ਲੋਕਤੰਤਰ ਵਿੱਚ ਵਿਰੋਧ ਦੀ ਆਵਾਜ਼ ਨੂੰ ਦਬਾਉਣ ਦੀ ਸੱਤਾਧਾਰੀ ਧਿਰਾਂ ਵੱਲੋਂ ਸਦਾ ਕੋਸ਼ਿਸ਼ ਹੁੰਦੀ ਰਹੀ ਹੈ | ਮੌਜੂਦਾ ਰਾਜ ਦੌਰਾਨ ਇਹ ਨਿੱਤ ਦਾ ਵਰਤਾਰਾ ਬਣ ਚੁੱਕਾ ਹੈ | ਰਾਜ ਸੱਤਾ ਵਿਰੋਧੀ ਚਹੁੰ ਸ਼ਬਦਾਂ ਦਾ ਇੱਕ ਵਾਕ ਵੀ ਤੁਹਾਨੂੰ ਜੇਲ੍ਹ ਦੀ ਸੈਰ ਕਰਾ ਸਕਦਾ ਹੈ | ਆਲਟ ਨਿਊਜ਼ ਦੇ ਮੁਹੰਮਦ ਜ਼ੁਬੈਰ ਇਸ ਦੀ ਤਾਜ਼ਾ ਮਿਸਾਲ ਹਨ |
ਵਿਰੋਧੀਆਂ ਦੀ ਆਵਾਜ਼ ਬੰਦ ਕਰਨ ਦਾ ਸਿਲਸਿਲਾ ਹੁਣ ਸੰਸਦ ਤੱਕ ਵੀ ਪੁਚਾ ਦਿੱਤਾ ਗਿਆ ਹੈ | ਲੋਕ ਸਭਾ ਸਕੱਤਰੇਤ ਨੇ ਅਜਿਹੇ ਸ਼ਬਦਾਂ ਤੇ ਵਾਕਾਂ ਦੀ ਇੱਕ ਲਿਸਟ ਤਿਆਰ ਕੀਤੀ ਹੈ, ਜਿਹੜੇ ਗੈਰ-ਸੰਸਦੀ ਮੰਨੇ ਜਾਣਗੇ | ਇਨ੍ਹਾਂ ਸ਼ਬਦਾਂ ਦੀ ਲਿਸਟ ਬੜੀ ਲੰਮੀ ਹੈ | ਕੁਝ ਸ਼ਬਦ ਤਾਂ ਬਿਲਕੁਲ ਆਮ ਬੋਲਚਾਲ ਵਿੱਚ ਵਰਤੇ ਜਾਂਦੇ ਹਨ, ਜਿਵੇਂ ਕਮੀਨਾ, ਦਲਾਲ, ਛੋਕਰਾ, ਸਾਨ੍ਹ, ਮਾਫ਼ੀਆ, ਟਾਊਟ, ਡਰਾਮਾ, ਤੜੀਪਾਰ, ਨੌਟੰਕੀ, ਜੁਮਲਾਜੀਵੀ, ਬਾਲ-ਬੁੱਧੀ, ਭਿ੍ਸ਼ਟ, ਪਾਖੰਡ, ਨਿਕੰਮਾ ਤੇ ਤਾਨਾਸ਼ਾਹੀ ਆਦਿ | ਗੋਦੀ ਮੀਡੀਆ ਸ਼ਬਦ ਪਤਾ ਨਹੀਂ ਕਿਉਂ ਛੱਡ ਦਿੱਤਾ ਗਿਆ ਹੈ, ਸ਼ਾਇਦ ਯਾਦ ਨਾ ਰਿਹਾ ਹੋਵੇ |
ਇਸੇ ਤਰ੍ਹਾਂ ਕੁਝ ਮੁਹਾਵਰੇ ਤੇ ਕਹਾਵਤਾਂ ਅਤੇ ਵਾਕ ਵੀ ਸੰਸਦ ਵਿੱਚ ਬੈਨ ਕਰ ਦਿੱਤੇ ਗਏ ਹਨ | ਇਨ੍ਹਾਂ ਵਿਚ ਤਲਵੇ ਚੱਟਣਾ, ਘਾਟ-ਘਾਟ ਦਾ ਪਾਣੀ ਪੀਣਾ (ਇਹ ਸ਼ਬਦ ਆਮ ਤੌਰ ਉੱਤੇ ਦਲਬਦਲੂਆਂ ਲਈ ਵਰਤਿਆ ਜਾਂਦਾ ਹੈ, ਜਿਨ੍ਹਾਂ ਦੀ ਭਾਜਪਾ ‘ਚ ਭਰਮਾਰ ਹੈ) ਠੇਂਗਾ ਦਿਖਾਉਣਾ, ਉਲਟਾ ਚੋਰ ਕੋਤਵਾਲ ਕੋ ਡਾਂਟੇ, ਮਗਰਮੱਛ ਦੇ ਹੰਝੂ ਵਹਾਉਣਾ, ਚੰਡਾਲ ਚੌਕੜੀ ਆਦਿ ਸ਼ਾਮਲ ਹਨ | ਇਸ ਦੇ ਨਾਲ ਹੀ ਜੈ ਚੰਦ ਤੇ ਸ਼ਕੁਨੀ ਸ਼ਬਦਾਂ ਨੂੰ ਵਰਤਣ ਦੀ ਵੀ ਮਨਾਹੀ ਕੀਤੀ ਗਈ ਹੈ | ਇਹ ਵੀ ਨਹੀਂ ਕਿ ਇਹ ਸ਼ਬਦ ਸਿਰਫ਼ ਵਿਰੋਧੀ ਧਿਰਾਂ ਵੱਲੋਂ ਹੀ ਵਰਤੇ ਜਾਂਦੇ ਰਹੇ ਹਨ, ਸਗੋਂ ਕਈ ਸ਼ਬਦਾਂ ਦੀ ਸ਼ੁਰੂਆਤ ਤਾਂ ਭਾਜਪਾ ਆਗੂਆਂ ਵੱਲੋਂ ਕੀਤੀ ਗਈ ਸੀ, ਪਰ ਸ਼ਬਦਾਂ ਮੁਤਾਬਕ ਆਚਰਣ ਕਰਨਾ ਭਾਜਪਾ ਦੀ ਪਛਾਣ ਬਣ ਗਏ ਹਨ | ਸੰਸਦ ਵਿੱਚ ਜਦੋਂ ਵਿਰੋਧੀ ਧਿਰਾਂ ਨੇ ਇਹ ਸਵਾਲ ਚੁੱਕਿਆ ਕਿ ਭਾਜਪਾ ਆਗੂਆਂ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਵਿਦੇਸ਼ਾਂ ਵਿੱਚੋਂ ਕਾਲਾ ਧਨ ਲਿਆ ਕੇ ਹਰ ਇੱਕ ਖਾਤੇ ਵਿੱਚ 15-15 ਲੱਖ ਰੁਪਏ ਪਾਏ ਜਾਣਗੇ, ਉਸ ਦਾ ਕੀ ਬਣਿਆ ਤਾਂ ਗ੍ਰਹਿ ਮੰਤਰੀ ਨੇ ਜਵਾਬ ਵਿੱਚ ਕਿਹਾ ਕਿ ਉਹ ਤਾਂ ਸਿਰਫ਼ ਜੁਮਲਾ ਸੀ | ਇਸ ਤੋਂ ਬਾਅਦ ਜਦੋਂ ਕਿਸਾਨ ਅੰਦੋਲਨਕਾਰੀਆਂ ਨੂੰ ਪ੍ਰਧਾਨ ਮੰਤਰੀ ਨੇ ਅੰਦੋਲਨਜੀਵੀ ਕਹਿ ਦਿੱਤਾ ਤਾਂ ਅੰਦਲਨਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਜੁਮਲਾਜੀਵੀ ਕਹਿਣਾ ਸ਼ੁਰੂ ਕਰ ਦਿੱਤਾ | ਇਸ ਤਰ੍ਹਾਂ ਇਹ ਸ਼ਬਦ ਭਾਜਪਾ ਆਗੂਆਂ ਦੀ ਪਛਾਣ ਬਣ ਗਿਆ |
ਕੁਝ ਅਜਿਹੇ ਸ਼ਬਦ ਜਾਂ ਕਹਾਵਤਾਂ ਨੂੰ ਵੀ ਗੈਰ-ਸੰਸਦੀ ਦੀ ਸ਼ੇ੍ਰਣੀ ਵਿੱਚ ਰੱਖਿਆ ਗਿਆ ਹੈ, ਜਿਨ੍ਹਾਂ ਦਾ ਕੌਮਾਂਤਰੀਕਰਨ ਹੋ ਚੁੱਕਾ ਤੇ ਅਨੇਕਾਂ ਭਾਸ਼ਾਵਾਂ ਵਿੱਚ ਲੋਕਾਂ ਦੀ ਬੋਲਚਾਲ ਦਾ ਹਿੱਸਾ ਬਣ ਚੁੱਕੇ ਹਨ | ਮਿਸਾਲ ਵਜੋਂ ‘ਮਗਰਮੱਛ ਦੇ ਹੰਝੂ’ ਅੰਗਰੇਜ਼ੀ ਵਿੱਚ ‘ਕਰੋਕੋਡਾਇਲ ਟੀਅਰਜ਼’ ਹਰ ਥਾਂ ਵਰਤਿਆ ਜਾਂਦਾ ਹੈ | ਇਹ ਕਹਾਵਤ ਉਥੇ ਵਰਤੀ ਜਾਂਦੀ ਹੈ, ਜਿੱਥੇ ਕੋਈ ਦਿਖਾਵੇ ਲਈ ਰੋਂਦਾ ਹੈ, ਜਿਵੇਂ ਕਈ ਮੌਕਿਆਂ ਉੱਤੇ ਮੋਦੀ ਸਾਹਿਬ ਟੀ ਵੀ ਉੱਤੇ ਇੰਝ ਕਰ ਚੁੱਕੇ ਹਨ | ਇਹ ਕਹਾਵਤ 14ਵੀਂ ਸਦੀ ਤੋਂ ਪ੍ਰਚੱਲਤ ਹੈ | ਇਸ ਕਹਾਵਤ ਬਾਰੇ ਖੋਜ ਕੀਤੀ ਗਈ ਤਾਂ ਇਹ ਸੱਚ ਸਾਬਤ ਹੋਈ | ਅਸਲ ਵਿੱਚ ਮਗਰਮੱਛ ਜਦੋਂ ਆਪਣੇ ਸ਼ਿਕਾਰ ਨੂੰ ਖਾਂਦਾ ਹੈ ਤਾਂ ਹੇਠਲੇ, ਉਤਲੇ ਦੰਦਾਂ ਦੇ ਟਕਰਾਉਣ ਨਾਲ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਵਗਣ ਲੱਗ ਪੈਂਦਾ ਹੈ | ਇਸੇ ਨੂੰ ਮਗਰਮੱਛ ਦੇ ਹੰਝੂ ਕਹਿੰਦੇ ਹਨ |
ਜੈ ਚੰਦ ਸ਼ਬਦ ‘ਤੇ ਵੀ ਪਾਬੰਦੀ ਲਾਈ ਗਈ ਹੇ | ਜੈਚੰਦ ਇੱਕ ਮਿਥਿਹਾਸਕ ਪਾਤਰ ਹੈ | ਰਾਜੇ ਪਿ੍ਥਵੀ ਰਾਜ ਚੌਹਾਨ ਨਾਲ ਜੈਚੰਦ ਦੀ ਧੀ ਸ਼ਕੁੰਤਲਾ ਨੇ ਉਸ ਦੀ ਮਰਜ਼ੀ ਬਿਨਾਂ ਵਿਆਹ ਕਰਵਾ ਲਿਆ ਸੀ | ਇਸ ਦਾ ਬਦਲਾ ਲੈਣ ਲਈ ਜੈਚੰਦ ਨੇ ਵਿਰੋਧੀ ਰਾਜਿਆਂ ਦੀ ਮਦਦ ਨਾਲ ਪਿ੍ਥਵੀ ਰਾਜ ਚੌਹਾਨ ਦੇ ਰਾਜ ਉੱਤੇ ਹਮਲਾ ਕਰ ਦਿੱਤਾ | ਇਸ ਕਾਰਨ ਜੈ ਚੰਦ ਗ਼ੱਦਾਰ ਸ਼ਬਦ ਦਾ ਰੂਪਕ ਬਣ ਗਿਆ | ਸਦਨ ਵਿੱਚ ਇਹ ਸ਼ਬਦ ਸੱਤਾਧਾਰੀਆਂ ਵੱਲੋਂ ਵਾਅਦਾਖਿਲਾਫ਼ੀ ਕਰਨ ਉੱਤੇ ਵਰਤਿਆ ਜਾਂਦਾ ਰਿਹਾ ਹੈ, ਜਿਸ ਉੱਤੇ ਹੁਣ ਰੋਕ ਰਹੇਗੀ |
ਸ਼ਕੁਨੀ ਸ਼ਬਦ ਛਲ-ਕਪਟ ਲਈ ਵਰਤਿਆ ਜਾਂਦਾ ਹੈ | ਮਹਾਂਭਾਰਤ ਦੇ ਪਾਤਰ ਸ਼ਕੁਨੀ ਨੂੰ ਕੁਰੂਕਸ਼ੇਤਰ ਦੇ ਯੁੱਧ ਦਾ ਦੋਸ਼ੀ ਮੰਨਿਆ ਜਾਂਦਾ ਹੈ | ਉਸ ਨੇ ਕਈ ਵਾਰ ਪਾਂਡਵਾਂ ਨਾਲ ਛਲ ਕਪਟ ਕੀਤਾ | ਉਸ ਦੇ ਇਸੇ ਚਰਿੱਤਰ ਕਾਰਨ ਜਨਤਾ ਨਾਲ ਛਲ ਕਰਨ ਲਈ ਸੱਤਾਧਾਰੀ ਆਗੂਆਂ ਲਈ ਇਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ |
ਵੱਖ-ਵੱਖ ਵਿਰੋਧੀ ਪਾਰਟੀਆਂ ਨੇ ਸਰਕਾਰ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ | ਤਿ੍ਣਮੂਲ ਕਾਂਗਰਸ ਦੇ ਡੇਰੇਕ ਓ ਬਰਾਇਨ ਨੇ ਕਿਹਾ ਹੈ ਕਿ ਸੰਸਦ ਦਾ ਅਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਆਦੇਸ਼ ਜਾਰੀ ਹੋ ਗਿਆ ਹੈ ਕਿ ਸਾਂਸਦ ਕੀ ਨਾ ਬੋਲੇ | ਉਨ੍ਹਾ ਕਿਹਾ, ”ਸ਼ਰਮ ਆਉਣੀ ਚਾਹੀਦੀ ਹੈ, ਧੋਖਾ ਦਿੱਤਾ, ਭਿ੍ਸ਼ਟ, ਪਾਖੰਡ ਵਰਗੇ ਸ਼ਬਦ ਵਰਤਣ ਦੀ ਆਗਿਆ ਨਹੀਂ ਹੋਵੇਗੀ, ਮੈਂ ਇਹ ਸਾਰੇ ਸ਼ਬਦ ਵਰਤਾਂਗਾ, ਮੈਨੂੰ ਮੁਅੱਤਲ ਕਰ ਦਿਓ, ਮੈਂ ਲੋਕਤੰਤਰ ਲਈ ਸੰਘਰਸ਼ ਕਰਦਾ ਰਹਾਂਗਾ |”
ਤਿ੍ਣਮੂਲ ਦੀ ਹੀ ਮਹੁਆ ਮੋਇਤਰਾ ਨੇ ਕਿਹਾ ਹੈ, ”ਤੁਹਾਡਾ ਮਤਲਬ ਹੈ ਕਿ ਮੈਂ ਲੋਕ ਸਭਾ ਵਿੱਚ ਖੜ੍ਹੀ ਨਹੀਂ ਹੋ ਸਕਦੀ ਅਤੇ ਇਹ ਨਹੀਂ ਕਹਿ ਸਕਦੀ ਕਿ ਕਿਵੇਂ ਇੱਕ ‘ਅਸਮਰੱਥ’ ਸਰਕਾਰ ਨੇ ਭਾਰਤੀਆਂ ਨਾਲ ‘ਧੋਖਾ’ ਕੀਤਾ ਹੈ, ਜਿਸ ਨੂੰ ਆਪਣੇ ‘ਪਾਖੰਡ’ ਉੱਤੇ ‘ਸ਼ਰਮ’ ਆਉਣੀ ਚਾਹੀਦੀ ਹੈ |” ਮੋਇਤਰਾ ਨੇ ਇੱਕ ਟਵੀਟ ਰਾਹੀਂ ਸਰਕਾਰ ਦੇ ਫ਼ੈਸਲੇ ‘ਤੇ ਵਿਅੰਗ ਕਰਦਿਆਂ ਕਿਹਾ ਹੈ, ”ਬੈਠ ਜਾਓ, ਬੈਠ ਜਾਓ, ਪ੍ਰੇਮ ਨਾਲ ਬੋਲੋ, ਗੈਰ-ਸੰਸਦੀ ਸ਼ਬਦਾਂ ਦੀ ਸੂਚੀ ਵਿੱਚ ‘ਸੰਘੀ’ ਸ਼ਬਦ ਸ਼ਾਮਲ ਨਹੀਂ ਹੈ |” ਉਨ੍ਹਾ ਅੱਗੇ ਕਿਹਾ, ”ਮੁੱਖ ਤੌਰ ਉੱਤੇ ਸਰਕਾਰ ਨੇ ਵਿਰੋਧੀ ਦਲਾਂ ਵੱਲੋਂ ਵਰਤੇ ਜਾਂਦੇ ਉਨ੍ਹਾਂ ਸਭ ਸ਼ਬਦਾਂ ਉਤੇ ਪਾਬੰਦੀ ਲਾ ਦਿੱਤੀ ਹੈ, ਜਿਨ੍ਹਾਂ ਰਾਹੀਂ ਉਹ ਦੱਸਦੇ ਹਨ ਕਿ ਕਿਵੇਂ ਭਾਜਪਾ ਭਾਰਤ ਨੂੰ ਨਸ਼ਟ ਕਰ ਰਹੀ ਹੈ |”
-ਚੰਦ ਫਤਿਹਪੁਰੀ