ਪੱਟੀ (ਬਲਦੇਵ ਸਿੰਘ ਸੰਧੂ, ਸ਼ਮਸ਼ੇਰ ਸਿੰਘ ਯੋਧਾ)
ਵੀਰਵਾਰ ਸਰਹਾਲੀ ਰੋਡ ਸਥਿਤ ਲਾਈਫ ਕੇਅਰ ਇਲੈਕਟ੍ਰੋ ਹੋਮਿਓਪੈਥੀ ਅੰਦਰ ਨਕਾਬਪੋਸ਼ ਨੌਜਵਾਨਾਂ ਨੇ ਕਲੀਨਿਕ ਦੇ ਦੋ ਸਹਾਇਕਾਂ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖਮੀਆਂ ਦੀ ਪਛਾਣ ਨਿਸ਼ਾਨ ਸਿੰਘ ਵਾਸੀ ਦਦੇਹਰ ਸਾਹਿਬ ਅਤੇ ਸ਼ਵੇਤਾ ਸ਼ਰਮਾ ਵਾਸੀ ਪੱਟੀ ਵਜੋਂ ਹੋਈ ਹੈ।
ਘਟਨਾ ਦੀ ਸੂਚਨਾ ਮਿਲਣ ’ਤੇ ਡੀ ਐੱਸ ਪੀ ਪੱਟੀ ਜਸਪਾਲ ਸਿੰਘ ਢਿੱਲੋਂ ਤੇ ਥਾਣਾ ਸਿਟੀ ਪੱਟੀ ਦੇ ਮੁਖੀ ਹਰਪ੍ਰੀਤ ਸਿੰਘ ਮੌਕੇ ’ਤੇ ਪਹੁੰਚੇ। ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ। ਕਲੀਨਿਕ ਦੇ ਡਾਕਟਰ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਦੋ ਨੌਜਵਾਨ ਕਲੀਨਿਕ ਸਾਹਮਣੇ ਆਏ ਅਤੇ ਇੱਕ ਨੌਜਵਾਨ ਕਲੀਨਿਕ ਅੰਦਰ ਦਾਖ਼ਲ ਹੋਇਆ ਅਤੇ ਨਿਸ਼ਾਨ ਸਿੰਘ ਦਾ ਨਾਂਅ ਪੁੱਛ ਕੇ ਦੋ-ਤਿੰਨ ਗੋਲੀਆਂ ਮਾਰੀਆਂ। ਦੋ ਗੋਲੀਆਂ ਨਿਸ਼ਾਨ ਸਿੰਘ ਅਤੇ ਇੱਕ ਗੋਲੀ ਸ਼ਵੇਤਾ ਸ਼ਰਮਾ ਦੇ ਲੱਗੀ। ਨਿਰਮਲਜੀਤ ਸਿੰਘ ਤੇ ਉਸ ਦੇ ਜ਼ਖ਼ਮੀ ਭਰਾ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ। ਡੀ ਐੱਸ ਪੀ ਪੱਟੀ ਨੇ ਘਟਨਾ ਸੰਬੰਧੀ ਦੱਸਿਆ ਕਿ ਸਥਾਨਕ ਪੁਲਸ ਨੇ ਅਣਪਛਾਤਿਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਪੁਲਸ ਨੂੰ ਮੌਕੇ ਤੋਂ ਚੱਲੇ ਹੋਏ ਖਾਲੀ ਖੋਲ ਬਰਾਮਦ ਹੋਏ ਹਨ। ਪੁਲਸ ਜਲਦੀ ਹੀ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਲਵੇਗੀ।





