ਨਵੀਂ ਦਿੱਲੀ : ਬਿਲਕਿਸ ਬਾਨੋ ਬਲਾਤਕਾਰ ਤੇ ਕਤਲ ਮਾਮਲੇ ‘ਚ ਸੁਪਰੀਮ ਕੋਰਟ ਨੇ ਆਤਮ ਸਮਰਪਣ ਲਈ ਸਮਾਂ ਵਧਾਉਣ ਦੀ ਮੰਗ ਕਰਨ ਵਾਲੇ ਦੋਸ਼ੀਆਂ ਦੀ ਪਟੀਸ਼ਨ ਸ਼ੁੱਕਰਵਾਰ ਖਾਰਜ ਕਰ ਦਿੱਤੀ | ਸੁਪਰੀਮ ਕੋਰਟ ਨੇ ਕਿਹਾ ਕਿ 11 ਦੋਸ਼ੀਆਂ ਵੱਲੋਂ ਆਤਮ ਸਮਰਪਣ ਲਈ ਸਮਾਂ ਵਧਾਉਣ ਦੇ ਦਿੱਤੇ ਗਏ ਕਾਰਨਾਂ ‘ਚ ਕੋਈ ਦਮ ਨਹੀਂ ਹੈ | ਜਸਟਿਸ ਬੀ ਵੀ ਨਾਗਰਤਨਾ ਅਤੇ ਜਸਟਿਸ ਉੱਜਲ ਭੂਯਾਨ ਦੀ ਬੈਂਚ ਨੇ ਕਿਹਾ ਕਿ ਪਟੀਸ਼ਨਰਾਂ ਵੱਲੋਂ ਹੋਰ ਸਮਾਂ ਦੇਣ ਲਈ ਦਿੱਤੇ ਕਾਰਨਾਂ ਦਾ ਕੋਈ ਅਰਥ ਨਹੀਂ ਹੈ, ਕਿਉਂਕਿ ਇਹ ਕਾਰਨ ਕਿਸੇ ਵੀ ਤਰ੍ਹਾਂ ਉਨ੍ਹਾਂ ਨੂੰ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਤੋਂ ਨਹੀਂ ਰੋਕਦੇ | ਇਸ ਲਈ ਇਹ ਪਟੀਸ਼ਨਾਂ ਖਾਰਜ ਕੀਤੀਆਂ ਜਾਂਦੀਆਂ ਹਨ | ਅਦਾਲਤ ਨੇ 11 ਦੋਸ਼ੀਆਂ ਨੂੰ 21 ਜਨਵਰੀ ਤੱਕ ਜੇਲ੍ਹ ਅਧਿਕਾਰੀਆਂ ਅੱਗੇ ਪੇਸ਼ ਹੋਣ ਲਈ ਕਿਹਾ ਸੀ |



