ਫਗਵਾੜਾ (ਇੰਦਰਜੀਤ ਸਿੰਘ ਮਠਾੜੂ, ਡਾ ਰਮਨ, ਜਸਵਿੰਦਰ ਢੱਡਾ)
ਨਿਹੰਗ ਰਮਨਦੀਪ ਸਿੰਘ ਨੇ ਮੰਗਲਵਾਰ ਵੱਡੇ ਤੜਕੇ ਬੇਅਦਬੀ ਦੇ ਸ਼ੱਕ ਵਿਚ ਗੁਰਦੁਆਰਾ ਚੌੜਾ ਖੂਹ ਵਿਖੇ ਅਣਪਛਾਤੇ ਨੌਜਵਾਨ ਦੀ ਹੱਤਿਆ ਕਰ ਦਿੱਤੀ। ਵਾਰਦਾਤ ਸਵਾ ਤਿੰਨ ਵਜੇ ਵਾਪਰੀ ਤੇ ਪੁਲਸ ਨੇ 35 ਸਾਲਾ ਨੌਜਵਾਨ ਦੀ ਲਾਸ਼ ਸਵੇਰੇ ਕਰੀਬ ਸਵਾ 10 ਵਜੇ ਗੁਰਦੁਆਰਾ ਕੰਪਲੈਕਸ ਦੇ ਵਾਸ਼ਰੂਮ ਤੋਂ ਬਰਾਮਦ ਕੀਤੀ। ਕਤਲ ਤੋਂ ਪਹਿਲਾਂ ਨਿਹੰਗ ਨੇ ਨੌਜਵਾਨ ਦੀ ਵੀਡੀਓ ਬਣਾਈ, ਜਿਸ ਮੁਤਾਬਕ ਉਸ ਨੂੰ ਕਿਸੇ ਨੇ ਬੇਅਦਬੀ ਲਈ ਘੱਲਿਆ। ਕਤਲ ਤੋਂ ਬਾਅਦ ਨਿਹੰਗ ਨੇ ਫਿਰ ਇਕ ਹੋਰ ਵੀਡੀਓ ਕਲਿੱਪ ਪਾਈ, ਜਿਸ ਵਿਚ ਉਸ ਨੇ ਕਤਲ ਦੀ ਗੱਲ ਮੰਨੀ। ਪੁਲਸ ਤੇ ਹੋਰਨਾਂ ਸੂਤਰਾਂ ਮੁਤਾਬਕ ਨੌਜਵਾਨ ਰਾਤ ਕਰੀਬ 10 ਵਜੇ ਗੁਰਦੁਆਰੇ ਵਿਚ ਆਇਆ ਤੇ ਵਾਸ਼ਰੂਮ ਵਿਚ ਚਲੇ ਗਿਆ।
ਗੁਰਦੁਆਰੇ ਦੀ ਸੰਭਾਲ ਕਰਨ ਵਾਲਿਆਂ ਨੂੰ ਉਸ ਦੀ ਮੌਜੂਦਗੀ ਦਾ ਰਾਤ ਕਰੀਬ ਇਕ ਵਜੇ ਪਤਾ ਲੱਗਿਆ, ਜਦੋਂ ਇਕ ਜਣਾ ਵਾਸ਼ਰੂਮ ਗਿਆ। ਨੌਜਵਾਨ ਬਾਹਰ ਆਉਣ ਤੋਂ ਨਾਂਹ ਕਰਨ ਲੱਗਾ ਤਾਂ ਉਸ ਨੂੰ ਖਿੱਚ ਕੇ ਬਾਹਰ ਲੈ ਆਂਦਾ ਗਿਆ। ਸਿੱਖ ਕਾਰਕੁਨਾਂ ਨੇ ਉਸ ਨੂੰ ਸਵਾਲ ਕੀਤੇ ਤਾਂ ਉਹ ਮੰਨਿਆ ਕਿ ਕਿਸੇ ਨੇ ਉਸ ਨੂੰ ਬੇਅਦਬੀ ਕਰਨ ਲਈ ਘੱਲਿਆ ਸੀ, ਜਿਸ ਨੂੰ ਵੀਡੀਓ ਵਿਚ ਰਿਕਾਰਡ ਕੀਤਾ ਗਿਆ। ਫਿਰ ਦੋ ਬੰਦੇ ਸਥਿਤੀ ਦੀ ਸੂਚਨਾ ਦੇਣ ਪੁਲਸ ਥਾਣੇ ਚਲੇ ਗਏ ਤੇ ਇਸੇ ਦੌਰਾਨ ਨਿਹੰਗ ਨੇ ਬੰਦੇ ਨੂੰ ਮਾਰ ਦਿੱਤਾ। ਏ ਡੀ ਜੀ ਪੀ (ਲਾਅ ਐਂਡ ਆਰਡਰ) ਗੁਰਿੰਦਰ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁਲਜ਼ਮ ਰਮਨਦੀਪ ਸਿੰਘ ਉਰਫ ਮੰਗੂ ਮੱਠ ਵਾਸੀ ਲੁਧਿਆਣਾ ਖਿਲਾਫ ਆਈ ਪੀ ਸੀ ਦੀ ਧਾਰਾ 304 ਅਤੇ 295 ਏ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ।
ਉਨ੍ਹਾ ਦੱਸਿਆ ਕਿ ਮਾਮਲੇ ਦੀ ਤਹਿ ਤੱਕ ਪੜਤਾਲ ਲਈ ਫਗਵਾੜਾ ਦੇ ਐੱਸ ਪੀ ਦੀ ਅਗਵਾਈ ’ਚ ਕਮੇਟੀ ਦਾ ਗਠਨ ਕੀਤਾ ਜਾ ਚੁੱਕਾ ਹੈ, ਜਿਸ ਦੀ ਨਿਗਰਾਨੀ ਕਪੂਰਥਲਾ ਦੇ ਐੱਸ ਐੱਸ ਪੀ ਵਤਸਲਾ ਗੁਪਤਾ ਕਰਨਗੇ। ਉਨ੍ਹਾ ਦੱਸਿਆ ਕਿ ਪੁਲਸ ਮਿ੍ਰਤਕ ਦੀ ਸ਼ਨਾਖਤ ਦੇ ਯਤਨ ਕਰ ਰਹੀ ਹੈ।
ਏ ਡੀ ਜੀ ਪੀ ਨੇ ਕਿਹਾ ਕਿ ਅਮਨ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕਾਬੂ ਹੇਠ ਹੈ। ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਬਣਾ ਕੇ ਰੱਖਣ। ਉਨ੍ਹਾ ਨਾਲ ਡੀ ਆਈ ਜੀ ਜਲੰਧਰ ਰੇਂਜ ਡਾ. ਐੱਸ ਭੂਪਤੀ, ਐੱਸ ਐੱਸ ਪੀ ਵਤਸਲਾ ਗੁਪਤਾ, ਜਲੰਧਰ ਦਿਹਾਤੀ ਦੇ ਐੱਸ ਐੱਸ ਪੀ ਮੁਖਵਿੰਦਰ ਸਿੰਘ ਭੁੱਲਰ, ਫਗਵਾੜਾ ਦੇ ਐੱਸ ਪੀ ਗੁਰਪ੍ਰੀਤ ਸਿੰਘ ਗਿੱਲ ਅਤੇ ਡੀ ਐੱਸ ਪੀ ਜਸਪ੍ਰੀਤ ਸਿੰਘ ਤੋਂ ਇਲਾਵਾ ਹੋਰ ਪੁਲਸ ਅਧਿਕਾਰੀ ਵੀ ਮੌਜੂਦ ਸਨ।





