ਤਲਵੰਡੀ ਸਾਬੋ (ਜਗਦੀਪ ਗਿੱਲ)
ਨੌਜਵਾਨੀ ਨੂੰ ਰੁਜ਼ਗਾਰ ਦੇਣ ਤੇ ਕਿਸਾਨਾਂ, ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨ ਆਦਿ ਦੇ ਵਾਅਦੇ ਕਰਕੇ ਸੱਤਾ ’ਤੇ ਕਾਬਜ਼ ਹੋਣ ਵਾਲੇ ਅਖੌਤੀ ਲੀਡਰਾਂ ਨੇ ਦੇਸ਼ ਨੂੰ ਫਿਰਕਾਪ੍ਰਸਤੀ ਦੀ ਅੱਗ ਵਿੱਚ ਝੋਕ ਕੇ ਭਾਈਚਾਰਕ ਸਾਂਝ ਨੂੰ ਤੋੜਿਆ ਹੈ ਅਤੇ ਸੰਵਿਧਾਨ ਦੀ ਮਰਿਆਦਾ ਨੂੰ ਵੀ ਭੰਗ ਕੀਤਾ ਜਾ ਰਿਹਾ ਹੈ। ਅਜਿਹੇ ਹਾਲਾਤ ਤੇ ਅਜੋਕੇ ਦੌਰ ਸਮੇਂ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਅਖੌਤੀ ਲੋਕਾਂ ਨੂੰ ਸੱਤਾ ਤੋਂ ਦੂਰ ਕਰਕੇ ਲੋਕਤੰਤਰ ਨੂੰ ਬਚਾਇਆ ਜਾ ਸਕਦਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਨੇੜਲੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਸਾਬਕਾ ਮੈਂਬਰ ਪੰਚਾਇਤ ਜਸਵੰਤ ਸਿੰਘ ਲੋਗੜ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੀਤਾ। ਉਹਨਾ ਭਾਈਚਾਰਕ ਏਕਤਾ ਦੀ ਅਪੀਲ ਕਰਦਿਆਂ ਕਿਹਾ ਕਿ ਆਪਸੀ ਸਾਂਝ ਬਣਾ ਕੇ ਸਦਭਾਵਨਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ ਦੇ ਚੇਅਰਮੈਨ ਅਮਿ੍ਰਤ ਅਗਰਵਾਲ, ਅਦਾਰਾ ‘ਨਵਾਂ ਜ਼ਮਾਨਾ’ ਦੇ ਪ੍ਰਤੀਨਿਧ ਜਗਦੀਪ ਸਿੰਘ ਗਿੱਲ, ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਮਨਦੀਪ ਸਿੰਘ ਗੋਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਮਾਨਸਾ, ਰਤਨ ਭੋਲਾ ਸ਼ਹਿਰੀ ਸਕੱਤਰ ਸੀ ਪੀ ਆਈ ਮਾਨਸਾ ਆਦਿ ਆਗੂਆਂ ਨੇ ਬਾਪੂ ਜਸਵੰਤ ਸਿਉਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਵਿਰਾਸਤ ਦੇ ਰੂਪ ਵਿੱਚ ਕਿ੍ਰਸ਼ਨ ਚੌਹਾਨ ਨੂੰ ਸੇਧ ਦੇ ਕੇ ਅਗਾਂਹਵਧੂ ਸੋਚ ਦਾ ਧਾਰਨੀ ਬਣਾਇਆ ਗਿਆ ਹੈ।
ਇਸ ਮੌਕੇ ਧਾਰਮਕ, ਸਮਾਜਕ ਤੇ ਰਾਜਸੀ ਆਗੂਆਂ ਤੇ ਸੰਸਥਾਵਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਤਪੁਰ ਜੱਟਾਂ (ਕਪੂਰਥਲਾ), ਲੋਕ ਕਲਾ ਮੰਚ, ਪ੍ਰਗਤੀਸ਼ੀਲ ਲੇਖਕ ਸੰਘ, ਬਾਬਾ ਸਾਹਿਬ ਡਾਕਟਰ ਅੰਬੇਡਕਰ ਯੂਥ ਕਲੱਬ ਮਾਨਸਾ, ਡੇਰਾ ਬਾਬਾ ਭਾਈ ਗੁਰਦਾਸ ਦੇ ਮੁਖੀ ਬਾਬਾ ਅੰਮਿ੍ਰਤ ਮੁਨੀ ਵੱਲੋਂ ਸ਼ੋਕ ਮਤੇ ਭੇਜੇ ਗਏ।
ਹੋਰਨਾਂ ਤੋਂ ਇਲਾਵਾ ਡਾ. ਕੁਲਦੀਪ ਸਿੰਘ ਚੌਹਾਨ, ਪਰਵਾਰਕ ਮੈਂਬਰਾਂ ਅਤੇ ਹਰਪ੍ਰੀਤ ਮਾਨਸਾ, ਗ੍ਰਾਮ ਪੰਚਾਇਤ ਅਤੇ ਕਲੱਬਾਂ ਦੇ ਅਹੁਦੇਦਾਰਾਂ ਸਮੇਤ ਵੱਡੀ ਗਿਣਤੀ ਵਿੱਚ ਸੁਨੇਹੀ ਸਾਮਲ ਸਨ। ਇਸ ਮੌਕੇ ਹਾਜ਼ਰ ਪ੍ਰਮੁੱਖ ਵਿਅਕਤੀਆਂ ਤੇ ਸ਼ਖਸੀਅਤਾਂ ਦਾ ਜਸਵੰਤ ਸਿੰਘ ਦੇ ਭਤੀਜੇ ਕਿ੍ਰਸ਼ਨ ਚੌਹਾਨ ਨੇ ਧੰਨਵਾਦ ਕੀਤਾ।





