ਚੰਡੀਗੜ੍ਹ (ਗੁਰਜੀਤ ਬਿੱਲਾ) -ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਹੈ ਕਿ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨਾ ਨਸ਼ਿਆਂ ਵਿਰੁੱਧ ਸੂਬਾ ਸਰਕਾਰ ਦੀ ਲੜਾਈ ਵਿੱਚ ਸਭ ਤੋਂ ਕਾਰਗਰ ਹਥਿਆਰ ਸਾਬਤ ਹੋ ਸਕਦਾ ਹੈ।ਇੱਥੇ ਮਿਊਂਸਪਲ ਭਵਨ ਵਿੱਚ ਏਸ਼ੀਆਈ ਤੇ ਕੌਮੀ ਖੇਡਾਂ ਦੇ 168 ਤਮਗਾ ਜੇਤੂਆਂ ਨੂੰ 33.83 ਕਰੋੜ ਰੁਪਏ ਦੇ ਨਕਦ ਇਨਾਮ ਤਕਸੀਮ ਕਰਨ ਲਈ ਕਰਵਾਏ ਸਮਾਰੋਹ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖੇਡਾਂ ਨੂੰ ਉਤਸ਼ਾਹਤ ਕਰਨ ਨਾਲ ਨੌਜਵਾਨਾਂ ਦੀ ਅਣਵਰਤੀ ਊਰਜਾ ਖੇਡਾਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਪਾਸੇ ਵਰਤੀ ਜਾ ਰਹੀ ਹੈ। ਖੇਡਾਂ ਵਿੱਚ ਸ਼ਾਮਲ ਨੌਜਵਾਨਾਂ ਕੋਲ ਨਸ਼ਿਆਂ ਵਾਲੇ ਪਾਸੇ ਝਾਕਣ ਲਈ ਸਮਾਂ ਹੀ ਨਹੀਂ ਬਚਦਾ, ਕਿਉਕਿ ਉਨ੍ਹਾਂ ਦਾ ਸਾਰਾ ਧਿਆਨ ਆਪੋ-ਆਪਣੇ ਖ਼ੇਤਰਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵੱਲ ਹੁੰਦਾ ਹੈ। ਮਾਨ ਨੇ ਉਮੀਦ ਜਤਾਈ ਕਿ ਇਸ ਨਾਲ ਪੰਜਾਬ ਵਿੱਚੋਂ ਨਸ਼ਿਆਂ ਦੇ ਸਰਾਪ ਤੋਂ ਮੁਕਤੀ ਦਾ ਰਾਹ ਪੱਧਰਾ ਹੋਵੇਗਾ ਅਤੇ ਨੌਜਵਾਨ ਪੰਜਾਬ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਬਰਾਬਰ ਦੇ ਭਾਈਵਾਲ ਬਣ ਰਹੇ ਹਨ।ਵਿਰੋਧੀਆਂ ਦੀ ਬੇਤੁਕੀ ਬਿਆਨਬਾਜ਼ੀ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਰ ਕੋਈ ਪੰਜਾਬ ਨੂੰ ਬਚਾਉਣਾ ਚਾਹੁੰਦਾ ਹੈ, ਪਰ ਇਹ ਦੱਸੋ ਕਿ ਸੂਬੇ ਨੂੰ ਕਿਸ ਨੇ ਬਰਬਾਦ ਕੀਤਾ ਹੈ। ਉਨ੍ਹਾ ਸਿਰਫ਼ 20 ਮਹੀਨੇ ਪਹਿਲਾਂ ਹੀ ਕਾਰਜਭਾਰ ਸੰਭਾਲਿਆ ਹੈ, ਪਰ ਇਹ ਲੋਕ ਤੇ ਪਰਵਾਰ ਲੰਮੇ ਸਮੇਂ ਤੋਂ ਪੰਜਾਬ ਵਿੱਚ ਸ਼ਾਸਨ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਸੂਬੇ ਦੇ ਏਸ਼ੀਆਈ ਖੇਡਾਂ ਵਿੱਚ 32 ਤਮਗਾ ਜੇਤੂਆਂ ਨੂੰ 29.25 ਕਰੋੜ ਰੁਪਏ ਦਾ ਨਕਦ ਇਨਾਮ ਦਿੱਤਾ ਜਾ ਰਿਹਾ ਹੈ। ਸੋਨ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ 1 ਕਰੋੜ ਰੁਪਏ, ਚਾਂਦੀ ਦਾ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ 75 ਲੱਖ ਰੁਪਏ ਅਤੇ ਕਾਂਸੀ ਦਾ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ 50 ਲੱਖ ਰੁਪਏ ਦਿੱਤੇ ਗਏ ਹਨ। ਇਸ ਤੋਂ ਪਹਿਲਾਂ 58 ਖਿਡਾਰੀਆਂ ਨੂੰ ਏਸ਼ੀਅਨ ਖੇਡਾਂ ਦੀਆਂ ਤਿਆਰੀਆਂ ਲਈ 8-8 ਲੱਖ ਰੁਪਏ ਦਿੱਤੇ ਗਏ ਸਨ। ਉਹਨਾ ਕਿਹਾ ਕਿ ਆਜ਼ਾਦੀ ਤੋਂ ਬਾਅਦ ਭਾਰਤ ਨੇ ਪਹਿਲੀ ਵਾਰ ਏਸ਼ੀਆਈ ਖੇਡਾਂ ਵਿੱਚ 28 ਸੋਨ, 38 ਚਾਂਦੀ ਅਤੇ 41 ਕਾਂਸੀ ਦੇ ਤਮਗੇ ਜਿੱਤ ਕੇ 100 ਤਮਗਿਆਂ ਦਾ ਅੰਕੜਾ ਪਾਰ ਕੀਤਾ ਹੈ।
ਪੰਜਾਬੀਆਂ ਨੇ ਏਸ਼ੀਆਈ ਖੇਡਾਂ ਦੌਰਾਨ 20 ਤਗਮੇ ਜਿੱਤ ਕੇ ਇਨ੍ਹਾਂ 107 ਤਗ਼ਮਿਆਂ ਵਿੱਚ ਵੱਡਾ ਯੋਗਦਾਨ ਪਾਇਆ ਹੈ। ਪੰਜਾਬ ਦੇ 32 ਖਿਡਾਰੀਆਂ ਨੇ ਇਨ੍ਹਾਂ ਖੇਡਾਂ ਵਿੱਚ ਅੱਠ ਸੋਨ ਤਮਗੇ, ਛੇ ਚਾਂਦੀ ਦੇ ਤਮਗੇ ਅਤੇ ਛੇ ਕਾਂਸੀ ਦੇ ਤਮਗੇ ਜਿੱਤ ਕੇ ਪੰਜਾਬ ਦੇ ਪ੍ਰਦਰਸ਼ਨ ਦਾ 72 ਸਾਲ ਪੁਰਾਣਾ ਰਿਕਾਰਡ ਤੋੜਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਨੇ ਕ੍ਰਮਵਾਰ 1951 ਅਤੇ 1962 ਵਿੱਚ ਨਵੀਂ ਦਿੱਲੀ ਅਤੇ ਜਕਾਰਤਾ ਵਿਖੇ ਹੋਈਆਂ ਏਸ਼ੀਆਈ ਖੇਡਾਂ ਵਿੱਚ ਸੱਤ ਸੋਨ ਤਮਗੇ ਜਿੱਤੇ ਸਨ। ਇਸ ਰਿਕਾਰਡ ਨੂੰ ਤੋੜਦਿਆਂ ਸੂਬੇ ਦੇ ਖਿਡਾਰੀਆਂ ਨੇ ਹਾਲ ਹੀ ਵਿੱਚ ਸਮਾਪਤ ਹੋਈਆਂ ਏਸ਼ੀਆਈ ਖੇਡਾਂ ਵਿੱਚ ਅੱਠ ਸੋਨ ਤਮਗੇ ਜਿੱਤ ਕੇ ਇੱਕ ਇਤਿਹਾਸ ਰਚਿਆ ਹੈ। ਭਾਵੇਂ 1951 ਵਿੱਚ ਹੋਈਆਂ ਨਵੀਂ ਦਿੱਲੀ ਏਸ਼ੀਆਈ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਵੱਲੋਂ ਸਭ ਤੋਂ ਵੱਧ 15 ਤਮਗੇ ਜਿੱਤੇ ਗਏ ਸਨ, ਪਰ ਹੁਣ 70 ਸਾਲਾਂ ਤੋਂ ਵੱਧ ਸਮੇਂ ਬਾਅਦ ਇਹ ਰਿਕਾਰਡ ਤੋੜਦਿਆਂ ਪੰਜਾਬੀ ਖਿਡਾਰੀਆਂ ਨੇ 20 ਤਗਮੇ ਜਿੱਤੇ ਹਨ।
ਉਹਨਾ ਕਿਹਾ ਕਿ ਅੱਜ ਦੇ ਸਮਾਗਮ ਵਿੱਚ ਗੋਆ ਵਿਖੇ ਹੋਈਆਂ ਰਾਸ਼ਟਰੀ ਖੇਡਾਂ ਵਿੱਚ ਤਗਮੇ ਜਿੱਤਣ ਵਾਲੇ 136 ਖਿਡਾਰੀਆਂ ਨੂੰ ਵੀ 4.58 ਕਰੋੜ ਰੁਪਏ ਦੇ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ ਜਾ ਰਿਹਾ ਹੈ। ਕੁੱਲ 168 ਖਿਡਾਰੀਆਂ ਨੂੰ 33.83 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾ ਰਹੇ ਹਨ ਅਤੇ ਇਸ ਤੋਂ ਪਹਿਲਾਂ ਸੂਬਾ ਸਰਕਾਰ ਵੱਲੋਂ ਖਿਡਾਰੀਆਂ ਨੂੰ ਵੱਖ-ਵੱਖ ਮੁਕਾਬਲਿਆਂ ਵਿੱਚ 32.16 ਕਰੋੜ ਰੁਪਏ ਦੇ ਫੰਡ ਦਿੱਤੇ ਜਾ ਚੁੱਕੇ ਹਨ। ਮਾਨ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਦੂਜੇ ਸੀਜ਼ਨ ਦੇ ਮੈਡਲ ਜੇਤੂ ਖਿਡਾਰੀਆਂ ਦੇ ਬੈਂਕ ਖਾਤਿਆਂ ਵਿੱਚ ਪਹਿਲਾਂ ਹੀ 8.69 ਕਰੋੜ ਰੁਪਏ ਟਰਾਂਸਫਰ ਕੀਤੇ ਜਾ ਚੁੱਕੇ ਹਨ। ਉਹਨਾ ਕਿਹਾ ਕਿ ਸੂਬਾ ਸਰਕਾਰ ਵੱਲੋਂ ਸੱਤਾ ਸੰਭਾਲਣ ਮਗਰੋਂ ਹੁਣ ਤੱਕ ਖਿਡਾਰੀਆਂ ਨੂੰ 74.68 ਕਰੋੜ ਰੁਪਏ ਦਿੱਤੇ ਗਏ ਹਨ।





