ਚੇਨਈ : ਤੇਲੰਗਾਨਾ ਦੇ ਤੰਜਾਵੁਰ ਜ਼ਿਲ੍ਹੇ ’ਚ ਸ਼ਨੀਵਾਰ ਸਵੇਰੇ ਇੱਕ ਸੜਕ ਹਾਦਸੇ ’ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਜ਼ਖ਼ਮੀ ਹੋ ਗਏ। ਇਹ ਘਟਨਾ ਤੰਜਾਵੁਰ ਜ਼ਿਲ੍ਹੇ ਦੇ ਸੇਤੁਬਾਵਚਾਰਿਤਮ ਦੇ ਕੋਲ ਹੋਈ, ਜਦ ਇੱਕ ਤੇਜ਼ ਰਫ਼ਤਾਰ ਕਾਰ ਪੁਲ ਨਾਲ ਟਕਰਾਅ ਗਈ, ਜਿਸ ਕਾਰਨ ਇਹ ਹਾਦਸਾ ਹੋਇਆ।
ਸਕੂਲ ਦੇ ਹੋਸਟਲ ’ਚ ਅੱਗ ਲੱਗਣ ਨਾਲ 13 ਮੌਤਾਂ
ਬੀਜ਼ਿੰਗ : ਚੀਨ ਦੇ ਹੇਨਾਨ ਸੂਬੇ ’ਚ ਇੱਕ ਪ੍ਰਾਇਮਰੀ ਬੋਰਡਿੰਗ ਸਕੂਲ ਦੇ ਵਿਦਿਆਰਥੀਆਂ ਦੇ ਹੋਸਟਲ ’ਚ ਅੱਗ ਲੱਗਣ ਕਾਰਨ ਘੱਟੋ ਘੱਟ 13 ਲੋਕਾਂ ਦੀ ਮੌਤ ਹੋ ਗਈ। ਚੀਨ ਦੀ ਸਰਕਾਰੀ ਮੀਡੀਆ ਸ਼ਿਨਹੂਆ ਅਨੁਸਾਰ ਯਾਨਸ਼ਾਨਪੁ ਪਿੰਡ ਦੇ ਸਥਾਨਕ ਲੋਕਾਂ ਨੇ ਸ਼ੁੱਕਰਵਾਰ ਦੇਰ ਰਾਤ ਯਿੰਗਕਾਈ ਸਕੂਲ ’ਚ ਅੱਗ ਲੱਗਣ ਦੀ ਜਾਣਕਾਰੀ ਦਿੱਤੀ। ਸ਼ਿਨਹੂਆ ਮੁਤਾਬਿਕ, ਬਚਾਅ ਕਰਮੀਆਂ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਇਸ ਘਟਨਾ ’ਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਸਥਾਨਕ ਮੀਡੀਆ ਅਨੁਸਾਰ ਸਕੂਲ ਦੇ ਮਾਲਕ ਨੂੰ ਪੁਲਸ ਨੇ ਹਿਰਾਸਤ ’ਚ ਲੈ ਲਿਆ।
ਬਿੱਟੂ ਦੀ ਸਰਕਾਰੀ ਰਿਹਾਇਸ਼ ’ਤੇ ਚੱਲੀ ਗੋਲੀ, ਸੁਰੱਖਿਆ ਮੁਲਾਜ਼ਮ ਦੀ ਮੌਤ
ਲੁਧਿਆਣਾ : ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਸੁਰੱਖਿਆ ਅਮਲੇ ’ਚ ਤਾਇਨਾਤ ਸੁਰੱਖਿਆ ਮੁਲਾਜ਼ਮ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ ।32 ਸਾਲਾ ਸੀ ਆਈ ਐੱਸ ਐੱਫ ਦਾ ਜਵਾਨ ਸੰਦੀਪ ਕੁਮਾਰ ਯੂ ਪੀ ਦੇ ਜ਼ਿਲ੍ਹਾ ਮੁਜ਼ੱਫਰਪੁਰ, ਪਿੰਡ ਰਾਜਪੁਰ ਦਾ ਰਹਿਣ ਵਾਲਾ ਸੀ। ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਰੋਜ਼ ਗਾਰਡਨ ਨੇੜੇ ਗੋਲ਼ੀ ਚੱਲਣ ਦੀ ਆਵਾਜ਼ ਆਈ ਹੈ। ਪੁਲਸ ਮੌਕੇ ’ਤੇ ਪੁੱਜੀ ਤਾਂ ਸੰਸਦ ਮੈਂਬਰ ਦੀ ਰਿਹਾਇਸ਼ ’ਤੇ ਸੰਦੀਪ ਦੀ ਲਾਸ਼ ਪਈ ਸੀ। ਨਾਲ ਹੀ ਉਸ ਦਾ ਹਥਿਆਰ ਵੀ ਪਿਆ ਸੀ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਸੁਰੱਖਿਆ ਮੁਲਾਜ਼ਮ ਹਥਿਆਰ ਦੀ ਸਫ਼ਾਈ ਕਰ ਰਿਹਾ ਸੀ ਤੇ ਉਸੇ ਵੇਲੇ ਗੋਲ਼ੀ ਚੱਲ ਗਈ, ਜਿਹੜੀ ਉਸ ਦੇ ਜਬਾੜ੍ਹੇ ਨੂੰ ਚੀਰਦੀ ਹੋਈ ਨਿਕਲ ਗਈ।


