ਹੁਸ਼ਿਆਰਪੁਰ : ਕਾਮਰੇਡ ਨਛੱਤਰ ਪਾਲ ਸਿੰਘ ਸੰਧੂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਪਹਿਲਾਂ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਫਿਰ ਕੀਰਤਨ ਹੋਇਆ।ਇਸ ਮੌਕੇ ਸ਼ਰਧਾਂਜਲੀ ਅਰਪਿਤ ਕਰਦਿਆਂ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਕਾਮਰੇਡ ਨਛੱਤਰ ਪਾਲ ਸਿੰਘ ਨੇ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਵੀ ਸਰਗਰਮੀ ਨਾਲ ਹਿੱਸਾ ਲਿਆ।ਜੇਲ੍ਹ ਕੱਟੀ ਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਾਂਗਰਸ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਵਿਰੁੱਧ ਵੀ ਸਿਰੜੀ ਸੰਘਰਸ਼ ਲੜਿਆ ਤੇ ਕਈ ਵਾਰ ਜੇਲ੍ਹ ਯਾਤਰਾ ਕੀਤੀ।ਜੇਲ੍ਹ ਅਧਿਕਾਰੀਆਂ ਦਾ ਤਸ਼ੱਦਦ ਵੀ ਝੱਲਿਆ।ਲੰਮੀਆਂ ਭੁੱਖ ਹੜਤਾਲਾਂ ਵੀ ਕੀਤੀਆਂ।ਇੱਕ ਵਾਰ ਤਾਂ ਉਹ ਜਲੰਧਰ ਦੀ ਜੇਲ੍ਹ ਵਿੱਚ ਭੁੱਖ ਹੜਤਾਲ ਦੌਰਾਨ ਬੇਹੋਸ਼ ਹੋ ਗਏ ਸਨ। ਇੱਕ ਚੰਗੇ ਕਿਸਾਨ ਹੁੰਦੇ ਹੋਇਆਂ ਵੀ ਉਨ੍ਹਾ ਸਾਰੀ ਉਮਰ ਖੇਤ ਮਜ਼ਦੂਰ ਫਰੰਟ ’ਤੇ ਕੰਮ ਕੀਤਾ। ਬਰਾੜ ਨੇ ਕਿਹਾ ਸਾਡੇ ਕੋਲੋਂ ਬਹੁਤ ਕੀਮਤੀ ਸਰਮਾਇਆ ਚਲੇ ਗਿਆ ਹੈ। ਉਹ ਉੱਚ ਕੋਟੀ ਦੇ ਮਾਰਕਸਵਾਦੀ ਅਧਿਆਪਕ ਸਨ। ਉਨ੍ਹਾ ਦੀ ਮੌਤ ਨਾਲ ਨਛੱਤਰ ਪਾਲ ਸਿੰਘ ਦੇ ਪਰਵਾਰ ਨੂੰ ਤਾਂ ਘਾਟਾ ਪਿਆ ਹੀ ਪਿਆ ਹੈ, ਪਾਰਟੀ ਨੂੰ ਵੀ ਬੜਾ ਘਾਟਾ ਪਿਆ ਹੈ। ਨਛੱਤਰ ਪਾਲ ਸਿੰਘ ਪਾਰਟੀ ਦੇ ਥੰਮ੍ਹ ਸਨ।
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਜਦੋਂ ਮੈਂ ਉਨ੍ਹਾ ਨਾਲ ਹੁਸ਼ਿਆਰਪੁਰ ਪਾਰਟੀ ਦਫਤਰ ਵਿੱਚ ਮੁਲਾਕਾਤ ਕੀਤੀ, ਤਦ ਮੈਨੂੰ ਪਤਾ ਲੱਗਾ ਕਿ ਉਹ ਕਿੱਡੇ ਗਿਆਨਵਾਨ ਸਨ।ਉਨ੍ਹਾ ਤੋਂ ਹੀ ਪਤਾ ਲੱਗਾ ਕਿ ਉਨ੍ਹਾ ਦਾ ਪਿਛਲਾ ਪਿੰਡ ਵਲਟੋਹਾ ਹੈ। ਮੈਂ ਉਹ ਮੁਲਾਕਾਤ ਇੱਕ ਕਿਤਾਬ ਵਿੱਚ ਛਾਪੀ ਹੈ।ਮੈਂ ਉਸ ਇਨਕਲਾਬੀ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਸ਼ਰਧਾਂਜਲੀ ਅਰਪਿਤ ਕਰਦਾ ਹਾਂ। ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾਈ ਜਨਰਲ ਸਕੱਤਰ ਦੇਵੀ ਕੁਮਾਰੀ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਕਾਮਰੇਡ ਜੀ ਹੁਰਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਮੈਂ ਜਥੇਬੰਦੀ ਵੱਲੋਂ ਉਨ੍ਹਾ ਨੂੰ ਸ਼ਰਧਾਂਜਲੀ ਅਰਪਿਤ ਕਰਦੀ ਹਾਂ। ਮਰਹੂਮ ਨਛੱਤਰ ਪਾਲ ਸਿੰਘ ਨੂੰ ਸੀ ਪੀ ਆਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਕੱਤਰ ਅਮਰਜੀਤ ਸਿੰਘ, ਸੀ ਪੀ ਐੱਮ ਹੁਸ਼ਿਆਰਪੁਰ ਜ਼ਿਲ੍ਹੇ ਦੇ ਆਗੂ ਗੁਰਮੇਸ਼ ਸਿੰਘ, ਸਾਧੂ ਸਿੰਘ ਮਾਹਿਲਪੁਰ, ਉਕਾਰ ਸਿੰਘ, ਗੁਰਦੀਪ ਸਿੰਘ ਬੱਗਾ, ਮਨਜੀਤ ਸਿੰਘ, ਨਰਿੰਦਰ ਪਾਲ ਸਿੰਘ ਬੁਗੋਵੱਟੀ, ਪੂਰਨ ਸਿੰਘ ਤੇ ਗੁਰਬਖ਼ਸ਼ ਸਿੰਘ ਨੇ ਵੀ ਸ਼ਰਧਾਂਜਲੀ ਅਰਪਿਤ ਕੀਤੀ।





