੀ। ਆਪਣੇ 68ਵੇਂ ਜਨਮ ਦਿਨ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਮਾਇਆਵਤੀ ਨੇ ਕਿਹਾ ਕਿ ਉਨ੍ਹਾ ਦੀ ਰਾਜਨੀਤੀ ਤੋਂ ਸੰਨਿਆਸ ਲੈਣ ਦੀ ਕੋਈ ਯੋਜਨਾ ਨਹੀਂ, ਜਿਵੇਂ ਕਿ ਮੀਡੀਆ ਦੇ ਇਕ ਹਿੱਸੇ ’ਚ ਦੱਸਿਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਉਨ੍ਹਾ ਨੂੰ ਰਾਮ ਮੰਦਰ ਦੇ ਪਵਿੱਤਰ ਸਮਾਰੋਹ ਲਈ ਸੱਦਾ ਮਿਲਿਆ ਹੈ, ਪਰ ਹਾਲੇ ਤੱਕ ਇਸ ’ਚ ਸ਼ਾਮਲ ਹੋਣ ਬਾਰੇ ਕੋਈ ਫੈਸਲਾ ਨਹੀਂ ਲਿਆ। ਉਨ੍ਹਾ ਮੰਦਰ ਦੀ ਉਸਾਰੀ ਦਾ ਸਵਾਗਤ ਕਰਦਿਆਂ ਕਿਹਾ ਕਿ ਬਸਪਾ ਮਸਜਿਦ ਦੀ ਉਸਾਰੀ ਦਾ ਸਵਾਗਤ ਵੀ ਕਰੇਗੀ, ਕਿਉਂਕਿ ਪਾਰਟੀ ਧਰਮਾਂ ’ਚ ਕੋਈ ਭੇਦਭਾਵ ਨਹੀਂ ਕਰਦੀ।
ਕਾਂਗਰਸ ਦੀ ਇੱਛਾ ਸੀ ਕਿ ਬਸਪਾ ਇੰਡੀਆ ਵਿਚ ਸ਼ਾਮਲ ਹੋਵੇ। ਬਸਪਾ ਦੇ ਇਕੱਲੇ ਲੜਨ ਨਾਲ ਯੂ ਪੀ ਵਿਚ ਕਾਂਗਰਸ ਤੇ ਸਮਾਜਵਾਦੀ ਪਾਰਟੀ ਨੂੰ ਮੁਸ਼ਕਲ ਪੈਦਾ ਹੋਵੇਗੀ। ਮਾਇਆਵਤੀ ਦਾ ਕਹਿਣਾ ਹੈ ਕਿ ਗਠਜੋੜ ਕਰਨ ਨਾਲ ਬਸਪਾ ਦੇ ਵੋਟ ਤਾਂ ਦੂਜੀਆਂ ਪਾਰਟੀਆਂ ਨੂੰ ਪੈ ਜਾਂਦੇ ਹਨ, ਪਰ ਉਨ੍ਹਾਂ ਦੇ ਬਸਪਾ ਨੂੰ ਨਹੀਂ ਪੈਂਦੇ। ਤਾਂ ਵੀ, ਮਾਇਆਵਤੀ ਨੇ ਕਿਹਾ ਕਿ ਚੋਣ ਨਤੀਜਿਆਂ ਤੋਂ ਬਾਅਦ ਹਮਾਇਤ ਦੇਣ ਬਾਰੇ ਉਹ ਸੋਚ ਸਕਦੇ ਹਨ। 2019 ਦੀਆਂ ਚੋਣਾਂ ਬਸਪਾ ਸਮਾਜਵਾਦੀ ਪਾਰਟੀ ਨਾਲ ਮਿਲ ਕੇ ਲੜੀ ਸੀ। ਯੂ ਪੀ ਦੀਆਂ 80 ਸੀਟਾਂ ਵਿੱਚੋਂ ਸਮਾਜਵਾਦੀ ਪਾਰਟੀ ਨੇ 10 ਜਿੱਤੀਆਂ ਸਨ, ਜਦਕਿ ਬਸਪਾ ਪੰਜ ਜਿੱਤ ਸਕੀ ਸੀ।
ਮਾਇਆਵਤੀ ਨੇ ਕਿਹਾ ਕਿ ਬਹੁਤੀਆਂ ਪਾਰਟੀਆਂ ਦੀ ਮਾਨਸਿਕਤਾ ਜਾਤੀਵਾਦੀ ਹੈ। ਉਨ੍ਹਾ ਕਿਹਾ ਕਿ ਹਰ ਚੋਣ ’ਚ ਈ ਵੀ ਐੱਮ ’ਚ ਧਾਂਦਲੀ ਕੀਤੀ ਜਾ ਰਹੀ ਹੈ, ਈ ਵੀ ਐੱਮ ਦੇ ਖਿਲਾਫ ਕਈ ਆਵਾਜ਼ਾਂ ਉਠ ਰਹੀਆਂ ਹਨ। ਉਨ੍ਹਾ ਭਾਜਪਾ ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਲੋਕਾਂ ਨੂੰ ਮੁਫਤ ਰਾਸ਼ਨ ਦੇ ਕੇ ਠੱਗਿਆ ਗਿਆ ਹੈ। ਉਨ੍ਹਾਂ ਨੂੰ ਰਾਸ਼ਨ ਦੇ ਕੇ ਗੁਲਾਮ ਬਣਾਇਆ ਜਾ ਰਿਹਾ ਹੈ।
ਮਾਇਆਵਤੀ ਦੇ ਐਲਾਨ ਨਾਲ ਪੰਜਾਬ ਵਿਚ ਅਕਾਲੀ ਦਲ ਤੇ ਬਸਪਾ ਵਿਚਾਲੇ ਗਠਜੋੜ ਵੀ ਖਤਮ ਹੋ ਗਿਆ ਹੈ। ਹਾਲਾਂਕਿ ਅਕਾਲੀ ਦਲ ਕੌਮੀ ਪੱਧਰ ’ਤੇ ਕਿਸੇ ਗਠਜੋੜ ਵਿਚ ਸ਼ਾਮਲ ਨਹੀਂ, ਪਰ ਮਾਇਆਵਤੀ ਨੇ ਸਾਫ ਕਹਿ ਦਿੱਤਾ ਹੈ ਕਿ ਉਹ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀਂ ਕਰਨਗੇ।



