ਜਲੰਧਰ (ਗਿਆਨ ਸੈਦਪੁਰੀ)
ਸੰਯੁਕਤ ਕਿਸਾਨ ਮੋਰਚਾ ਦੇ ਪੰਜਾਬ ਚੈਪਟਰ ਦੀਆਂ ਕਿਸਾਨ ਜਥੇਬੰਦੀਆਂ ਦੀ ਬਲਬੀਰ ਸਿੰਘ ਰਾਜੇਵਾਲ ਗਰੁੱਪ ਨਾਲ ਸੰਬੰਧਤ ਪੰਜ ਕਿਸਾਨ ਜਥੇਬੰਦੀਆਂ ਨਾਲ ਇੱਕ ਸਾਂਝੀ ਮੀਟਿੰਗ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਬੂਟਾ ਸਿੰਘ ਬੁਰਜ ਗਿੱਲ, ਡਾ. ਸਤਨਾਮ ਸਿੰਘ ਅਜਨਾਲਾ ਅਤੇ ਹਰਜਿੰਦਰ ਸਿੰਘ ਟਾਂਡਾ ਨੇ ਕੀਤੀ। ਮੀਟਿੰਗ ਵਿੱਚ ਪੰਜ ਕਿਸਾਨ ਜਥੇਬੰਦੀਆਂ ਨਾਲ 32 ਕਿਸਾਨ ਜਥੇਬੰਦੀਆਂ ਦੇ ਚੈਪਟਰ ਦੀ ਏਕਤਾ ਦੇ ਬੀਤੇ ਸਮੇਂ ਤੋਂ ਚੱਲ ਰਹੇ ਅਮਲ ਨੂੰ ਸੋਮਵਾਰ ਉਸ ਸਮੇਂ ਬੂਰ ਪੈ ਗਿਆ, ਜਦੋਂ ਪੰਜ ਕਿਸਾਨ ਜਥੇਬੰਦੀਆਂ ਦੀ 32 ਜਥੇਬੰਦੀਆਂ ਦੇ ਚੈਪਟਰ ’ਚ ਘਰ ਵਾਪਸੀ ਹੋ ਗਈ।
ਮੀਟਿੰਗ ਵਿੱਚ ਪੰਜ ਕਿਸਾਨ ਜਥੇਬੰਦੀਆਂ ਨੇ ਐੱਸ ਕੇ ਐੱਮ ਦੇ ਚੋਣਾਂ ਸੰਬੰਧੀ ਬਣਾਏ ਅਸੂਲ ਕਿ ‘ਅੱਗੇ ਤੋਂ ਕੋਈ ਵੀ ਕਿਸਾਨ ਯੂਨੀਅਨ, ਯੂਨੀਅਨ ਦੇ ਤੌਰ ਤੇ ਚੋਣਾਂ ਨਹੀਂ ਲੜੇਗੀ, ਅਜਿਹਾ ਕਰਨ ਉੱਪਰ ਯੂਨੀਅਨ ਨੂੰ ਐੱਸ ਕੇ ਐੱਮ ਵਿੱਚੋਂ ਬਾਹਰ ਕਰ ਦਿੱਤਾ ਜਾਵੇਗਾ। ਕਿਸੇ ਆਗੂ ਵੱਲੋਂ ਚੋਣਾਂ ਲੜਨ ’ਤੇ ਉਸ ਨੂੰ ਐੱਸ ਕੇ ਐੱਮ ਦੀਆਂ ਆਗੂ ਪੁਜ਼ੀਸ਼ਨਾਂ ਤੋਂ ਹਟਾ ਦਿੱਤਾ ਜਾਵੇਗਾ’ ਨਾਲ ਸਹਿਮਤੀ ਪ੍ਰਗਟ ਕਰ ਦਿੱਤੀ। ਵਰਨਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਮਗਰੋਂ ਐੱਸ ਕੇ ਐੱਮ ਵਿੱਚ ਆਈ ਦਰਾਰ ਮਗਰੋਂ ਸੰਯੁਕਤ ਕਿਸਾਨ ਮੋਰਚਾ ਨੇ ਮੋਰਚੇ ’ਚ ਸ਼ਾਮਲ ਜਥੇਬੰਦੀਆਂ ਨੂੰ ਸੰਚਾਲਿਤ ਕਰਨ ਲਈ ਨੌਂ-ਨੁਕਾਤੀ ਦਿਸ਼ਾ ਨਿਰਦੇਸ਼ ਬਣਾਏ ਸਨ। ਮੀਟਿੰਗ ਵਿੱਚ ਪੰਜ ਕਿਸਾਨ ਜਥੇਬੰਦੀਆਂ ਨੇ ਅੱਗੇ ਤੋਂ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਦਾ ਵਚਨ ਦਿੱਤਾ।
