ਪਣਜੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਉਹ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ ਵੀ ਐੱਮ) ਦੀ ਬਜਾਏ ਬੈਲਟ ਪੇਪਰਾਂ ਰਾਹੀਂ ਚੋਣਾਂ ਕਰਵਾਉਣ ਤੋਂ ਕਿਉਂ ਝਿਜਕ ਰਹੀ ਹੈ | ਦੱਖਣੀ ਗੋਆ ਦੇ ਬੈਨੌਲਿਮ ਵਿਧਾਨ ਸਭਾ ਹਲਕੇ ‘ਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਆਪ ਨੇਤਾ ਨੇ ਕਿਹਾ ਕਿ ਉਨ੍ਹਾ ਨੇ ਸੰਸਦ ‘ਚ ਈ ਵੀ ਐੱਮ ਦਾ ਮੁੱਦਾ ਉਠਾਉਂਦਿਆਂ ਪੁੱਛਿਆ ਸੀ ਕਿ ਅਜਿਹਾ ਕਿਉਂ ਹੈ ਕਿ ਜਦੋਂ ਵੀ ਕੋਈ ਪਾਰਟੀ ਈ ਵੀ ਐੱਮਜ਼ ਵਿਰੁੱਧ ਬੋਲਦੀ ਹੈ ਤਾਂ ਭਾਜਪਾ ਇਨ੍ਹਾਂ ਮਸ਼ੀਨਾਂ ਦੇ ਸਮਰਥਨ ‘ਚ ਆ ਜਾਂਦੀ ਹੈ? ਜੇ ਉਹ ‘ਮੋਦੀ ਲਹਿਰ’ ਵਿੱਚ ਵਿਸ਼ਵਾਸ ਰੱਖਦੇ ਹਨ ਤਾਂ ਉਹ ਈ ਵੀ ਐੱਮ ਦਾ ਸਮਰਥਨ ਕਿਉਂ ਕਰਦੇ ਹਨ? ਮਾਨ ਨੇ ਕਿਹਾ—ਇਸਦਾ ਮਤਲਬ ਹੈ ਕਿ ਕੁਝ ਹੈ, ਨਹੀਂ ਤਾਂ ਉਹ ਈ ਵੀ ਐੱਮ ਦਾ ਸਮਰਥਨ ਕਿਉਂ ਕਰਨਗੇ? ਜੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਮਕਬੂਲੀਅਤ ‘ਤੇ ਭਰੋਸਾ ਹੈ ਤਾਂ ਉਨ੍ਹਾਂ ਨੂੰ ਬੈਲਟ ਪੇਪਰਾਂ ਰਾਹੀਂ ਚੋਣਾਂ ਕਰਵਾਉਣ ਦਿਓ | ਉਨ੍ਹਾ ਕਿਹਾ—ਈ ਵੀ ਐੱਮ ‘ਤੇ ਸ਼ੰਕੇ ਖੜ੍ਹੇ ਕੀਤੇ ਗਏ ਹਨ | ਇਹ ਮੈਂ ਨਹੀਂ ਕਹਿ ਰਿਹਾ | ਇਹ ਤਾਂ ਆਮ ਲੋਕ ਕਹਿ ਰਹੇ ਹਨ | ਰੱਬ ਦੇਖ ਰਿਹਾ ਹੈ | ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ‘ਕੰਮ ਦੀ ਰਾਜਨੀਤੀ’ ਕਰ ਰਹੀ ਹੈ | ਉਨ੍ਹਾ ਦੀ ਪਾਰਟੀ ਦਾ ਸ਼ਬਦ ਗਾਰੰਟੀ ਦੂਜਿਆਂ ਨੇ ਚੋਰੀ ਕਰ ਲਿਆ ਹੈ |