ਮੀਟਿੰਗ ਵਿੱਚ ਹੀ ਪੰਜ ਕਿਸਾਨ ਜਥੇਬੰਦੀਆਂ ਵੱਲੋਂ 18 ਜਨਵਰੀ ਨੂੰ ਚੰਡੀਗੜ੍ਹ ਵਿਖੇ ਪਾਣੀ ਦੇ ਮੁੱਦੇ ’ਤੇ ਲੱਗਣ ਵਾਲੇ ਮੋਰਚੇ ਨੂੰ ਕਿਸਾਨ ਜਥੇਬੰਦੀਆਂ ਦੀ ਅਪੀਲ ’ਤੇ ਮੁਲਤਵੀ ਕਰ ਦਿੱਤਾ ਗਿਆ। ਮੀਟਿੰਗ ਨੇ ਫੈਸਲਾ ਕੀਤਾ ਕਿ ਕਿਸਾਨਾਂ ਦੀਆਂ ਮੰਗਾਂ ਸਮੇਤ ਪਾਣੀ ਦੇ ਸਵਾਲ ਨਾਲ ਸੰਬੰਧਤ ਮੰਗਾਂ ਨੂੰ ਲੈ ਕੇ ਸੰਘਰਸ਼ ਦੀ ਅਗਲੀ ਰਣਨੀਤੀ ਬਣਾਉਣ ਲਈ 28 ਜਨਵਰੀ ਨੂੰ ਚੰਡੀਗੜ੍ਹ ਵਿਖੇ ਮੁੜ ਮੀਟਿੰਗ ਸੱਦੀ ਗਈ ਹੈ।
ਮੀਟਿੰਗ ’ਚ ਸੰਯੁਕਤ ਕਿਸਾਨ ਮੋਰਚੇ ਵੱਲੋਂ 16 ਜਨਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋ ਰਹੀ ਕੌਮੀ ਕਨਵੈਨਸ਼ਨ ਨੂੰ ਸਫਲ ਬਣਾਉਣ ਦਾ ਸੱਦਾ ਦਿੰਦਿਆਂ ਕਿਸਾਨਾਂ ਨੂੰ 26 ਜਨਵਰੀ ਦੀ ਟਰੈਕਟਰ ਪਰੇਡ ਲਈ ਜ਼ੋਰਦਾਰ ਤਿਆਰੀਆਂ ਵਿੱਢਣ ਦੀ ਅਪੀਲ ਕੀਤੀ ਗਈ। ਵਰਨਣਯੋਗ ਹੈ ਕਿ ਕੌਮੀ ਕਨਵੈਨਸ਼ਨ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਕੌਮੀ ਪੱਧਰ ਦੇ ਆਗੂ ਸ਼ਿਰਕਤ ਕਰਨਗੇ।
ਮੀਟਿੰਗ ਵਿੱਚ ਬਲਬੀਰ ਸਿੰਘ ਰਾਜੇਵਾਲ, ਹਰਮੀਤ ਸਿੰਘ ਕਾਦੀਆਂ, ਰੁਲਦੂ ਸਿੰਘ ਮਾਨਸਾ, ਸਤਨਾਮ ਸਿੰਘ ਸਾਹਨੀ, ਪਰਮਿੰਦਰ ਸਿੰਘ ਪਾਲ ਮਾਜਰਾ, ਅਵਤਾਰ ਸਿੰਘ ਮੇਹਲੋਂ, ਰਾਮਿੰਦਰ ਸਿੰਘ ਪਟਿਆਲਾ, ਮਨਜੀਤ ਸਿੰਘ ਧਨੇਰ, ਬਲਵਿੰਦਰ ਸਿੰਘ ਮੱਲੀ ਨੰਗਲ, ਬਲਦੇਵ ਸਿੰਘ ਨਿਹਾਲਗੜ੍ਹ, ਸਤਨਾਮ ਸਿੰਘ ਬਹਿਰੂ, ਕਿਰਨਜੀਤ ਸਿੰਘ ਸੇਖੋਂ, ਹਰਬੰਸ ਸਿੰਘ ਸੰਘਾ, ਪਿ੍ਰਤਪਾਲ ਸਿੰਘ, ਅਵਤਾਰ ਸਿੰਘ ਮਹਿਮਾ, ਪ੍ਰੇਮ ਸਿੰਘ ਭੰਗੂ, ਕੰਵਲਪ੍ਰੀਤ ਸਿੰਘ ਪੰਨੂ, ਸੁਖਪ੍ਰੀਤ ਜੌਹਲ, ਰਸ਼ਪਾਲ ਸਿੰਘ ਸੰਧੂ, ਕੁਲਦੀਪ ਸਿੰਘ ਵਜੀਦਪੁਰ, ਕੁਲਵੰਤ ਸਿੰਘ ਸੰਧੂ, ਸੋਨੂੰ ਚੱਢਾ, ਬਲਕਰਨ ਸਿੰਘ ਬਰਾੜ, ਮੁਕੇਸ਼ ਚੰਦਰ ਅਤੇ ਗੁਰਨਾਮ ਸਿੰਘ ਭੀਖੀ ਆਦਿ ਹਾਜ਼ਰ ਸਨ।





